ਮੋਗਾ ਦੇ ਮੇਨ ਬਾਜ਼ਾਰ ਵਿਚ ਦੁਕਾਨਾਂ ਅੱਗਿਓ ਕੂੜਾ ਚੁੱਕਣ ਵਾਲੇ ਇਕ ਨੌਜਵਾਨ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਨੌਜਵਾਨ ਮੌਕੇ ‘ਤੇ ਹੀ ਦਮ ਤੋੜ ਗਿਆ। ਨੌਜਵਾਨ ਦਾ ਚੇਹਰਾ ਬੁਰੀ ਤਰ੍ਹਾਂ ਵਿਗੜ ਗਿਆ, ਜਿਸ ਕਾਰਨ ਉਸ ਦੀ ਪਛਾਣ ਵੀ ਨਹੀਂ ਹੋ ਸਕੀ। ਉਸ ਦੀ ਉਮਰ 30-32 ਸਾਲ ਦੇ ਕਰੀਬ ਜਾਪਦੀ ਹੈ।
ਜਾਣਕਾਰੀ ਮੁਤਾਬਕ ਉਕਤ ਨੌਜਵਾਨ ਬਾਜ਼ਾਰ ਵਿਚ ਦੁਕਾਨਾਂ ਅੱਗਿਓਂ ਕੂਰਾ ਚੁੱਕਣ ਦਾ ਕੰਮ ਕਰਦਾ ਸੀ। ਅੱਜ ਵੀ ਉਹ ਰੋਜ਼ਾਨਾ ਵਾਂਗ ਸਵੇਰੇ-ਸਵੇਰੇ ਕੂਰਾ ਚੁੱਕਣ ਲਈ ਆਇਆ ਸੀ, ਕਿ ਅਚਾਨਕ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੇ ਸਮਾਜ ਸੇਵੀ ਸੁਸਾਇਟੀ ਦੇ ਸਹਿਯੋਗ ਨਾਲ ਲਾਸ਼ ਨੂੰ ਪਛਾਣ ਅਤੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿਚ ਰੱਖਿਆ ਜਾ ਰਿਹਾ ਹੈ।
ਜਾਂਚ ਅਧਿਕਾਰੀ ਸਾਹਿਬ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਤਕਰੀਬਨ 5-6 ਵਜੇ ਦੀ ਹੈ, ਉੱਥੇ ਹੀ ਬਾਜਾਰ ਵਿਚ ਦੁਕਾਨਾਂ ਅੱਗੇ ਕੈਮਰੇ ਲੱਗੇ ਹੋਏ ਹਨ। ਇਨ੍ਹਾਂ ਕੈਮਰਿਆਂ ਦੀ ਫੁਟੇਜ ਚੈੱਕ ਕਰ ਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ, ਜਿਸ ਕਾਰਨ ਉਸ ਦੀ ਲਾਸ਼ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਸ਼ਨਾਖਤ ਲਈ ਰਖਵਾ ਦਿੱਤਾ ਗਿਆ ਹੈ।