ਜਲੰਧਰ, 15 ਜਨਵਰੀ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਬਰਲਟਨ ਪਾਰਕ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਕੰਮਾਂ ਦੀ ਰਫ਼ਤਾਰ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੰਦਿਆਂ ਇਸ ਪਾਰਕ ਨੂੰ ਸਪੋਰਟਸ ਹੱਬ ਦੇ ਨਾਲ-ਨਾਲ ਸ਼ਹਿਰ ਵਿੱਚ ਖਿੱਚ ਦੇ ਕੇਂਦਰ ਵਜੋਂ ਵਿਕਸਿਤ ਕਰਨ ’ਤੇ ਜ਼ੋਰ ਦਿੱਤਾ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਸਮੇਤ ਸਬੰਧਤ ਵਿਭਾਗਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਬਰਲਟਨ ਪਾਰਕ ਦੇ ਸੁੰਦਰੀਕਰਨ, ਸਾਫ-ਸਫਾਈ, ਰੌਸ਼ਨੀ ਲਈ ਢੁੱਕਵੇਂ ਪ੍ਰਬੰਧ, ਹਰਿਆਲੀ, ਚਾਰਦੀਵਾਰੀ ਆਦਿ ਚੱਲ ਰਹੇ ਕੰਮਾਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਇਨ੍ਹਾਂ ਵਿਕਾਸ ਕਾਰਜਾਂ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ।
ਡਾ. ਅਗਰਵਾਲ ਨੇ ਦੱਸਿਆ ਕਿ ਬਰਲਟਨ ਪਾਰਕ ਵਿੱਚ 30 ਫਲੱਡ ਲਾਈਟਾਂ ਲਾ ਕੇ ਸ਼ਾਮ ਸਮੇਂ ਰੌਸ਼ਨੀ ਲਈ ਢੁੱਕਵਾਂ ਪ੍ਰਬੰਧ ਕਰ ਦਿੱਤਾ ਗਿਆ ਹੈ, ਜਿਸ ਸਦਕਾ ਖਿਡਾਰੀ ਹੁਣ ਰਾਤ ਸਮੇਂ ਵੀ ਨੈੱਟ ਪ੍ਰੈਕਟਿਸ ਕਰ ਸਕਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਤੋਂ ਇਲਾਵਾ ਜੇਕਰ ਕਿਧਰੇ ਲਾਈਟਾਂ ਦੀ ਹੋਰ ਲੋੜ ਹੈ, ਤਾਂ ਉਹ ਵੀ ਜਲਦ ਤੋਂ ਜਲਦ ਲਗਵਾਈਆਂ ਜਾਣ। ਨਾਲ ਹੀ ਸਟ੍ਰੀਟ ਲਾਈਟਾਂ ਲਾਉਣ ਦੇ ਕੰਮ ਵਿੱਚ ਵੀ ਤੇਜ਼ੀ ਲਿਆਉਣ ਲਈ ਕਿਹਾ।
ਉਨ੍ਹਾਂ ਇਸ ਹਫ਼ਤੇ ਦੇ ਅਖੀਰ ਤੱਕ ਪਾਰਕ ਵਿੱਚ ਐਂਟਰੀ ਤੇ ਐਗਜ਼ਿਟ ਗੇਟ ਲਗਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇਨ੍ਹਾਂ ਗੇਟਾਂ ਨੂੰ ਸਮੇਂ ਸਿਰ ਖੋਲ੍ਹਣ ਅਤੇ ਰਾਤ ਸਮੇਂ ਬੰਦ ਕਰਨ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਕਰਮਚਾਰੀ ਦੀ ਤਾਇਨਾਤੀ ਕੀਤੀ ਜਾਵੇ ਤਾਂ ਜੋ ਪਾਰਕ ਅੰਦਰ ਆਉਣ-ਜਾਣ ਵਾਲੇ ਖਿਡਾਰੀਆਂ ਅਤੇ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਪਾਰਕ ਦੀਆਂ ਕੰਧਾਂ ’ਤੇ ਕਰਵਾਏ ਜਾ ਰਹੇ ਪੇਂਟਿੰਗ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਰਕ ਦੀ ਚਾਰਦਿਵਾਰੀ ਦੇ ਅੰਦਰ ਤੇ ਬਾਹਰ ਕਰੀਬ 40 ਪੇਂਟਿੰਗਾਂ ਬਣਵਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਨਗਰ ਨਿਗਮ ਨੂੰ ਪੂਰੀ ਚਾਰਦਿਵਾਰੀ ਨੂੰ ਰਚਨਾਤਮਕ ਅਤੇ ਆਕਰਸ਼ਕ ਪੇਂਟਿੰਗਾਂ ਨਾਲ ਕਵਰ ਕਰਨ ਲਈ ਕਿਹਾ ਤਾਂ ਜੋ ਪਾਰਕ ਨੂੰ ਹੋਰ ਖੂਬਸੂਰਤ ਦਿੱਖ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬਰਲਟਨ ਪਾਰਕ ਨੂੰ ਸਪੋਰਟਸ ਹੱਬ ਵਜੋਂ ਵਿਕਸਿਤ ਕਰਨ ਦੇ ਨਾਲ-ਨਾਲ ਇਸ ਰਾਹੀਂ ਕਲਾ ਨੂੰ ਪ੍ਰਫੁੱਲਿਤ ਕਰਨ ਦੇ ਉਪਰਾਲੇ ਵੀ ਕੀਤੇ ਜਾਣਗੇ, ਜਿਸ ਦੇ ਲਈ ਬੇਕਾਰ ਵਸਤੂਆਂ ਤੋਂ ਬਣੀਆਂ ਕਲਾਕ੍ਰਿਤੀਆਂ ਪਾਰਕ ਵਿੱਚ ਸਥਾਪਤ ਕੀਤੀਆਂ ਜਾਣਗੀਆਂ।
ਉਨ੍ਹਾਂ ਕ੍ਰਿਕਟ ਸਟੇਡੀਅਮ ਨੇੜੇ ਕੂੜੇ ਦੇ ਢੇਰ ਦੇ ਨਿਪਟਾਰੇ ਲਈ ਨਗਰ ਨਿਗਮ ਵੱਲੋਂ ਐਮ.ਆਰ.ਐਫ. ਸਬੰਧੀ ਵਿੱਢੀ ਪ੍ਰਕਿਰਿਆ ਦਾ ਵੀ ਜਾਇਜ਼ਾ ਲਿਆ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਬਰਲਟਨ ਪਾਰਕ ਦੇ ਬਾਹਰ ਦੋਵੇਂ ਪਾਸੇ ਗ੍ਰੀਨ ਬੈਲਟ ਵਿਕਸਿਤ ਕਰਨ, ਪਾਰਕ ਵਿੱਚ ਟਰੈਕ ਬਣਾਉਣ, ਪਾਣੀ ਦੇ ਪ੍ਰਬੰਧ, ਨਵੇਂ ਟਾਇਲਟਾਂ ਦੇ ਨਿਰਮਾਣ ਸਮੇਤ ਮੌਜੂਦਾ ਟਾਇਲਟਾਂ ਦੀ ਮੁਰੰਮਤ ਦੇ ਵੀ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਪੁਲਿਸ ਵਿਭਾਗ ਨੂੰ ਬਰਲਟਨ ਪਾਰਕ ਦੇ ਬਾਹਰ ਪੀ.ਸੀ.ਆਰ. ਤਾਇਨਾਤ ਕਰਨ ਲਈ ਵੀ ਕਿਹਾ।
ਮੀਟਿੰਗ ਵਿੱਚ ਏ.ਸੀ.ਪੀ. ਰਿਸ਼ਭ ਭੋਲਾ ਤੋਂ ਇਲਾਵਾ ਨਗਰ ਨਿਗਮ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।