ਵਧੀਕ ਡਿਪਟੀ ਕਮਿਸ਼ਨਰ ਵੱਲੋਂ ਲਾਧੂਕਾ ਅਤੇ ਥੇਹ ਕਲੰਦਰ ਦੀ ਦਾਣਾ ਮੰਡੀ ਦਾ ਕੀਤਾ ਗਿਆ ਦੌਰਾ

ਫਾਜ਼ਿਲਕਾ 20 ਅਪ੍ਰੈਲ  2024…


                   ਕਣਕ ਦੀ ਖਰੀਦ ਪ੍ਰਕਿਰਿਆ ਅਤੇ ਲਿਫਟਿੰਗ ਵਿੱਚ ਹੋਰ ਤੇਜ਼ੀ ਲਿਆਉਣ ਦੇ ਮਨੋਰਥ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨ.) ਸ੍ਰੀ ਰਾਕੇਸ਼ ਕੁਮਾਰ ਪੋਪਲੀ ਵੱਲੋਂ ਲਾਧੂਕਾ ਅਤੇ ਥੇਹ ਕਲੰਦਰ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਮਾਰਕਿਟ ਕਮੇਟੀ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੰਡੀ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਲੇਬਰ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਉੱਥੇ ਮੰਡੀ ਵਿੱਚ ਜਾ ਕੇ ਕਣਕ ਦੀ ਨਮੀ ਵੀ ਚੈੱਕ ਕੀਤੀ।

          ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਣਕ ਦੀ ਨਮੀ ਚੈੱਕ ਕਰਨ ਉਪਰੰਤ ਜਿਸ ਕਣਕ ਦੀ ਢੇਰੀ ਵਿੱਚ ਨਮੀ ਦੀ ਮਾਤਰਾ ਸਹੀ ਪਾਈ ਜਾਂਦੀ ਹੈ, ਉਸ ਦੀ ਤੁਰੰਤ ਹੀ ਸਾਫ ਸਫਾਈ ਕਰਕੇ ਤੁਲਾਈ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੀ ਕਣਕ ਦੀ ਫਸਲ ਪੂਰੀ ਤਰ੍ਹਾਂ ਪਕਾ ਕੇ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਫਸਲ ਵੇਚਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ ਤੇ ਜ਼ਿਆਦਾ ਦੇਰ ਮੰਡੀ ਵਿੱਚ ਨਾ ਬੈਠਣਾ ਪਵੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਸਾਫ ਸਫਾਈ ਅਤੇ ਪਾਣੀ ਦੇ ਪੂਰੀ ਤਰ੍ਹਾਂ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।

ਉਨ੍ਹਾਂ ਦੱਸਿਆ ਕਿ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਵਿਚ  61128 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 46159 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਿ ਕਿਸਾਨਾਂ ਦੀ ਖਰੀਦੀ ਕਣਕ ਦੇ ਹੁਣ ਤੱਕ 23.71 ਕਰੋੜ ਰੁਪਏ ਦੇ ਐਡਵਾਈਸ ਜਨਰੇਟ ਹੋ ਚੁੱਕੇ ਹਨ।

ਇਸ ਮੌਕੇ ਡੀਐਫਐਸਸੀ ਸ੍ਰੀ ਹਿਮਾਂਸੂ ਕੁੱਕੜ, ਜ਼ਿਲ੍ਹਾ ਮੰਡੀ ਅਫਸਰ ਜਸਮੀਤ ਸਿੰਘ ਅਤੇ ਸਕੱਤਰ ਮਾਰਕਿਟ ਕਮੇਟੀ ਮਨਦੀਪ ਰਹੇਜਾ ਸਮੇਤ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ, ਆੜ੍ਹਤੀ ਅਤੇ ਕਿਸਾਨ ਵੀ ਹਾਜ਼ਰ ਸਨ।

[wpadcenter_ad id='4448' align='none']