ਅੰਮ੍ਰਿਤਸਰ 20 ਦਸੰਬਰ –
ਮੌਸਮ ਦੇ ਮਿਜਾਜ ਨੂੰ ਵੇਖਦੇ ਹੋਏ ਪੰਜਾਬ ਵਿੱਚ ਆਲੂ ਦੀ ਫਸਲ ਨੂੰ ਭਵਿੱਖ ਵਿੱਚ ਪਿਛੇਤਾ ਝੁਲਸ ਰੋਗ ਆਉਣ ਦੀ ਸੰਭਾਵਨਾ ਹੈ। ਸਹਾਇਕ ਡਾਇਰੈਕਟਰ ਬਾਗਬਾਨੀ ਅੰਮ੍ਰਿਤਸਰ ਡਾ. ਜਸਪਾਲ ਸਿੰਘ ਢਿੱਲੋਂ ਅਤੇ ਸਟੇਟ ਨੋਡਲ ਅਫਸਰ (ਆਲੂ) ਡਾ. ਪਰਮਜੀਤ ਸਿੰਘ ਨੇ ਆਲੂਆਂ ਦੀ ਫਸਲ ਦਾ ਨਿਰੀਖਣ ਕਰਨ ਉਪਰੰਤ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਆਲੂਆਂ ਦੀ ਕਿਸਮ ਕੁਫਰੀ ਪੁਖਰਾਜ ਅਤੇ ਕੁਫਰੀ ਚੰਦਰਮੁਖੀ ਤੇ ਇਹ ਬਿਮਾਰੀ ਜਿਆਦਾ ਆਉਂਦੀ ਹੈ।
ਜਿਹਨਾਂ ਕਿਸਾਨ ਵੀਰਾਂ ਨੇ ਆਲੂ ਦੀ ਫਸਲ ਵਿਚ ਅਜੇ ਤੱਕ ਉੱਲੀਨਾਸ਼ਕ ਦਵਾਈ ਦਾ ਛਿੜਕਾਅ ਨਹੀਂ ਕੀਤਾ ਅਤੇ ਜਿਹਨਾਂ ਦੀ ਫਸਲ ਚ ਅਜੇ ਤੱਕ ਪਿਛੇਤਾ ਝੁਲਸ ਰੋਗ ਦੀ ਬਿਮਾਰੀ ਨਹੀਂ ਹੈ, ਉਹ ਆਲੂ ਦੀ ਫਸਲ ਨੂੰ ਐਟਰਾਕੋਲ/ਇਡੋਫਿਲ ਐਮ-45 ਕਵਚ ਆਦਿ ਦਵਾਈਆਂ ਨੂੰ 500 ਤੋਂ 700 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 250-300 ਲਿਟਰ ਪਾਣੀ ਵਿੱਚ ਘੋਲ ਕੇ ਹਫਤੇ ਦੇ ਵਕਫੇ ਤੇ ਸਪਰੇ ਕਰਨ।
ਜਿਹਨਾਂ ਖੇਤਾਂ ਵਿੱਚ ਇਹ ਬਿਮਾਰੀ ਆ ਚੁੱਕੀ ਹੈ ਉਥੇ ਕਿਸਾਨਾਂ ਨੂੰ ਰਿਡੋਮਿਲ ਗੋਲਡ/ਸੈਕਟਿਨ 60 ਡਬਲੂਯ ਜੀ/ ਕਾਰਜੈਟ ਐਮ-8 , 700 ਗ੍ਰਾਮ ਜਾਂ ਰੀਵਸ 250 ਐੱਸ ਸੀ 250 ਮਿਲੀ ਲੀਟਰ ਜਾਂ ਇਕੂਏਸ਼ਨ ਪ੍ਰੋ 200 ਮਿਲੀ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 250-300 ਲਿਟਰ ਪਾਣੀ ਵਿੱਚ ਘੋਲ ਕੇ 10 ਦਿਨਾਂ ਦੇ ਵਕਫੇ ਤੇ ਸਪਰੇ ਕਰਨ ਦੀ ਲੋੜ ਹੈ। ਕਿਸਾਨ ਵੀਰਾਂ ਨੂੰ ਇਸ ਗੱਲ ਦਾ ਖਿਆਲ ਵੀ ਰੱਖਣਾ ਪਏਗਾ ਕਿ ਇਕ ਹੀ ਉੱਲੀਨਾਸ਼ਕ ਦਾ ਵਾਰ ਵਾਰ ਛਿੜਕਾਅ ਨਾ ਕਰਨ ਸਗੋ ਦਵਾਈ ਬਦਲ ਕੇ ਸਪਰੇ ਕਰਨ।