ਫਾਜਿਲਕਾ 12 ਜੂਨ
ਝੋਨੇ ਦੀ ਸਿੱਧੀ ਬਿਜਾਈ ਨੂੰ ਪ੍ਰਫੁੱਲਤ ਕਰਨ ਲਈ ਮੁੱਖ ਖੇਤੀਬਾੜੀ ਅਫਸਰ ਫਾਜ਼ਲਕਾ ਡਾਕਟਰ ਜਗਸੀਰ ਸਿੰਘ ਅਤੇ ਬਲਾਕ ਖੇਤੀਬਾੜੀ ਅਫਸਰ ਡਾਕਟਰ ਬਲਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਦੇ ਸਟਾਫ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਦਿੱਤੀ ਗਈ। ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਬੀਟੀਐਮ ਰਾਜ ਦਵਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਘੱਟ ਸਮਾਂ ਲੈਣ ਵਾਲੀਆਂ ਅਤੇ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ। ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਜਾਈ ਇਕ ਜੂਨ ਤੋਂ 15 ਜੂਨ ਤੱਕ ਕੀਤੀ ਜਾਵੇ ਅਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਜਾਈ 15 ਜੂਨ ਤੋਂ 30 ਜੂਨ ਤੱਕ ਕੀਤੀ ਜਾਵੇ । ਬਿਜਾਈ ਲਈ 8 ਤੋਂ 10 ਕਿਲੋ ਬੀਜ ਦੀ ਵਰਤੋਂ ਕੀਤੀ ਜਾਵੇ ਬੀਜ ਬੀਜਣ ਤੋਂ ਪਹਿਲਾਂ 8 ਤੋਂ 10 ਘੰਟੇ ਪਾਣੀ ਵਿੱਚ ਭਿਓ ਲਿਆ ਜਾਵੇ ਅਤੇ ਛਾਵੇਂ ਸੁਕਾ ਕੇ ਬੀਜ ਨੂੰ ਸਪਰਿੰਟ ਦਵਾਈ ਨਾਲ ਸੋਧ ਲਿਆ ਜਾਵੇ ਇਸ ਤਰ੍ਹਾਂ ਕਰਨ ਨਾਲ ਮਿੱਟੀ ਅਤੇ ਬੀਜ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਤਰਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿਲ ਦੀ ਦੀ ਵਰਤੋਂ ਕੀਤੀ ਜਾਵੇ। ਬਿਜਾਈ ਤੋਂ 21 ਦਿਨ ਬਾਅਦ ਖੇਤ ਨੂੰ ਪਹਿਲਾ ਪਾਣੀ ਲਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਪੰਜ ਤੋਂ ਸੱਤ ਦਿਨਾਂ ਦੇ ਵਕਫੇ ਨਾਲ ਖੇਤ ਨੂੰ ਪਾਣੀ ਲਾਇਆ ਜਾਵੇ। ਨਦੀਨਾਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਿਸ਼ਾਂ ਮੁਤਾਬਕ ਨਦੀਨ ਨਾਸ਼ਕ ਦਵਾਈਆਂ ਦਾ ਸਮੇਂ ਸਿਰ ਸਪਰੇ ਕੀਤਾ ਜਾਵੇ ਨਦੀਨ ਨਾਸ਼ਕ ਦਾ ਸਪਰੇ ਹਮੇਸ਼ਾ ਚੰਗੇ ਵੱਤਰ ਵਿੱਚ ਕੀਤਾ ਜਾਵੇ। ਚੋਬੇ ਦੀ ਸਮੱਸਿਆ ਦੇ ਹੱਲ ਲਈ ਅਗੇਤੀ ਬਿਜਾਈ ਨਾ ਕੀਤੀ ਜਾਵੇ, ਬਿਜਾਈ ਲਈ ਬੀਜ ਘਰ ਦਾ ਤਿਆਰ ਕੀਤਾ ਜਾਵੇ ਅਤੇ ਖੇਤ ਵਿੱਚ ਉਹ ਕਿਸਮ ਹੀ ਬੀਜੀ ਜਾਵੇ ਜੋ ਪਿਛਲੇ ਸਾਲ ਬੀਜੀ ਗਈ ਸੀ। ਪਾਣੀ ਦੀ ਸੁਚੱਜੀ ਵਰਤੋਂ ਲਈ ਕਿਆਰੇ ਛੋਟੇ ਪਾਏ ਜਾਣ। ਪਰਮਲ ਝੋਨੇ ਨੂੰ 130 ਕਿਲੋ ਯੂਰੀਆ ਤਿੰਨ ਕਿਸ਼ਤਾਂ ਵਿੱਚ ਵੰਡ ਕੇ ਪਾਈ ਜਾਵੇ ਅਤੇ ਬਾਸਮਤੀ ਝੋਨੇ ਲਈ 54 ਕਿਲੋ ਯੂਰੀਆ ਬਰਾਬਰ ਤਿੰਨ ਕਿਸ਼ਤਾਂ ਵਿੱਚ ਪਾਈ ਜਾਵੇ ਲੋਹੇ ਦੀ ਘਾਟ ਨੂੰ ਪੂਰਾ ਕਰਨ ਲਈ ਇੱਕ ਕਿਲੋ ਫੈਰਸ ਸਲਫੇਟ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇ ਕੀਤਾ ਜਾਵੇ। ਇਸ ਮੌਕੇ ਉੱਪਰ ਖੇਤੀਬਾੜੀ ਵਿਭਾਗ ਵੱਲੋਂ ਏਐਸਆਈ ਸੁਖਦੀਪ ਸਿੰਘ ਅਤੇ ਜੇਟੀ ਤਰਸੇਮ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।