ਨਵਾਂ ਗਾਓਂ (ਐਸ ਏ ਐਸ ਨਗਰ), 06 ਸਤੰਬਰ, 2024:
ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਪ੍ਰਾਹੁਣਚਾਰੀ ਮੰਤਰੀ, ਅਨਮੋਲ ਗਗਨ ਮਾਨ ਨੇ ਕਿਹਾ ਕਿ ਖਰੜ ਵਿਧਾਨ ਸਭਾ ਹਲਕੇ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ ਅਤੇ ਬਹੁਤ ਸਾਰੇ ਪ੍ਰਮੁੱਖ ਪ੍ਰੋਜੈਕਟ ਜੰਗੀ ਪੱਧਰ ਤੇ ਚੱਲ ਰਹੇ ਹਨ ਜੋ ਜਲਦੀ ਹੀ ਪੂਰੇ ਕਰਕੇ ਹਲਕਾ ਵਾਸੀਆਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ।
ਅੱਜ ਨਵਾਂ ਗਾਓਂ ਵਿਖੇ 18.5 ਐਮ ਐਲ ਡੀ (ਮਿਲੀਅਨ ਲੀਟਰਜ਼ ਪ੍ਰਤੀ ਦਿਨ) ਸੀਵਰੇਜ ਟਰੀਟਮੈਂਟ ਪਲਾਂਟ ਦੀ ਉਸਾਰੀ ਅਤੇ 4.2 ਕਿਲੋਮੀਟਰ ਲੰਬੀ ਸੀਵਰ ਲਾਈਨ ਵਿਛਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆਂ ਮੰਤਰੀ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਨਾਲ ਉਨ੍ਹਾਂ ਦੇ ਵਿਧਾਇਕ ਤੋਂ ਸਾਰੀਆਂ ਉਮੀਦਾਂ ‘ਤੇ ਖਰਾ ਉਤਰਨ ਦਾ ਚੋਣਾਂ ਦੌਰਾਨ ਜੋ ਵਾਅਦਾ ਕੀਤਾ ਗਿਆ ਸੀ, ਉਸ ਨੂੰ ਹਰ ਹਾਲਤ ਚ ਨਿਭਾਇਆ ਜਾਵੇਗਾ ਅਤੇ ਅੱਜ ਸ਼ੁਰੂ ਕੀਤਾ ਗਿਆ 58.10 ਕਰੋੜ ਦੀ ਲਾਗਤ ਨਾਲ ਇਹ ਪ੍ਰਾਜੈਕਟ, ਫਰਵਰੀ 2026 ਤੱਕ ਪੂਰਾ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਇਸ ਪ੍ਰਾਜੈਕਟ ਨੂੰ ਬਹੁਤ ਪਹਿਲਾਂ ਮਨਜ਼ੂਰੀ ਦਿੱਤੀ ਗਈ ਸੀ ਪਰ ਐਸ ਟੀ ਪੀ ਲਈ ਲੋੜੀਂਦੀ ਢੁਕਵੀਂ ਜਗ੍ਹਾ ਦੀ ਚੋਣ ਕਰਨ ਵਿੱਚ ਸਮੱਸਿਆ ਦੇਰੀ ਦਾ ਕਾਰਨ ਬਣੀ ਅਤੇ ਉਹ ਇਸ ਪ੍ਰਾਜੈਕਟ ਦੀ ਜਗ੍ਹਾ ਦੀ ਠੋਸ ਨਿਸ਼ਾਨਦੇਹੀ ਨਾ ਹੋਣ ਕਾਰਨ ਇਸ ਨੂੰ ਅਧੂਰਾ ਨਹੀਂ ਛੱਡਣਾ ਚਾਹੁੰਦੇ ਸਨ। ਹੁਣ, ਥਾਂ ਦੀ ਚੋਣ ਕਰ ਲਈ ਗਈ ਹੈ ਅਤੇ ਪ੍ਰੋਜੈਕਟ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਨਵਾਂ ਗਾਓਂ ਦੀ ਵਧਦੀ ਆਬਾਦੀ ਕਾਰਨ ਅਤੇ ਲੋੜੀਂਦੇ ਸੀਵਰੇਜ ਸਿਸਟਮ ਦੀ ਘਾਟ ਕਾਰਨ ਘਰਾਂ ਚੋਂ ਗੰਦੇ ਪਾਣੀ ਦੀ ਸਮੱਸਿਆ ਤੋਂ ਭਲੀ ਭਾਂਤ ਵਾਕਿਫ ਹਨ। ਕੈਬਿਨਟ ਮੰਤਰੀ ਨੇ ਨਵਾਂ ਗਾਓਂ ਵਿਖੇ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੀਵਰ ਪ੍ਰੋਜੈਕਟ ਇੱਥੋਂ ਦੇ ਵਸਨੀਕਾਂ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਲੰਬੇ ਸਮੇਂ ਦੇ ਹੱਲ ਵਜੋਂ ਬਿਹਤਰ ਤਰੀਕੇ ਨਾਲ ਪੂਰਾ ਕਰੇਗਾ।
ਕੈਬਿਨਟ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪਹਿਲਾਂ ਹੀ ਖਰੜ ਹਲਕੇ ਲਈ 200 ਕਰੋੜ ਰੁਪਏ ਦੇ ਚਾਰ ਸੀਵਰੇਜ ਪ੍ਰੋਜੈਕਟਾਂ ਤੋਂ ਇਲਾਵਾ ਖਰੜ ਅਤੇ ਕੁਰਾਲੀ ਲਈ 200 ਕਰੋੜ ਰੁਪਏ ਦੇ ਸਰਫੇਸ (ਨਹਿਰ) ਜਲ ਸਪਲਾਈ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਚੁੱਕੀ ਹੈ।
ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਧੋਖੇਬਾਜ਼ ਲੋਕਾਂ ਤੋਂ ਦੂਰ ਰਹਿਣ ਲਈ ਸੁਚੇਤ ਕੀਤਾ ਜੋ ਲੋਕਾਂ ਨੂੰ ਉਨ੍ਹਾਂ ਨਾਲ ਮਿਲਾਉਣ ਜਾਂ ਕੋਈ ਕੰਮ ਕਰਵਾਉਣ ਲਈ ਉਨ੍ਹਾਂ ਦੇ ਨਾਮ ਦੀ ਦੁਰ-ਵਰਤੋਂ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਮੱਸਿਆ ਦੇ ਹੱਲ ਲਈ ਸਾਰੇ ਹਲਕਾ ਨਿਵਾਸੀਆਂ ਦਾ ਉਨ੍ਹਾਂ ਦੇ ਘਰ ਨਿੱਘਾ ਸਵਾਗਤ ਹੈ।
ਕੈਬਿਨਟ ਮੰਤਰੀ ਨੇ ਗੈਰ-ਕਾਨੂੰਨੀ ਅਤੇ ਅਣ-ਅਧਿਕਾਰਤ ਕਲੋਨੀਆਂ ਵਿੱਚ 500 ਵਰਗ ਗਜ਼ ਤੱਕ ਦੇ ਰਿਹਾਇਸ਼ੀ ਪਲਾਟਾਂ ਦੀ ਐਨ.ਓ.ਸੀ. ਮੁਆਫ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਐਨ.ਓ.ਸੀ. ਦੀ ਸ਼ਰਤ ਮੁਆਫ਼ ਕਰਨਾ ਵੀ ਇਸੇ ਦਾ ਇੱਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਲੋਕ 2 ਨਵੰਬਰ ਤੱਕ ਚੱਲਣ ਵਾਲੀ ਇਸ ਮੁਆਫੀ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਿਨਟ ਮੰਤਰੀ ਨੂੰ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ ਦਾ ਭਰੋਸਾ ਦਿਵਾਇਆ ਤਾਂ ਜੋ ਵਧਦੀ ਆਬਾਦੀ ਦੀਆਂ ਲੋੜਾਂ ਅਨੁਸਾਰ ਗੰਦੇ ਪਾਣੀ ਦੀ ਸਮੱਸਿਆ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲ ਸਕੇ। ਐਸ ਡੀ ਐਮ ਖਰੜ ਗੁਰਮੰਦਰ ਸਿੰਘ ਨੇ ਕੈਬਿਨਟ ਮੰਤਰੀ ਦਾ ਸਵਾਗਤ ਕੀਤਾ।
ਇਸ ਮੌਕੇ ਏ.ਡੀ.ਸੀ (ਯੂ.ਡੀ.) ਦਮਨਜੀਤ ਸਿੰਘ ਮਾਨ, ਸ੍ਰੀਮਤੀ ਸ਼ੀਲਮ ਸੋਹੀ, ਈ.ਓ. ਰਵੀ ਕੁਮਾਰ ਜਿੰਦਲ, ਸ਼ਹਿਰ ਦੇ ਕੌਂਸਲਰ ਅਤੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।