ਫਿਰੋਜ਼ਪੁਰ, 23 ਮਈ 2024 :
ਕੇਂਦਰੀ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਦੇਸ਼ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਯੋਜਨਾ ਅਧੀਨ ਸ਼ਾਨਦਾਰ ਪ੍ਰਾਪਤੀਆਂ ਵਾਲੇ ਹੋਣਹਾਰ ਤੇ ਬਹਾਦਰ ਬੱਚਿਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਣਾ ਹੈ। ਕੋਈ ਵੀ ਬੱਚਾ ਜਿਸ ਦੀ ਉਮਰ 5 ਸਾਲ ਤੋਂ 18 ਸਾਲ (31 ਜੁਲਾਈ 2024 ਤੱਕ) ਹੋਵੇ, ਜੋ ਭਾਰਤੀ ਨਾਗਰਿਕ ਹੋਵੇ ਅਤੇ ਭਾਰਤ ਵਿੱਚ ਰਹਿ ਰਿਹਾ ਹੋਵੇ, ਇਸ ਪੁਰਸਕਾਰ ਲਈ ਅਰਜ਼ੀ ਦੇ ਸਕਦਾ ਹੈ। ਇਹ ਅਰਜ਼ੀਆਂ ਸਿਰਫ਼ ਆਨਲਾਈਨ ਪੋਰਟਲ https://awards.gov.in ‘ਤੇ ਪ੍ਰਾਪਤ ਕੀਤੀਆਂ ਜਾਣੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦਿੱਤੀ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਅਪਲਾਈ ਕਰਨ ਲਈ ਅਰਜੀਆਂ ਸਿਰਫ ਆਨਲਾਈਨ ਪੋਰਟਲ ਰਾਹੀ ਮਿਤੀ 31 ਜੁਲਾਈ 2024 ਤੱਕ ਭਰੀਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 5 ਤੋਂ 18 ਸਾਲ ਤੱਕ ਦੀ ਉਮਰ ਵਾਲੇ ਹੋਣਹਾਰ ਬੱਚੇ ਜਿਨ੍ਹਾਂ ਨੇ ਸੱਭਿਆਚਾਰ ਅਤੇ ਨਵੀਨਤਾ, ਖੇਡਾਂ, ਸਮਾਜ ਸੇਵਾ, ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਣ ਅਤੇ ਕਲਾ ਦੇ ਖੇਤਰਾਂ ਵਿੱਚ ਸਮਾਜ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ ਉਹ ਰਾਸ਼ਟਰੀ ਪੱਧਰ ‘ਤੇ ਮਾਨਤਾ ਦੇ ਹੱਕਦਾਰ ਹਨ। ਇਸ ਲਈ ਉਨ੍ਹਾਂ ਉਪਰੋਕਤ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਫਿਰੋਜ਼ਪੁਰ ਜ਼ਿਲ੍ਹੇ ਦੇ ਹੋਣਹਾਰ ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਅਪਲਾਈ ਕਰਨ ਲਈ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪੋਰਟਲ ‘ਤੇ ਦੋ ਵਿਕਲਪ ਹਨ ਜਿਵੇਂ ਕਿ ਜਾਂ ਤਾਂ ਬਿਨੈਕਾਰ ਬੱਚਾ ਖੁਦ ਫਾਰਮ ਭਰ ਸਕਦਾ ਹੈ ਜਾਂ ਫ਼ਿਰ ਬੱਚੇ ਦੇ ਮਾਤਾ-ਪਿਤਾ/ਅਧਿਕਾਰੀ/ਅਧਿਆਪਕ ਆਦਿ ਵੀ ਬੱਚੇ ਨੂੰ ਨਾਮਜ਼ਦ ਕਰ ਸਕਦੇ ਹਨ। ਇਹ ਪੁਰਸਕਾਰ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦੁਆਰਾ ਨਵੀਂ ਦਿੱਲੀ ਵਿਖੇ ਇੱਕ ਵਿਸ਼ੇਸ਼ ਸਮਾਰੋਹ ਵਿੱਚ ਪ੍ਰਦਾਨ ਕੀਤੇ ਜਾਣਗੇ। ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫ਼ਿਰੋਜ਼ਪੁਰ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ।