ਬੱਚਿਆਂ ਦਾ ਯੌਨ ਸ਼ੋਸ਼ਣ ਪ੍ਰਤੀ ਜਾਗਰੂਕ ਹੋਣਾਲਾਜ਼ਮੀ-ਜੱਜ ਗੁਰਜੀਤ ਕੌਰ ਢਿੱਲੋਂ

ਮਾਨਸਾ, 18 ਦਸੰਬਰ:
ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸ਼ੂਅਲ ਆਫੈਂਸਸ (ਪੋਕਸੋ) ਐਕਟ ਬੱਚਿਆਂ ਦਾ ਯੌਨ ਸ਼ੋਸ਼ਣ ਰੋਕਣ ਲਈ ਬਹੁਤ ਮਹੱਤਵਪੂਰਨ ਐਕਟ ਹੈ। ਬੱਚਿਆਂ ਨੂੰ ਯੌਨ ਸ਼ੋਸ਼ਣ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਜਦੋਂ ਵੀ ਇਸ ਸੰਬੰਧੀ ਕੋਈ ਮਾਮਲਾ ਆਉਂਦਾ ਹੈ ਤਾਂ ਪੀੜਿਤ ਬੱਚੇ ਨੂੰ ਤੁਰੰਤ ਆਪਣੇ ਮਾਪਿਆਂ, ਅਧਿਆਪਕਾਂ ਜਾਂ ਭਰੋਸੇਮੰਦ ਜਾਣਕਾਰਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਅਤੇ ਕਮਿਊਨਿਟੀ ਪੁਲਿਸ ਅਧਿਕਾਰੀਆਂ ਨੂੰ ਇਸ ਐਕਟ ਦੀ ਸੰਜੀਦਗੀ ਸਮਝਣ ਦੀ ਲੋੜ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਜੀਤ ਕੌਰ ਢਿੱਲੋਂ ਨੇ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸਕੂਲ, ਭੀਖੀ  ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪੋਕਸੋ ਐਕਟ ਵਿੱਚ ਜਿੱਥੇ ਬੱਚਿਆਂ ਦੇ ਯੌਨ ਸ਼ੋਸ਼ਣ ਨਾਲ ਸਬੰਧਤ ਜੁਰਮ ਦੀ ਵਿਵਸਥਾ ਹੈ ਉੱਥੇ ਉੱਥੇ ਇਹ ਐਕਟ ਸੰਬੰਧਤ ਪੁਲਿਸ ਅਧਿਕਾਰੀਆਂ ਦੀ ਜਿੰਮੇਵਾਰੀ ਸੰਬੰਧੀ ਵੀ ਚੌਕਸ ਕਰਦਾ ਹੈ। ਇਸ ਲਈ ਇਨ੍ਹਾਂ ਮਾਮਲਿਆਂ ਨੂੰ ਨਜਿੱਠਣ ਲਈ ਪੁਲਿਸ ਅਧਿਕਾਰੀਆਂ ਨੂੰ ਪ੍ਰੋਫੈਸ਼ਨਲ ਪਹੁੰਚ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਦੇ ਬੱਚੇ ਆਪਣੇ ਆਸ-ਪਾਸ ਹੁੰਦੀਆਂ ਕਿਰਿਆਵਾਂ ਅਤੇ ਘਟਨਾਵਾਂ ਪ੍ਰਤੀ ਸੁਚੇਤ ਰਹਿਣ, ਕਿਸੇ ਕਿਸਮ ਦੀ ਪ੍ਰੇਸ਼ਾਨੀ ਆਉਣ ’ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕਰਨ।
ਇਸ ਮੌਕੇ ਕਾਊਸਲਰ ਜਿਲਾ ਬਾਲ ਸਰੁੱਖਿਆ ਦਫਤਰ ਰਜਿੰਦਰ ਵਰਮਾ ਨੇ ਬੱਚਿਆ ਨੂੰ ਉਨ੍ਹਾਂ ਦੇ ਆਧਿਕਾਰਾਂ, ਬਾਲ ਵਿਆਹ, ਬਾਲ ਮਜਦੂਰੀ ਬਾਰੇ ਸੁਚੇਤ ਕੀਤਾ ਉੱਥੇ ਹੀ ਉਨ੍ਹਾਂ ਨੂੰ ਵਧੀਆ ਇਨਸਾਨ ਬਣਨ ਲਈ ਤੇ ਵਧੀਆ ਪੜਾਈ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨ ਮੌਜੂਦ ਸਨ।

[wpadcenter_ad id='4448' align='none']