ਲੁਧਿਆਣਾ ਦੇ ਦੀਪ ਹਸਪਤਾਲ ‘ਚ ਜ਼ੇਰੇ ਇਲਾਜ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦਾ ਹਾਲ ਜਾਨਣ ਲਈ ਗਾਇਕ ਬੱਬੂ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਦੌਰਾਨ ਜਿੱਥੇ ਉਹ ਛਿੰਦਾ ਦੇ ਸਪੁੱਤਰ ਮਨਿੰਦਰ ਛਿੰਦਾ ਅਤੇ ਸਿਮਰਨ ਛਿੰਦਾ ਨੂੰ ਮਿਲੇ ਉੱਥੇ ਨਾਲ ਹੀ ਸੁਰਿੰਦਰ ਛਿੰਦਾ ਦਾ ਇਲਾਜ ਕਰ ਰਹੇ ਡਾ. ਗੁਰਪ੍ਰੀਤ ਸਿੰਘ ਨਾਲ ਵੀ ਗੱਲ ਕੀਤੀ। ਮਨਿੰਦਰ ਛਿੰਦਾ ਤੇ ਸਿਮਰਨ ਛਿੰਦਾ ਨੂੰ ਹੌਸਲਾ ਦਿੰਦੇ ਹੋਏ ਬੱਬੂ ਮਾਨ ਨੇ ਉਸਤਾਦ ਗਾਇਕ ਛਿੰਦਾ ਦੇ ਛੇਤੀ ਹੀ ਤੰਦਰੁਸਤ ਹੋਣ ਦੀ ਕਾਮਨਾ ਵੀ ਕੀਤੀ। ਬੱਬੂ ਮਾਨ ਦੇ ਆਉਣ ਦੀ ਛਿੰਦਾ ਦੇ ਸਪੁੱਤਰ ਸਿਮਰਨ ਛਿੰਦਾ ਨੇ ਖੁਦ ਪੁਸ਼ਟੀ ਕੀਤੀ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗਾਇਕ ਹੰਸ ਰਾਜ ਹੰਸ ਵੀ ਗਾਇਕ ਛਿੰਦਾ ਦਾ ਪਤਾ ਲੈਣ ਲਈ ਹਸਪਤਾਲ ਆਏ ਸਨ। ਉਨ੍ਹਾਂ ਦਾ ਹਾਲ ਜਾਨਣ ਲਈ ਸ੍ਰੋਮਣੀ ਗਾਇਕ ਪਾਲੀ ਦੇਤਵਾਲੀਆ, ਸੁੱਖ ਚਮਕੀਲਾ, ਜਸਵੰਤ ਸੰਦੀਲਾ, ਰਵਿੰਦਰ ਰੰਗੂਵਾਲ ਵੀ ਪਹੁੰਚੇ।
ਇਸ ਮੌਕੇ ਗੱਲ ਕਰਦੇ ਹੋਏ ਸੰਦੀਲਾ ਨੇ ਕਿਹਾ ਕਿ ਅਜਿਹੇ ਅਨਮੋਲ ਹੀਰੇ ਦੁਨੀਆਂ ਵਿੱਚ ਕਦੇ ਕਦੇ ਆਉਂਦੇ ਹਨ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਕਾਮਨਾ ਕਰਨੀ ਚਾਹੀਦੀ ਹੈ ਨਾ ਕਿ ਅਫਵਾਹਾਂ ਫੈਲਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਖਬਰਾਂ ਨਾਲ ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ। ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਨੇ ਵੀ ਗਾਇਕ ਸੁਰਿੰਦਰ ਛਿੰਦਾ ਦੀ ਸਿਹਤਯਾਬੀ ਲਈ ਕਾਮਨਾ ਕੀਤੀ। ਜਿਕਰਯੋਗ ਹੈ ਕਿ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਹਾਲਤ ਨਾਜ਼ੁਕ ਹੈ ਅਤੇ ਉਹ ਲੁਧਿਆਣਾ ਦੇ ਮਾਡਲ ਟਾਊਨ ਵਿਖੇ ਸਥਿੱਤ ਦੀਪ ਹਸਪਤਾਲ ਵਿੱਚ ਵੈਂਟੀਲੇਟਰ ‘ਤੇ ਹਨ। ਸ਼ੋਸ਼ਲ ਮੀਡੀਆ ਤੇ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਆਪਣੇ ਮਹਿਬੂਬ ਕਲਾਕਾਰ ਦੀ ਸਿਹਤਯਾਬੀ ਲਈ ਦੁਆਵਾਂ ਦਾ ਦੌਰ ਲਗਾਤਾਰ ਜਾਰੀ ਹੈ।