ਹੁਸ਼ਿਆਰਪੁਰ, 12 ਜਨਵਰੀ : ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਸੰਦੀਪ ਸੈਣੀ ਨੇ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਬਿਨੈਕਾਰਾਂ ਨੂੰ ਸਵੈ-ਰੋਜ਼ਗਾਰ ਸਥਾਪਤ ਕਰਨ ਲਈ ਘੱਟ ਵਿਆਜ ਦੀਆਂ ਦਰ੍ਹਾਂ ’ਤੇ 59 ਲੱਖ ਰੁਪਏ ਦੇ ਕਰਜ਼ੇ ਲਈ ਅਰਜ਼ੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਦੇ ਚੇਅਰਮੈਨ ਸੰਦੀਪ ਸੈਣੀ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਪੋਰੇਸ਼ਨ ਦੇ ਜਿਲਾ ਦਫਤਰ ਵਲੋੰ ਲੰਘੀ 9 ਜਨਵਰੀ ਨੂੰ ਸਥਾਨਕ ਜ਼ਿਲ੍ਹਾ ਭਲਾਈ ਦਫਤਰ ਵਿਖੇ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਕਰਵਾਈ ਗਈ, ਜਿਸ ਵਿੱਚ ਕਮੇਟੀ ਵਲੋੰ ਇਨ੍ਹਾਂ ਕਰਜਿਆ ਲਈ ਬਿਨੈ-ਪੱਤਰਾਂ ਨੂੰ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਨਾਲ ਸਬੰਧਤ ਬਿਨੈਕਾਰਾਂ ਵਲੋਂ ਸਕਰੀਨਿੰਗ ਕਮੇਟੀ ਦੀ ਮੀਟਿੰਗ ਵਿੱਚ ਹਿੱਸਾ ਲਿਆ ਗਿਆ, ਜਿੱਥੇ ਵੱਖ—ਵੱਖ ਕਾਰੋਬਾਰ ਖੋਲ੍ਹਣ ਸਬੰਧੀ ਕਰਜਾ ਲੈਣ ਲਈ ਅਰਜੀਆਂ ਪੇਸ਼ ਕੀਤੀਆਂ ਗਈਆਂ।
ਚੇਅਰਮੈਨ ਸੰਦੀਪ ਸੈਣੀ ਨੇ ਦੱਸਿਆ ਕਿ ਕਮੇਟੀ ਵਿੱਚ ਹਾਜ਼ਰ 14 ਬਿਨੈਕਾਰਾਂ ਵੱਲੋ 10 ਅਰਜੀਆਂ ਐਨ.ਐਮ.ਡੀ. ਸਕੀਮ ਅਧੀਨ, 4 ਅਰਜੀਆਂ ਐਨ.ਬੀ.ਸੀ. ਸਕੀਮ ਸਮੇਤ ਡੇਅਰੀ ਫਾਰਮਿੰਗ, ਫੈਬਰੀਕੇਸ਼ਨ ਯੂਨਿਟ, ਰੈਡੀਮੇਡ ਗਾਰਮੈਂਟਸ, ਸੈਨੇਟਰੀ ਸ਼ਾਪ, ਸਬਜ਼ੀਆਂ ਉਗਾਉਣ, ਖੇਤੀਬਾੜੀ ਸੰਦਾਂ, ਫੋਟੋਗ੍ਰਾਫੀ ਅਤੇ ਹਾਰਡਵੇਅਰ ਆਦਿ ਵੱਖ—ਵੱਖ ਕਾਰੋਬਾਰਾਂ ਲਈ ਕੁੱਲ 59.00 ਲੱਖ ਰੁਪਏ ਦੀਆਂ ਕਰਜਾ ਅਰਜੀਆਂ ਕਮੇਟੀ ਵੱਲੋਂ ਪ੍ਰਵਾਨ ਕੀਤੀਆਂ ਗਈਆਂ ।
ਜਿਕਰਯੋਗ ਹੈ ਕਿ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਵਿੱਚ ਉਪ ਅਰਥ ਅਤੇ ਅੰਕੜਾ ਸਲਾਹਕਾਰ ਸੁਨੀਤਾ ਪਾਲ,, ਪੰਜਾਬ ਨੈਸ਼ਨਲ ਬੈਂਕ ਤੋਂ ਲੀਡ ਬੈਂਕ ਮੈਨੇਜਰ ਜੁਝਾਰ ਸਿੰਘ, ਉਦਯੋਗ ਕੇਂਦਰ ਵੱਲੋਂ ਅਭਿਸ਼ੇਕ ਅਤੇ ਆਡਿਟ ਅਫ਼ਸਰ-ਕਮ-ਮੈਂਬਰ ਸਕੱਤਰ ਰਾਜ ਕੁਮਾਰ ਨੇ ਵੀ ਹਿੱਸਾ ਲਿਆ। ਆਡਿਟ ਅਫ਼ਸਰ-ਕਮ-ਮੈਂਬਰ ਸਕੱਤਰ ਰਾਜ ਕੁਮਾਰ ਨੇ ਦੱਸਿਆ ਕਿ ਬੈਕਫਿੰਕੋ ਸਿੱਧਾ ਕਰਜਾ ਸਕੀਮ ਅਧੀਨ ਪੰਜਾਬ ਰਾਜ ਦੇ ਪੱਛੜੇ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਲੋਕਾਂ, ਜਿਨ੍ਹਾਂ ਦੀ ਸਲਾਨਾ ਆਮਦਨ 1.00 ਲੱਖ ਰੁਪਏ ਤੋਂ ਘੱਟ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ (ਸਿੱਖ, ਕ੍ਰਿਸਚੀਅਨ, ਮੁਸਲਿਮ, ਪਾਰਸੀ, ਬੋਧੀ ਅਤੇ ਜੈਨੀ) ਵਰਗਾਂ ਦੇ ਲੋਕ, ਜਿਨ੍ਹਾਂ ਦੀ ਸਲਾਨਾ ਆਮਦਨ 3.00 ਲੱਖ ਰੁਪਏ ਹੈ, ਦਾ ਆਰਥਿਕ ਮਿਆਰ ਉੱਚਾ ਚੁੱਕਣ ਲਈ ਸਵੈ-ਰੋਜ਼ਗਾਰ ਸਕੀਮਾਂ ਤਹਿਤ 5.00 ਲੱਖ ਰੁਪਏ ਤੱਕ ਦੇ ਕਰਜੇ 7-8 ਫੀਸਦੀ ਸਾਲਾਨਾ ਵਿਆਜ ਦੀ ਦਰ ’ਤੇ ਮੁਹੱਈਆ ਕਰਵਾਉਂਦੀ ਹੈ। ਇਸ ਤੋਂ ਇਲਾਵਾ ਬੈਕਫਿੰਕੋ ਵੱਲੋਂ ਰਾਸ਼ਟਰੀ ਪੱਛੜੀਆਂ ਸ਼੍ਰੇਣੀਆਂ ਵਿੱਤ ਅਤੇ ਵਿਕਾਸ ਕਾਰਪੋਰੇਸ਼ਨ ਅਧੀਨ ਪੱਛੜੀਆਂ ਸ਼੍ਰੇਣੀਆਂ ਅਤੇ ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿਤ ਕਾਰਪੋਰੇਸ਼ਨ ਅਧੀਨ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਲਈ ਪ੍ਰੋਫੈਸ਼ਨਲ ਅਤੇ ਤਕਨੀਕੀ ਸਿੱਖਿਆ ਗ੍ਰੈਜੂਏਟ ਅਤੇ ਇਸ ਤੋਂ ਅੱਗੇ ਦੀ ਉਚੇਰੀ ਸਿੱਖਿਆ ਲਈ ਐਜੂਕੇਸ਼ਨ ਲੋਨ ਸਕੀਮ ਤਹਿਤ ਕਰਜੇ ਦਿੱਤੇ ਜਾਂਦੇ ਹਨ। ਇਹ ਕਰਜਾ ਐਨ.ਬੀ.ਸੀ. ਸਕੀਮ ਅਧੀਨ ਭਾਰਤ ਅਤੇ ਵਿਦੇਸ਼ ਵਿੱਚ ਪੜ੍ਹਾਈ ਕਰਨ ਲਈ 15.00 ਲੱਖ ਰੁਪਏ (ਕੋਰਸ ਫੀਸ ਦਾ 90 ਫੀਸਦੀ) ਤੱਕ ਦਾ ਕਰਜਾ 8 ਫੀਸਦੀ ਸਲਾਨਾ ਵਿਆਜ ਦਰ ’ਤੇ ਅਤੇ ਐਨ.ਐਮ.ਡੀ. ਸਕੀਮ ਅਧੀਨ 20.00 ਲੱਖ ਰੁਪਏ ਦਾ ਕਰਜਾ ਭਾਰਤ ਵਿੱਚ ਪੜ੍ਹਾਈ ਕਰਨ ਲਈ ਅਤੇ 30.00 ਲੱਖ ਰੁਪਏ ਤੱਕ ਦਾ ਕਰਜਾ (ਕੋਰਸ ਫੀਸ ਦਾ 85 ਫੀਸਦੀ) ਵਿਦੇਸ਼ ਵਿੱਚ ਪੜ੍ਹਾਈ ਕਰਨ ਲਈ 3 ਫੀਸਦੀ ਤੋਂ 8 ਫੀਸਦੀ ਸਲਾਨਾ ਵਿਆਜ ਦੀ ਦਰ ’ਤੇ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬਿਨੈਕਾਰ ਦਾ ਕਰਜਾ ਪ੍ਰਵਾਨ ਹੋਣ ਉਪਰੰਤ ਬੈਕਫਿੰਕੋ ਦੇ ਹੱਕ ਵਿੱਚ ਗਾਰੰਟੀ ਵਜੋਂ ਦਿੱਤੀ ਜਾਇਦਾਦ ਦਾ ਸਬੰਧਤ ਤਹਿਸੀਲ ਵਿੱਚ ਜਾ ਕੇ ਰਹਿਣਨਾਮਾ ਕਰਵਾਉਂਦਾ ਹੈ। ਮੁੱਖ ਦਫ਼ਤਰ ਵਲੋਂ ਰਹਿਣਨਾਮੇ ਨੁੰ ਕਾਨੂੰਨੀ ਪੱਖੋਂ ਸਹੀ ਕਰਾਰ ਦਿੰਦੇ ਹੋਏ ਅਤੇ ਹੋਰ ਲੋੜੀਂਦੀਆਂ ਸ਼ਰਤਾਂ ਮੁਕੰਮਲ ਹੋਣ ਉਪਰੰਤ ਕਰਜੇ ਦੀ ਅਦਾਇਗੀ ਸਿੱਧੀ ਬਿਨੈਕਾਰਾਂ ਦੇ ਬਚਤ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ। ਕਰਜੇ ਦੀ ਵਾਪਸੀ ਪੰਜ ਸਾਲਾਂ ਵਿੱਚ 20 ਤਿਮਾਹੀ ਕਿਸ਼ਤਾਂ ਵਿੱਚ ਵਾਪਸ ਕੀਤਾ ਜਾਂਦਾ ਹੈ।
ਜਿਕਰਯੋਗ ਹੈ ਕਿ ਬੈਕਫਿੰਕੋ ਵੱਲੋਂ ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਨਾਲ ਸਬੰਧਤ ਬੇ-ਰੋਜ਼ਗਾਰ ਬਿਨੈਕਾਰਾਂ ਨੂੰ ਸਵੈ-ਰੋਜ਼ਗਾਰ ਸਬੰਧੀ ਚਲਾਈਆਂ ਜਾ ਰਹੀਆਂ ਸਸਤੇ ਵਿਆਜ ਦਰ੍ਹਾਂ ’ਤੇ ਕਰਜਾਂ ਸਕੀਮਾਂ ਦੀ ਹੋਰ ਵਧੇਰੇ ਜਾਣਕਾਰੀ ਲੈਣ ਲਈ ਦਫ਼ਤਰ ਬੈਕਫਿੰਕੋ, ਡਾ: ਬੀ ਆਰ ਅੰਬੇਦਕਰ ਭਵਨ, ਰਾਮ ਕਾਲੋਨੀ ਕੈਂਪ, ਹੁਸ਼ਿਆਰਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।