Ban on Chinese Thread
ਹੁਣ ਪੰਜਾਬ ‘ਚ ਚੀਨੀ ਡੋਰ ਦੀ ਵਿਕਰੀ ‘ਤੇ ਸਰਕਾਰ ਹੋਰ ਸਖ਼ਤ ਹੋ ਗਈ ਹੈ। ਇਸ ਨੂੰ ਵੇਚਣ ‘ਤੇ ਪੂਰਨ ਪਾਬੰਦੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹੁਕਮ ਜਾਰੀ ਕਰਕੇ ਸਜ਼ਾ ਦੀ ਵਿਵਸਥਾ ਵੀ ਕੀਤੀ ਹੈ। ਚੀਨੀ ਡੋਰ ਫੜੇ ਜਾਣ ਉਪਰ 15 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਚੀਨੀ ਡੋਰ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ ਇਨਾਮ ਵੀ ਦਿੱਤਾ ਜਾਏਗਾ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਹੁਕਮਾਂ ਅਨੁਸਾਰ ਵਾਤਾਵਰਣ ਐਕਟ, 1986 ਦੀ ਧਾਰਾ 5 ਤਹਿਤ ਨਾਈਲੋਨ, ਪਲਾਸਟਿਕ, ਚੀਨੀ ਡੋਰ, ਮਾਂਝਾ ਤੇ ਕਿਸੇ ਵੀ ਹੋਰ ਸਿੰਥੈਟਿਕ ਸਮੱਗਰੀ ਨਾਲ ਬਣੀ ਪਤੰਗ ਉਡਾਉਣ ਵਾਲੀ ਡੋਰ ਦੇ ਨਿਰਮਾਣ, ਵਿਕਰੀ, ਸਟੋਰੇਜ, ਖਰੀਦ, ਸਪਲਾਈ, ਆਯਾਤ ਤੇ ਨਿਰਯਾਤ ਉਪਰ ਪੂਰਨ ਪਾਬੰਦੀ ਰਹੇਗੀ। ਸਰਕਾਰ ਨੇ ਪੰਜਾਬ ‘ਚ ਕੱਚ ਜਾਂ ਤਿੱਖੀ ਡੋਰ ਵਿਰੁੱਧ ਸਖ਼ਤੀ ਕੀਤੀ ਗਈ ਹੈ।
ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਵਾਤਾਵਰਨ (ਸੁਰੱਖਿਆ) ਐਕਟ, 1986 ਦੇ ਉਪਬੰਧਾਂ ਜਾਂ ਇਸ ਤਹਿਤ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ‘ਤੇ 10,000 ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ । ਵਿਭਾਗ ਨੇ ਸੂਬੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਤੰਗ ਉਡਾਉਣ ਲਈ ਪਾਬੰਦੀਸ਼ੁਦਾ ਚੀਨੀ ਡੋਰ, ਨਾਈਲੋਨ ਤੇ ਸਿੰਥੈਟਿਕ ਧਾਗੇ ਦੀ ਵਰਤੋਂ ਨਾ ਕਰਕੇ ਸਰਕਾਰ ਦੇ ਇਸ ਨੇਕ ਕੰਮ ਵਿੱਚ ਸਹਿਯੋਗ ਕਰਨ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਚੀਨੀ ਡੋਰ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਉਸ ਨੂੰ ਇਨਾਮ ਦਿੱਤਾ ਜਾਵੇਗਾ।
Read Also : ਮੁਸੀਬਤ ‘ਚ ਕੈਨੇਡਾ ਦੀ ਸਰਕਾਰ ! ਕੈਨੇਡਾ PM ਜਸਟਿਨ ਟਰੂਡੋ ਅੱਜ ਦੇ ਸਕਦੇ ਨੇ ਅਸਤੀਫਾ
ਦੱਸ ਦਈਏ ਕਿ ਚੀਨੀ ਡੋਰ ਨਾਲ ਅਨੇਕਾਂ ਹਾਦਸੇ ਵਾਪਰ ਰਹੇ ਹਨ। ਕਈਆਂ ਦੇ ਗਲੇ ਤੇ ਚਿਹਰੇ ਕੱਟੇ ਗਏ ਹਨ। ਬੇਸ਼ੱਕ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ ਪਰ ਇਹ ਧੜੱਲੇ ਨਾਲ ਵਿਕ ਰਹੀ ਹੈ। ਲੋਕ ਆਨਲਾਈਨ ਵੀ ਚੀਨੀ ਡੋਰ ਮੰਗਵਾ ਰਹੇ ਹਨ। ਇਸ ਲਈ ਹੁਣ ਸਰਕਾਰ ਨੇ 15 ਲੱਖ ਰੁਪਏ ਤੱਕ ਜ਼ੁਰਮਾਨਾ ਲਾਉਣ ਦਾ ਐਲਾਨ ਕੀਤਾ ਹੈ।
Ban on Chinese Thread