ਪੰਜਾਬ ਦੇ ਖੇਡ ਮੰਤਰੀ ਨੇ ਬੀ.ਸੀ.ਸੀ.ਆਈ. ਨੂੰ ਮੁਹਾਲੀ ਵਿਖੇ ਮੈਚ ਨਾ ਕਰਵਾਉਣ ਦੇ ਫੈਸਲੇ ਨੂੰ ਮੁੜ ਵਿਚਾਰਨ ਲਈ ਕਿਹਾ

Date:

ਮੀਤ ਹੇਅਰ ਨੇ ਬੀ.ਸੀ.ਸੀ.ਆਈ. ਪ੍ਰਧਾਨ ਤੇ ਸਕੱਤਰ ਨੂੰ ਪੱਤਰ ਲਿਖ ਕੇ ਮੁਹਾਲੀ ਵਿਖੇ ਮੈਚ ਕਰਵਾਉਣ ਦੀ ਮੰਗ ਰੱਖੀ

ਪੰਜਾਬ ਦੇ ਅਮੀਰ ਵਿਰਸੇ,  ਖੇਡਾਂ ਵਿੱਚ ਯੋਗਦਾਨ ਅਤੇ ਪੰਜਾਬ ਵੱਲੋਂ ਦੇਸ਼ ਨੂੰ ਦਿੱਤੇ ਮਹਾਨ ਕ੍ਰਿਕਟਰਾਂ ਦਾ ਦਿੱਤਾ ਹਵਾਲਾ

ਮੁਹਾਲੀ ਵਿਖੇ ਪਿਛਲੇ ਸਮੇਂ ਵਿੱਚ ਹੋਏ ਅਹਿਮ ਮੈਚਾਂ ਦਾ ਵੇਰਵਾ ਦਿੰਦਿਆਂ ਪੀਸੀਏ ਸਟੇਡੀਅਮ ਨੂੰ ਦੱਸਿਆ ਦੁਨੀਆ ਦਾ ਬਿਹਤਰੀਨ ਖੇਡ ਮੈਦਾਨ

ਚੰਡੀਗੜ੍ਹ

BCCI TO RECONSIDER DECISION ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕ੍ਰਿਕਟ ਵਿਸ਼ਵ ਕੱਪ-2023 ਲਈ ਪੀ.ਸੀ.ਏ. ਸਟੇਡੀਅਮ ਮੁਹਾਲੀ ਨੂੰ ਮੇਜ਼ਬਾਨ ਸੂਚੀ ਵਿੱਚ ਨਾ ਸ਼ਾਮਲ ਕਰਨ ਉਤੇ ਨਰਾਜ਼ਗੀ ਅਤੇ ਇਤਰਾਜ਼ ਜ਼ਾਹਰ ਕਰਦਿਆਂ ਬੀ.ਸੀ.ਸੀ.ਆਈ. ਨੂੰ ਇਸ ਫੈਸਲੇ ਉਤੇ ਮੁੜ ਵਿਚਾਰਨ ਲਈ ਕਿਹਾ ਹੈ।

ਮੀਤ ਹੇਅਰ ਨੇ ਬੀ.ਸੀ.ਸੀ.ਆਈ. ਦੇ ਪ੍ਰਧਾਨ ਰੋਜਰ ਬਿੰਨੀ ਤੇ ਸਕੱਤਰ ਜੈ ਸ਼ਾਹ ਨੂੰ ਪੱਤਰ ਲਿਖ ਕੇ ਪੰਜਾਬ ਦੇ ਅਮੀਰ ਵਿਰਸੇ, ਖੇਡਾਂ ਵਿੱਚ ਯੋਗਦਾਨ ਅਤੇ ਪੰਜਾਬ ਵੱਲੋਂ ਦੇਸ਼ ਨੂੰ ਦਿੱਤੇ ਮਹਾਨ ਕ੍ਰਿਕਟਰਾਂ ਦਾ ਦਿੱਤਾ ਹਵਾਲਾ ਦਿੰਦਿਆਂ ਮੁਹਾਲੀ ਵਿਖੇ ਮੈਚ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਖੇਡ ਮੰਤਰੀ ਨੇ ਪੰਜਾਬ ਦੇ ਅਮੀਰ ਵਿਰਸੇ ਦੀ ਗੱਲ ਕਰਦਿਆਂ ਖੇਡਾਂ ਵਿੱਚ ਪੰਜਾਬ ਦੇ ਯੋਗਦਾਨ ਅਤੇ ਪੰਜਾਬ ਦੀ ਧਰਤੀ ਵੱਲੋਂ ਦੇਸ਼ ਨੂੰ ਦਿੱਤੇ ਮਹਾਨ ਕ੍ਰਿਕਟਰਾਂ ਦਾ ਹਵਾਲਾ ਦਿੰਦਿਆਂ ਪੱਤਰ ਵਿੱਚ ਲਿਖਿਆ, “ਪੰਜਾਬ ਆਪਣੀ ਵਿਲੱਖਣ ਬਹਾਦਰੀ, ਪ੍ਰਹੁਾਣਚਾਰੀ ਅਤੇ ਧਰਮ ਨਿਰਪੱਖ ਆਦਰਸ਼ਾਂ ਵਿੱਚ ਅਟੁੱਟ ਵਿਸ਼ਵਾਸ ਦੀਆਂ ਆਪਣੀਆਂ ਸਦੀਆਂ ਪੁਰਾਣੀਆਂ ਪਰੰਪਰਾਵਾਂ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਗੁਰੂਆਂ, ਸੰਤਾਂ, ਦਾਰਸ਼ਨਿਕਾਂ ਅਤੇ ਕਵੀਆਂ ਵੱਲੋਂ ਬਖਸ਼ਿਸ਼ ਯੋਧਿਆਂ ਦੀ ਇਸ ਧਰਤੀ ਨੇ ਆਦਿ ਕਾਲ ਤੋਂ ਹੀ ਸ਼ਾਂਤੀ, ਦਇਆ, ਭਾਈਚਾਰਕ ਸਾਂਝ ਦੇ ਆਦਰਸ਼ਾਂ ਨੂੰ ਪਾਲਿਆ ਹੈ।”

ਉਨ੍ਹਾਂ ਅੱਗੇ ਲਿਖਿਆ, “ਖੇਡਾਂ ਦੇ ਖੇਤਰ ਵਿੱਚ ਵੀ ਪੰਜਾਬ ਨੂੰ ਦੇਸ਼ ਦਾ ਮੋਹਰੀ ਅਤੇ ਝੰਡਾਬਰਦਾਰ ਹੋਣ ਦਾ ਮਾਣ ਹਾਸਲ ਹੈ। ਜਦੋਂ ਕੌਮੀ ਪੱਧਰ ‘ਤੇ ਸਭ ਤੋਂ ਪਸੰਦੀਦਾ ਖੇਡ ਭਾਵ ਕ੍ਰਿਕਟ ਦੀ ਗੱਲ ਆਉਂਦੀ ਹੈ, ਤਾਂ ਪੰਜਾਬ ਨੇ ਕ੍ਰਿਕਟ ਜਗਤ ਨੂੰ ਲਾਲਾ ਅਮਰਨਾਥ, ਬਿਸ਼ਨ ਸਿੰਘ ਬੇਦੀ, ਮਹਿੰਦਰ ਅਮਰਨਾਥ, ਯਸ਼ਪਾਲ ਸ਼ਰਮਾ, ਮਦਨ ਲਾਲ, ਨਵਜੋਤ ਸਿੰਘ ਸਿੱਧੂ, ਹਰਭਜਨ ਸਿੰਘ, ਯੁਵਰਾਜ ਸਿੰਘ, ਰੀਤਇੰਦਰ ਸੋਢੀ, ਦਿਨੇਸ਼ ਮੋਂਗੀਆ, ਹਰਵਿੰਦਰ ਸਿੰਘ, ਵਿਕਰਮ ਰਾਠੌਰ, ਸ਼ਰਨਦੀਪ ਸਿੰਘ ਵਰਗੇ ਦਿੱਗਜ਼ ਅਤੇ ਹਾਲ ਹੀ ਵਿੱਚ ਧੁੰਮਾਂ ਪਾਉਣ ਵਾਲੇ ਸ਼ੁਭਮਨ ਗਿੱਲ ਅਤੇ ਅਰਸ਼ਦੀਪ ਸਿੰਘ ਵਰਗੇ ਕ੍ਰਿਕਟਰ ਦਿੱਤੇ ਹਨ।”

ਉਨ੍ਹਾਂ ਅੱਗੇ ਲਿਖਿਆ, “ਬੀ.ਸੀ.ਸੀ.ਆਈ. ਦੇ ਮੀਤ ਪ੍ਰਧਾਨ ਸ੍ਰੀ ਰਾਜੀਵ ਸ਼ੁਕਲਾ ਜੀ ਦੇ ਮੀਡੀਆ ਵਿੱਚ ਆਏ ਬਿਆਨ ਵਿੱਚ ਆਖਿਆ ਗਿਆ ਹੈ ਕਿ ਮੁਹਾਲੀ ਦਾ ਸਟੇਡੀਅਮ ਮੈਚ ਕਰਵਾਉਣ ਲਈ ਆਈ.ਸੀ.ਸੀ. ਦੇ ਮਾਪਦੰਡਾਂ ਉਤੇ ਖਰਾ ਨਹੀਂ ਉਤਰਦਾ। ਮੈਂ ਆਪ ਜੀ ਤੋਂ ਜਾਣਨਾ ਚਾਹੁੰਦਾ ਹਾਂ ਕਿ ਅਜਿਹੇ ਕਿਹੜੇ ਆਈ.ਸੀ.ਸੀ. ਦੇ ਮਾਪਦੰਡਾ ਹਨ ਜਿਨ੍ਹਾਂ ਦੇ ਆਧਾਰ ਉਤੇ ਮੈਚ ਲਈ ਮੁਹਾਲੀ ਅਯੋਗ ਹੈ। ਇਸ ਤੋਂ ਇਲਾਵਾ ਮਾਪਦੰਡਾਂ ਵਿੱਚ ਮੌਜੂਦਾ ਸਮੇਂ ਕੋਈ ਤਬਦੀਲੀ ਕੀਤੀ ਗਈ ਕਿਉਂਕਿ ਸਤੰਬਰ 2022 ਵਿੱਚ ਭਾਰਤ-ਆਸਟਰੇਲੀਆ ਮੈਚ ਖੇਡਿਆ ਗਿਆ। ਪਿਛਲੇ ਸਮੇਂ ਵਿੱਚ ਵਿਸ਼ਵ ਕੱਪ ਦੇ ਮੈਚ ਵੀ ਖੇਡੇ ਗਏ। ਇਹ ਵੀ ਦੱਸਿਆ ਜਾਵੇ ਕਿ ਕੀ ਆਈ.ਸੀ.ਸੀ. ਦੀ ਟੀਮ ਵੱਲੋਂ ਮਾਪਦੰਡ ਦੇਖਣ ਲਈ ਮੁਹਾਲੀ ਸਟੇਡੀਅਮ ਦਾ ਕੋਈ ਦੌਰਾ ਵੀ ਕੀਤਾ ਗਿਆ?” BCCI TO RECONSIDER DECISION

ਮੁਹਾਲੀ ਦੇ ਬਿਹਤਰੀ ਬੁਨਿਆਦੀ ਢਾਂਚੇ ਅਤੇ ਪਿਛਲੇ ਸਮੇਂ ਵਿੱਚ ਕੀਤੀਆਂ ਮੇਜ਼ਬਾਨੀਆਂ ਦਾ ਜ਼ਿਕਰ ਕਰਦਿਆਂ ਮੀਤ ਹੇਅਰ ਨੇ ਲਿਖਿਆ, “ਖੇਡਾਂ ਦੇ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਵੀ ਪੰਜਾਬ ਕੋਲ ਦੁਨੀਆ ਦੇ ਸਰਵੋਤਮ ਮੈਦਾਨ ਹਨ। ਮੁਹਾਲੀ ਦੇ ਆਈ.ਐਸ. ਬਿੰਦਰਾ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਸਟੇਡੀਅਮ ਨੂੰ ਦੋ ਵਿਸ਼ਵ ਕੱਪ ਸੈਮੀਫਾਈਨਲ ਜਿਨ੍ਹਾਂ ਵਿੱਚ 1996 ਵਿਲਜ਼ ਵਿਸ਼ਵ ਕੱਪ ਅਤੇ ਸਾਲ 2011 ਦੇ ਵਿਸ਼ਵ ਕੱਪ (ਦੋ ਲੀਗ ਮੁਕਾਬਲਿਆਂ ਤੋਂ ਇਲਾਵਾ) ਮੈਚਾਂ ਦੀ ਮੇਜ਼ਬਾਨੀ ਦੇ ਨਾਲ-ਨਾਲ 2016 ਵਿਸ਼ਵ ਕੱਪ ਟੀ-20 ਦੇ ਦੋ ਮੈਚਾਂ ਦੀ ਮੇਜ਼ਬਾਨੀ ਕਰਨ ਦਾ ਮਾਣ ਹਾਸਲ ਹੈ।

ਮੀਤ ਹੇਅਰ ਨੇ ਮੁਹਾਲੀ ਦੇ ਸਟੇਡੀਅਮ ਨੂੰ ਦੁਨੀਆਂ ਦੇ ਬਿਹਤਰੀਨ ਸਟੇਡੀਅਮਾਂ ਵਿੱਚੋਂ ਇਕ ਦੱਸਦਿਆਂ ਆਪਣੇ ਪੱਤਰ ਵਿੱਚ ਲਿਖਿਆ, “ਪੀ.ਸੀ.ਏ. ਸਟੇਡੀਅਮ ਮੁਹਾਲੀ ਨਾ ਸਿਰਫ਼ ਭਾਰਤ ਦੇ ਚੋਟੀ ਦੇ ਸਟੇਡੀਅਮਾਂ ਵਿੱਚੋਂ ਇੱਕ ਹੈ, ਬਲਕਿ ਵਿਸ਼ਵ ਦੇ ਪ੍ਰਮੁੱਖ ਸਟੇਡੀਅਮਾਂ ਦੀ ਸੂਚੀ ਵਿੱਚ ਵੀ ਆਉਂਦਾ ਹੈ। ਮੁਹਾਲੀ ਹਮੇਸ਼ਾ ਹੀ ਕ੍ਰਿਕਟ ਪ੍ਰਸ਼ੰਸਕਾਂ ਦੀ ਪਹਿਲੀ ਪਸੰਦ ਰਿਹਾ ਹੈ। ਮੁਹਾਲੀ ਵਿੱਚ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਅਤੇ ਸ਼ਹਿਰ ਵਿੱਚ ਟੀਮਾਂ ਦੇ ਠਹਿਰਨ ਲਈ ਬਿਹਤਰ ਬੁਨਿਆਦੀ ਢਾਂਚਾ ਅਤੇ ਹੋਟਲ ਵੀ ਹਨ।” BCCI TO RECONSIDER DECISION

ਪੰਜਾਬ ਅਤੇ ਇੱਥੋਂ ਦੇ ਕ੍ਰਿਕਟ ਪ੍ਰੇਮੀਆਂ ਨਾਲ ਹੋਏ ਵਿਤਕਰੇਬਾਜ਼ੀ ਦੀ ਗੱਲ ਕਰਦਿਆਂ ਪੰਜਾਬ ਦੇ ਖੇਡ ਮੰਤਰੀ ਨੇ ਬੀ.ਸੀ.ਸੀ.ਆਈ. ਦੇ ਪ੍ਰਧਾਨ ਨੂੰ ਮੁੜ ਵਿਚਾਰ ਕਰਕੇ ਮੁਹਾਲੀ ਵਿਖੇ ਵਿਸ਼ਵ ਕੱਪ ਦਾ ਮੈਚ ਅਲਾਟ ਕਰਨ ਦੀ ਮੰਗ ਰੱਖਦਿਆਂ ਪੱਤਰ ਵਿੱਚ ਲਿਖਿਆ, “ਹਾਲਾਂਕਿ ਇਸ ਸਾਲ ਅਕਤੂਬਰ ਅਤੇ ਨਵੰਬਰ ਵਿੱਚ ਹੋਣ ਵਾਲੇ ਆਈ.ਸੀ.ਸੀ. ਵਿਸ਼ਵ ਕੱਪ-2023 ਦੇ ਸ਼ਡਿਊਲ ਵਿੱਚ ਪੰਜਾਬ ਨੂੰ ਕੋਈ ਵੀ ਮੈਚ ਅਲਾਟ ਨਹੀਂ ਕੀਤਾ ਗਿਆ, ਜੋ ਨਿਰਪੱਖ ਫੈਸਲਾ ਨਹੀਂ ਹੈ। ਇਸ ਦਾ ਜਲਦ ਤੋਂ ਜਲਦ ਹੱਲ ਕਰਨ ਦੀ ਲੋੜ ਹੈ ਅਤੇ ਪੰਜਾਬ ਨਾਲ ਇਨਸਾਫ਼ ਕਰਦੇ ਹੋਏ ਪੰਜਾਬ ਨੂੰ ਕੁਝ ਮੁਕਾਬਲੇ ਅਲਾਟ ਕੀਤੇ ਜਾਣ ਅਤੇ ਇਸ ਨੂੰ ਅੱਖੋਂ ਓਹਲੇ ਨਾ ਕੀਤਾ ਜਾਵੇ। ਮੈਨੂੰ ਪੂਰਾ ਭਰੋਸਾ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਨਾਲ ਨਿਆਂ ਕੀਤਾ ਜਾਵੇਗਾ।”

————

Share post:

Subscribe

spot_imgspot_img

Popular

More like this
Related