ਤਰਨ ਤਾਰਨ, 1 ਜਨਵਰੀ :ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਦਫਤਰ ਸਿਵਲ ਸਰਜਨ ਵਿਖੇ ਜਿਲੇ ਨਾਲ ਸੰਬੰਧਿਤ ਸਿਹਤ ਵਿਭਾਗ ਦੇ ਪ੍ਰੋਗਰਾਮ ਅਫਸਰਾਂ ਅਤੇ ਵੱਖ ਵੱਖ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਦੀ ਅਹਿਮ ਮੀਟਿੰਗ ਹੋਈ।
ਇਸ ਮੀਟਿੰਗ ਵਿੱਚ ਵਿਭਾਗ ਨਾਲ ਸਬੰਧਤ ਵੱਖ ਵੱਖ ਸਿਹਤ ਪ੍ਰੋਗਰਾਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਿਵਲ ਸਰਜਨ ਡਾ.ਰਾਏ ਵੱਲੋ ਸਿਹਤ ਪ੍ਰੋਗਰਾਮਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰਮੁੱਖ ਪ੍ਰੋਗਰਾਮਾਂ ਜਿਨ੍ਹਾਂ ਵਿਚ ਜੱਚਾ ਬੱਚਾ ਸਿਹਤ ਸੰਭਾਲ, ਟੀਕਾਕਰਨ, ਗੈਰ ਸੰਚਾਰੀ ਰੋਗਾਂ, ਟੀਬੀ ਐਲੀਮੀਨੇਸ਼ਨ, ਪ੍ਰਧਾਨ ਮੰਤਰੀ ਸੁਰਖਿਅਤ ਮਾਤਰਿਤਵ ਅਭਿਆਨ ਨੂੰ ਵਿਚਾਰਿਆ ਗਿਆ। ਉਹਨਾਂ ਨੂੰ ਦੱਸਿਆ ਕਿ ਸਿਹਤ ਪ੍ਰੋਗਰਾਮਾਂ ਤੋਂ ਇਲਾਵਾ ਆਮ ਆਦਮੀ ਕਲੀਨਿਕਾਂ ਦੀ ਸੁੱਚਜੀ ਕਾਰਜ ਪ੍ਰਣਾਲੀ ਅਤੇ ਆਯੂਸ਼ਮਾਨ ਅਰੋਗਿਆ ਕੇਂਦਰਾਂ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ।
ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਸਿਹਤ ਵਿਭਾਗ ਜ਼ਿਲ੍ਹੇ ਦੇ ਨਾਗਰਿਕਾਂ ਦੀ ਸੇਵਾ ਲਈ ਪੂਰੀ ਤਰ੍ਹਾਂ ਤਤਪਰ ਹੈ। ਉਹਨਾਂ ਕਿਹਾ ਕਿ ਮਾਸ ਮੀਡਿਆ ਵਿੰਗ ਅਤੇ ਸਿਹਤ ਕਰਮੀ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਤਾਂ ਜੋ ਇਸ ਦਾ ਲਾਭ ਲੋਕਾਂ ਤੱਕ ਪਹੁੰਚ ਸਕੇ।
ਉਹਨਾਂ ਦੱਸਿਆ ਕਿ ਬੱਚਿਆਂ ਦੀ ਚੰਗੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਲਈ ਵਿਭਾਗ ਵੱਲੋਂ ਟੀਕਾਕਰਨ ਸੈਸ਼ਨ ਨੂੰ ਹਫਤੇ ਦੇ ਹਰ ਬੁੱਧਵਾਰ ਅਤੇ ਸ਼ਨੀਵਾਰ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਕੀਤਾ ਜਾਂਦਾ ਹੈ ਜਿੱਥੇ ਲਾਭਪਾਤਰੀ ਬੱਚਿਆਂ ਦੇ ਨਾਲ ਨਾਲ ਗਰਭਵਤੀ ਮਹਿਲਾਵਾਂ ਦਾ ਸਿਹਤ ਕਰਮੀਆਂ ਵੱਲੋਂ ਬਿਲਕੁਲ ਮੁਫ਼ਤ ਟੀਕਾਕਰਨ ਕੀਤਾ ਜਾਂਦਾ ਹੈ। ਸਿਵਲ ਸਰਜਨ ਡਾ.ਰਾਏ ਨੇ ਦੱਸਿਆ ਕਿ ਵਿਭਾਗ ਵੱਲੋਂ ਟੀਬੀ ਵਰਗੀ ਨਾਮੁਰਾਦ ਬਿਮਾਰੀ ਦੇ ਖਾਤਮੇ ਲਈ 100 ਦਿਨੀ ਟੀਬੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਸਰਵੇ ਕਰਕੇ ਟੀਵੀ ਤੋਂ ਪੀੜਿਤ ਮਰੀਜ਼ਾਂ ਦੀ ਸ਼ਨਾਖਤ ਅਤੇ ਉਹਨਾਂ ਦਾ ਇਲਾਜ ਵਿਭਾਗ ਵੱਲੋਂ ਯਕੀਨੀ ਬਣਾਇਆ ਜਾਵੇਗਾ।
ਉਨਾਂ ਦੱਸਿਆ ਕਿ ਗਰਭਵਤੀ ਮਹਿਲਾਵਾਂ ਦੀ ਚੰਗੀ ਸਿਹਤ ਸਬੰਧੀ ਮਹੀਨੇ ਦੀ 9 ਅਤੇ 23 ਤਰੀਖ ਨੂੰ ਸਿਹਤ ਕੇਂਦਰਾਂ ਵਿਖੇ ਪ੍ਰਧਾਨ ਮੰਤਰੀ ਸੁਰੱਖਿਤ ਮਾਤਰਿਤ ਅਭਿਆਨ ਤਹਿਤ ਵਿਸ਼ੇਸ਼ ਸੈਸ਼ਨ ਲਗਾ ਕੇ ਗਰਭਵਤੀ ਮਹਿਲਾਵਾਂ ਦੀ ਸਿਹਤ ਜਾਂਚ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਮੁਹਿੰਮ ਨੂੰ ਚਲਾਉਣ ਦਾ ਮੁੱਖ ਮੰਤਵ ਗਰਭਵਤੀ ਮਹਿਲਾ ਅਤੇ ਉਸਦੇ ਹੋਣ ਵਾਲੇ ਬੱਚੇ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣਾ ਹੈ।
ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕ ਵੀ ਨਾਗਰਿਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ। ਉਹਨਾ ਕਿਹਾ ਕਿ ਆਮ ਆਦਮੀ ਕਲੀਨਿਕਾਂ ਰਾਹੀਂ ਮਰੀਜ਼ ਆਪਣਾ ਇਲਾਜ ਬਿਲਕੁਲ ਮੁਫਤ ਕਰਵਾ ਰਹੇ ਹਨ। ਉਹਨਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਮੁਹਈਆ ਕਰਵਾਉਣ ਦੇ ਨਾਲ ਨਾਲ ਮੁਫਤ ਟੈਸਟ ਕੀਤੇ ਜਾ ਰਹੇ ਹਨ। ਉਹਨਾਂ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਮ ਆਦਮੀ ਕਲੀਨਿਕਾਂ ਦਾ ਨਿਰੰਤਰ ਦੌਰਾ ਕਰਕੇ ਨਿਰੀਖਣ ਕਰਨ।
ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਸਤਵਿੰਦਰ ਕੁਮਾਰ ਭਗਤ, ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸੰਦੀਪ ਸਿੰਘ ਕਾਲੜਾ, ਜ਼ਿਲਾ ਸਿਹਤ ਅਫਸਰ ਡਾਕਟਰ ਸੁਖਬੀਰ ਕੌਰ, ਪ੍ਰੋਗਰਾਮ ਅਫਸਰ ਡਾਕਟਰ ਸੁਖਜਿੰਦਰ ਸਿੰਘ, ਪ੍ਰੋਗਰਾਮ ਅਫਸਰ ਡਾ. ਸੁਖਜਿੰਦਰ ਸਿੰਘ, ਜ਼ਿਲਾ ਟੀਬੀ ਅਫਸਰ ਰਾਜਬੀਰ ਸਿੰਘ ਅਤੇ ਅਤੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਮੌਜੂਦ ਰਹੇ।