Saturday, December 28, 2024

ਮੁੱਖ ਮੰਤਰੀ ਦਾ ਫ਼ਰੀਦਕੋਟ ਵਾਸੀਆਂ ਨੂੰ ਤੋਹਫ਼ਾ; 55.80 ਕਰੋੜ ਰੁਪਏ ਦੇ ਅਹਿਮ ਪ੍ਰਾਜੈਕਟ ਲੋਕਾਂ ਨੂੰ ਕੀਤੇ ਸਮਰਪਿਤ ਤੇ ਕਈ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ

Date:

ਫ਼ਰੀਦਕੋਟ, 8 ਦਸੰਬਰ


ਜ਼ਿਲ੍ਹਾ ਫ਼ਰੀਦਕੋਟ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਮੁੱਚੇ ਵਿਕਾਸ ਨੂੰ ਹੁਲਾਰਾ ਦਿੰਦਿਆਂ ਤਕਰੀਬਨ 55.80 ਕਰੋੜ ਰੁਪਏ ਦੇ ਅਹਿਮ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਅਤੇ ਕਈ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ।

ਜ਼ਿਲ੍ਹੇ ਵਿੱਚ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਦਿਆਂ ਮੁੱਖ ਮੰਤਰੀ ਨੇ ਨਵੇਂ ਐਮ.ਪੀ.ਐਸ. ਸਮੇਤ 14 ਐਮ.ਐਲ.ਡੀ. ਦੀ ਸਮਰੱਥਾ ਵਾਲਾ ਸੀਵਰੇਜ ਟਰੀਟਮੈਂਟ ਪਲਾਂਟ ਲੋਕਾਂ ਨੂੰ ਸਮਰਪਿਤ ਕੀਤਾ। ਇਸ ਐਸ.ਟੀ.ਪੀ. ਤੇ ਐਮ.ਪੀ.ਐਸ. ਉਤੇ 25.71 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਬਹੁਤ ਲਾਭ ਮਿਲੇਗਾ। ਭਗਵੰਤ ਸਿੰਘ ਮਾਨ ਨੇ ਫ਼ਰੀਦਕੋਟ ਸ਼ਹਿਰ ਵਿੱਚ  ਜਲ ਸਪਲਾਈ ਸਕੀਮ ਦੇ ਵਾਧੇ ਲਈ ਪ੍ਰਾਜੈਕਟ ਦਾ ਉਦਘਾਟਨ ਵੀ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਨਿਯਮਤ ਸਪਲਾਈ ਵਿੱਚ ਮਦਦ ਮਿਲੇਗੀ ਜਿਸ ਨਾਲ ਉਨ੍ਹਾਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਭਗਵੰਤ ਸਿੰਘ ਮਾਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀ.ਏ.ਸੀ.) ਵਿੱਚ ਬਲਾਕ-3 (ਖ਼ਜ਼ਾਨਾ ਬਲਾਕ) ਦਾ ਨੀਂਹ ਪੱਥਰ ਵੀ ਰੱਖਿਆ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਪ੍ਰਾਜੈਕਟ ਲਈ ਪਹਿਲਾਂ ਹੀ 9.71 ਕਰੋੜ ਰੁਪਏ ਰੱਖੇ ਹੋਏ ਹਨ ਅਤੇ ਪ੍ਰਾਜੈਕਟ ਮੁਤਾਬਕ ਇਸ ਇਮਾਰਤ ਵਿੱਚ 21 ਵਿਭਾਗਾਂ ਦੇ ਦਫ਼ਤਰ ਹੋਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਜੈਤੋਂ ਤੇ ਕੋਟਕਪੁਰਾ ਹਲਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਮੁੱਖ ਮੰਤਰੀ ਨੇ ਫ਼ਰੀਦਕੋਟ-ਫਿਰੋਜ਼ਪੁਰ ਸੜਕ ਤੋਂ ਪੱਖੀ ਕਲਾਂ-ਪਹਿਲੂਵਾਲਾ ਖਵਾਜਾ ਖੜਕ ਸੜਕ ਤੱਕ 15.925 ਕਿਲੋਮੀਟਰ ਸੜਕ ਦੇ ਨਿਰਮਾਣ, ਚੌੜਾ ਕਰਨ ਤੇ ਮਜ਼ਬੂਤ ਕਰਨ ਲਈ  ਵੀ ਨੀਂਹ ਪੱਥਰ ਰੱਖਿਆ।

ਮੁੱਖ ਮੰਤਰੀ ਨੇ ਕਿਹਾ ਕਿ 12.01 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨਾਲ ਪੱਖੀ ਕਲਾਂ, ਪਹਿਲੂਵਾਲਾ, ਖਵਾਜਾ ਖੜਕ, ਮੱਲੇਵਾਲ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸਹੂਲਤ ਮਿਲੇਗੀ ਤੇ ਇਲਾਕੇ ਵਿੱਚ ਆਵਾਜਾਈ ਦੀ ਸਮੱਸਿਆ ਦਾ ਹੱਲ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਅਗਸਤ 2024 ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ, ਜਿਸ ਨਾਲ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਕਾਫ਼ੀ ਲਾਭ ਮਿਲੇਗਾ। ਉਨ੍ਹਾਂ ਨੇ ਨੇੜਲੇ ਭਵਿੱਖ ਵਿੱਚ ਫ਼ਰੀਦਕੋਟ ਲਈ 144.35 ਕਰੋੜ ਰੁਪਏ ਦੇ ਹੋਰ ਪ੍ਰਾਜੈਕਟਾਂ  ਸ਼ੁਰੂ ਕਰਨ ਦਾ ਐਲਾਨ ਵੀ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿੱਚ 8.99 ਕਰੋੜ ਰੁਪਏ ਦੀ ਲਾਗਤ ਨਾਲ ਲਿੰਕ ਸੜਕਾਂ ਦੀ ਵਿਸ਼ੇਸ਼ ਮੁਰੰਮਤ, 3.82 ਕਰੋੜ ਰੁਪਏ ਦੀ ਲਾਗਤ ਨਾਲ ਜੰਡ ਸਾਹਿਬ ਵਿਖੇ ਸਪੋਰਟਸ ਸਕੂਲ ਦੀ ਉਸਾਰੀ, 4.30 ਕਰੋੜ ਰੁਪਏ ਦੀ ਲਾਗਤ ਨਾਲ ਜੰਡ ਸਾਹਿਬ ਵਿੱਚ ਪੀ.ਐਚ.ਸੀ ਦੀ ਉਸਾਰੀ ਅਤੇ  62.29 ਕਰੋੜ ਰੁਪਏ ਦੀ ਲਾਗਤ ਨਾਲ ਫਰੀਦਕੋਟ-ਦੀਪ ਸਿੰਘ ਵਾਲਾ ਤੋਂ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇਅ ਤੱਕ ਬਾਈਪਾਸ ਦਾ ਨਿਰਮਾਣ। ਇਸੇ ਤਰ੍ਹਾਂ ਸਰਕਾਰੀ ਬਰਜਿੰਦਰਾ ਕਾਲਜ ਵਿੱਚ ਮਲਟੀਪਰਪਜ਼ ਆਡੀਟੋਰੀਅਮ ਦੀ ਉਸਾਰੀ ’ਤੇ 4.42 ਰੁਪਏ, ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਵਿੱਚ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ 1.58 ਕਰੋੜ ਰੁਪਏ, ਕੋਟਕਪੂਰਾ ਤੋਂ ਫਰੀਦਕੋਟ ਰਾਜਸਥਾਨ ਫੀਡਰ ਨਹਿਰ ’ਤੇ ਸਟੀਲ ਪੁਲ ਦੀ ਉਸਾਰੀ ’ਤੇ 20.54 ਕਰੋੜ ਰੁਪਏ, ਫਰੀਦਕੋਟ ਤੋਂ ਕੋਟਕਪੂਰਾ ਸਰਹਿੰਦ ਫੀਡਰ ਨਹਿਰ, ਪਿੰਡ ਮਚਾਕੀ ਮੱਲ ਸਿੰਘ ਵਿਖੇ ਸਟੀਲ ਪੁਲ ਦੇ ਨਿਰਮਾਣ ’ਤੇ 15.64 ਕਰੋੜ ਰੁਪਏ ਅਤੇ ਫਰੀਦਕੋਟ ਤੋਂ ਮੁੱਦਕੀ ਰਾਜਸਥਾਨ ਫੀਡਰ ਅਤੇ ਤਲਵੰਡੀ ਤੋਂ ਫਰੀਦਕੋਟ ਸਰਹਿੰਦ ਨਹਿਰ ’ਤੇ ਸਟੀਲ ਬ੍ਰਿਜ ਦੀ ਉਸਾਰੀ ’ਤੇ 22.77 ਕਰੋੜ ਰੁਪਏ ਖਰਚ ਕੀਤੇ ਜਾਣਗੇ । ਭਗਵੰਤ ਸਿੰਘ ਮਾਨ ਨੇ ਆਸ ਪ੍ਰਗਟਾਈ  ਕਿ ਇਹ ਪ੍ਰੋਜੈਕਟ ਫਰੀਦਕੋਟ ਜ਼ਿਲ੍ਹੇ ਦੇ ਵਿਆਪਕ ਵਿਕਾਸ ਨੂੰ ਹੋਰ ਹੁਲਾਰਾ ਦੇਣਗੇ।

Share post:

Subscribe

spot_imgspot_img

Popular

More like this
Related