ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 16 ਅਕਤੂਬਰ, 2024:
ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸੀ ਐਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ’ਚ ਵੱਖ-ਵੱਖ ਥਾਂਈਂ ਲਾਈਆਂ ਜਾ ਰਹੀਆਂ ਮੁਫ਼ਤ ਯੋਗਾ ਕਲਾਸਾਂ ਆਮ ਲੋਕਾਂ ਨੂੰ ਜੀਵਨ ਦੇ ਸਿਹਤਮੰਦ ਤੌਰ-ਤਰੀਕਿਆਂ ਨਾਲ ਜੋੜਨ ’ਚ ਸਹਾਈ ਹੋ ਰਹੇ ਹਨ।
ਸੀ ਐਮ ਦੀ ਯੋਗਸ਼ਾਲਾ ਦੇ ਜ਼ਿਲ੍ਹਾ ਨੋਡਲ ਅਫ਼ਸਰ ਟੀ ਬੈਨਿਥ (ਕਮਿਸ਼ਨਰ, ਐੰ ਸੀ ਮੋਹਾਲੀ) ਅਨੁਸਾਰ ਜ਼ਿਲ੍ਹੇ ’ਚ ਆਮ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸੀ ਐਮ ਦੀ ਯੋਗਸ਼ਾਲਾ ਤਹਿਤ ਪੰਜਾਬ ਸਰਕਾਰ ਵੱਲੋਂ ਹਰ ਸ਼ਹਿਰ ’ਚ ਯੋਗਾ ਰਾਹੀਂ ਤੰਦਰੁਸਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਮੁੰਡੀ ਖਰੜ ਵਿਖੇ ਯੋਗਾ ਕਲਾਸਾਂ ਲਾ ਰਹੀ ਟ੍ਰੇਨਰ ਹਰਮੀਤ ਕੌਰ ਦਾ ਕਹਿਣਾ ਹੈ ਕਿ ਖੁਦ ਯੋਗਾ ਵਿੱਚ ਮਾਸਟਰ ਡਿਗਰੀ ਹੋਣ ਕਾਰਨ, ਉਹ ਆਪਣੇ ਤਜਰਬੇ ਲੋਕਾਂ ਨਾਲ ਸਾਂਝੇ ਕਰਕੇ, ਉਨ੍ਹਾਂ ਨੂੰ ਯੋਗਾ ਕਲਾਸਾਂ ਲਾਉਣ ਅਤੇ ਕਿਹੜੇ ਆਸਣ, ਕਿਸ ਸਰੀਰਕ ਬਿਮਾਰੀ ਤੋਂ ਨਿਜਾਤ ਦਿਵਾ ਸਕਦੇ ਹਨ, ਬਾਰੇ ਦੱਸਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਜਦੋਂ ਇੱਕ-ਦੋ ਕਲਾਸਾਂ ਲਾ ਲੈਂਦੇ ਹਨ ਤਾਂ ਉਸ ਤੋਂ ਬਾਅਦ, ਉਹ ਆਪਣੇ ਆਪ ਹੀ ਨਿਯਮਿਤ ਰੂਪ ’ਚ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹਨ।
ਹਰਮੀਤ ਅਨੁਸਾਰ ਯੋਗ ਆਸਣ ਰਾਹੀਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਜੋੜਾਂ ਦੇ ਦਰਦ, ਸਰਵਾਇਕਲ, ਕਮਰ ਦਰਦ ਜਿਹੀਆਂ ਬਿਮਾਰੀਆਂ ਨੂੰ ਬਿਨਾਂ ਦਵਾਈਆਂ ਤੋਂ ਹੀ ਠੀਕ ਕੀਤਾ ਜਾ ਸਕਦਾ ਹੈ। ਉਸ ਨੇ ਦੱਸਿਆ ਕਿ ਉਸ ਦੀਆਂ ਕਲਾਸਾਂ ’ਚ ਜੁਆਨ ਤੋਂ ਲੈ ਕੇ ਬਜ਼ੁਰਗ ਤੱਕ ਯੋਗ ਆਸਣ ਕਰਦੇ ਹਨ ਅਤੇ ਉਨ੍ਹਾਂ ਨੂੰ ਉਕਤ ਸਰੀਰਕ ਮੁਸ਼ਕਿਲਾਂ ਦੇ ਨਾਲ-ਨਾਲ ਅੱਜ ਦੀ ਭਜ-ਦੌੜ ਵਾਲੀ ਜ਼ਿੰਦਗੀ ਤੋਂ ਮਾਨਸਿਕ ਰਾਹਤ ਵੀ ਮਹਿਸੂਸ ਹੁੰਦੀ ਹੈ।
ਉਸ ਨੇ ਦੱਸਿਆ ਕਿ ਉਸ ਵੱਲੋਂ ਇੱਕ ਦਿਨ ’ਚ ਛੇ ਯੋਗ ਸਿਖਲਾਈ ਕਲਾਸਾਂ ਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਸਵੇਰੇ 5 ਤੋਂ 6 ਵਜੇ ਗੁਰਦੁਆਰਾ ਸ੍ਰੀ ਹਰ ਰਾਇ ਸਾਹਿਬ, ਸੰਤੇ ਮਾਜਰਾ ਰੋਡ, ਸੈਕਟਰ 127, ਸਵੇਰੇ ਸਵਾ 6 ਵਜੇ ਤੋਂ ਸਵਾ 7 ਵਜੇ ਤੱਕ ਨਿੱਜਰ ਚੌਂਕ ਨੇੜਲੇ, ਵੈਸਟਰਨ ਟਾਵਰ ਦੇ ਸਾਹਮਣੇ ਵਾਲੇ ਸੈਕਟਰ 126 ਦੇ ਪਾਰਕ, ਸਵੇਰੇ ਪੌਣੇ 8 ਵਜੇ ਤੋਂ ਪੌਣੇ 9 ਵਜੇ ਤੱਕ ਏ ਕੇ ਐਸ ਆਈ ਪੀ ਐਸ ਸਕੂਲ ਦੇ ਨਾਲ ਲੱਗਦੇ ਨਿੱਜਰ ਚੌਂਕ ਵਾਲੇ ਪਾਰਕ, ਸੈਕਟਰ 125, ਓਲਡ ਸੰਨੀ ਇੰਨਕਲੇਵ, ਸਵੇਰੇ ਸਵਾ 9ਵਜੇ ਤੋਂ ਸਵਾ 10 ਵਜੇ ਤੱਕ ਡੇਰਾ ਕੁਲਹਾੜੀ ਵਾਲਾ, ਪ੍ਰਾਚੀਨ ਹਨੂੰਮਾਨ ਮੰਦਰ ਚੰਡੀਗੜ੍ਹ ਰੋਡ, ਮੁੰਡੀ ਖਰੜ, ਸ਼ਾਮ ਸਾਢੇ 4 ਵਜੇ ਤੋਂ ਸਾਢੇ 5 ਵਜੇ ਤੱਕ ਵਿਸਪਰਿੰਗ ਪਾਰਕ ਨੇੜੇ ਸੰਨੀ ਕਲੱਬ, ਸੈਕਟਰ 125, ਸੰਨੀ ਇੰਨਕਲੇਵ ਅਤੇ ਸ਼ਾਮ ਪੌਣੇ 6 ਵਜੇ ਤੋਂ ਪੌਣੇ 7 ਵਜੇ ਤੱਕ ਰਾਇਲ ਗ੍ਰੀਨ ਪਾਰਕ, ਗੁਰੁਦੁਆਰਾ ਸਾਹਿਬ ਦੇ ਪਿਛਲੇ ਪਾਸੇ, ਓਲਡ ਸੰਨੀ ਇੰਨਕਲੇਵ ਵਿਖੇ ਲਾਈਆਂ ਜਾ ਰਹੀਆਂ ਕਲਾਸਾਂ ਸ਼ਾਮਿਲ ਹਨ। ਹਰਮੀਤ ਅਨੁਸਾਰ ਇਨ੍ਹਾਂ ਕਲਾਸਾਂ ’ਚ ਦਾਖਲਾ ਮੁਫ਼ਤ ਹੈ ਅਤੇ ਕੋਈ ਵੀ ਆਪਣੇ ਆਪ ਨੂੰ ਸੀ ਐਮ ਦੀ ਯੋਗਸ਼ਾਲਾ ਪੋਰਟਲ ’ਤੇ ਰਜਿਸਟਰ ਕਰਕੇ, ਇਨ੍ਹਾਂ ’ਚ ਭਾਗ ਲੈ ਸਕਦਾ ਹੈ।
ਜ਼ਿਲ੍ਹਾ ਸੁਪਰਵਾਈਜ਼ਰ ਸੀ ਐਮ ਦੀ ਯੋਗਸ਼ਾਲਾ ਪ੍ਰਤਿਮਾ ਡਾਵਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜੀਵਨ ਸ਼ੈਲੀ ’ਚ ਸੁਧਾਰ ਲਿਆ ਕੇ ਇਸ ਨੂੰ ਤੰਦਰੁਸਤ ਬਣਾਉਣ ਲਈ ਇਨ੍ਹਾਂ ਯੋਗਾ ਕਲਾਸਾਂ ਦਾ ਲਾਭ ਜ਼ਰੂਰ ਲੈਣ।
ਖਰੜ ਵਿਖੇ ਸੀ ਐਮ ਦੀ ਯੋਗਸ਼ਾਲਾ ਲੋਕਾਂ ਨੂੰ ਜੋੜ ਰਹੀ ਹੈ ਜੀਵਨ ਦੇ ਸਿਹਤਮੰਦ ਤੌਰ-ਤਰੀਕਿਆਂ ਨਾਲ
Date: