ਡੀ.ਆਰ. ਐਕਸ ਮਸ਼ੀਨ ਲੱਗਣ ਨਾਲ ਹਰ ਰੋਜ਼ ਹੋਣਗੇ ਲਗਭਗ 400 ਐਕਸ-ਰੇ : ਸ਼ੌਕਤ ਅਹਿਮਦ ਪਰੇ

ਬਠਿੰਡਾ, 2 ਜਨਵਰੀ : ਡੀ.ਆਰ. ਐਕਸ ਮਸ਼ੀਨ ਲੱਗਣ ਨਾਲ ਹਰ ਰੋਜ਼ ਲਗਭਗ 400 ਐਕਸ-ਰੇ ਹੋਇਆ ਕਰਨਗੇ। ਜਿਸ ਨਾਲ ਮਰੀਜ਼ ਨੂੰ ਬਾਹਰ ਪ੍ਰਾਈਵੇਟ ਲੈਬ ਜਾਂ ਅਗਲੇ ਦਿਨ ਨਹੀਂ ਆਉਣਾ ਪਵੇਗਾ ਤੇ ਉਸ ਦਿਨ ਹੀ ਪੂਰਾ ਇਲਾਜ ਸੰਭਵ ਹੋ ਸਕੇਗਾ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਸਥਾਪਤ ਕੀਤੀ ਗਈ ਡੀ.ਆਰ (ਡਬਲ ਡੀਟੈਕਟਰ) ਐਕਸ-ਰੇ (ਐਮ.ਏ.ਆਰ.ਐਸ 40 ਡਿਊਲ ਡਿਟੈਕਟਰ) ਮਸ਼ੀਨ ਦੀ ਸ਼ੁਰੂਆਤ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੂਰੇ ਪੰਜਾਬ ਵਿਚੋਂ ਪੀ.ਐਚ.ਐਸ.ਸੀ ਅਧੀਨ ਇਹ ਪਹਿਲਾ ਜ਼ਿਲ੍ਹਾ ਹਸਪਤਾਲ ਹੈ ਜਿਥੇ ਇਹ ਮਸ਼ੀਨ ਲਗਾਈ ਗਈ ਹੈ। ਇਸ ਮਸ਼ੀਨ ਨਾਲ ਬਠਿੰਡਾ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਚ ਹਰ ਰੋਜ਼ ਲੱਗਭਗ 1000 ਮਰੀਜ਼ ਆਉਂਦੇ ਹਨ, ਜਿਨ੍ਹਾਂ ਵਿਚੋਂ ਲੱਗਭਗ 300 ਮਰੀਜ਼ਾਂ ਨੂੰ ਐਕਸ-ਰੇ ਕਰਵਾਉਣ ਦੀ ਜ਼ਰੂਰਤ ਪੈਂਦੀ ਸੀ, ਪਰ ਮਸ਼ੀਨ ਸੀ.ਆਰ. ਹੋਣ ਕਰਕੇ ਇੰਨੇ ਐਕਸ-ਰੇ ਹੋਣਾ ਸੰਭਵ ਨਹੀਂ ਸੀ, ਜਿਸ ਕਰਕੇ ਮਰੀਜ਼ਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਸੀ।

ਇਸ ਦੌਰਾਨ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਇਸ ਮਸ਼ੀਨ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਦੇ ਐਮ.ਡੀ ਦੀ ਅਪਰੂਵਲ ਨਾਲ ਇਹ ਮਸ਼ੀਨ ਰੋਗੀ ਕਲਿਆਣ ਸਮਿਤੀ ਦੇ ਫੰਡ ਵਿਚੋਂ ਖਰੀਦੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਪੂਰਾ ਡੀ.ਆਰ ਸਿਸਟਮ 55 ਤੋਂ 60 ਲੱਖ ਰੁਪਏ ਵਿਚ ਇੰਸਟਾਲ ਹੁੰਦਾ ਹੈ ਪਰ ਪੁਰਾਣੀ ਸੀ.ਆਰ ਮਸ਼ੀਨ ਦੇ ਕੁਝ ਹਿੱਸਿਆਂ ਨੂੰ ਵਰਤ ਕੇ ਇਸ ਨੂੰ ਲੱਗਭਗ 24 ਲੱਖ ਰੁਪਏ ਵਿਚ ਖਰੀਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਬਠਿੰਡਾ ਵਿਚ ਪਹਿਲਾਂ ਤੋਂ ਚੱਲ ਰਹੇ 2 ਸੀ.ਆਰ ਸਿਸਟਮ ਵਿਚੋਂ ਇਕ ਨੂੰ ਡੀ.ਆਰ ਸਿਸਟਮ ਵਜੋਂ ਚਲਾਇਆ ਜਾਵੇਗਾ ਅਤੇ ਦੂਜਾ ਸੀ.ਆਰ ਸਿਸਟਮ ਪਹਿਲਾਂ ਦੀ ਤਰ੍ਹਾਂ ਹੀ ਚੱਲਦਾ ਰਹੇਗਾ।

ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਹਸਪਤਾਲ ਬਠਿੰਡਾ ਲਈ ਐਚ.ਪੀ.ਸੀ.ਐਲ, ਐਚ.ਐਮ.ਈ.ਐਲ ਤੇ ਟ੍ਰਾਂਜ਼ਏਸ਼ੀਆ ਵਲੋਂ ਸੀ.ਐਸ.ਆਰ ਸਕੀਮ ਅਧੀਨ ਲਗਭਗ 2.25 ਕਰੋੜ ਰੁਪਏ ਦੇ ਮੈਡੀਕਲ ਔਜਾਰ ਹਸਪਤਾਲ ਨੂੰ ਦਿੱਤੇ ਗਏ ਹਨ ਪਰ ਇਹ ਡੀ.ਆਰ ਐਕਸ ਰੇ ਮਸ਼ੀਨ ਹਸਪਤਾਲ ਦੀ ਰੋਗੀ ਕਲਿਆਣ ਸਮਿਤੀ ਵਿਚੋਂ ਖਰੀਦੀ ਗਈ ਹੈ।

ਇਸ ਦੌਰਾਨ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨਦੀਪ ਸਿੰਗਲਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤੀਸ਼ ਜਿੰਦਲ ਨੇ ਦੱਸਿਆ ਕਿ ਇਸ ਮਸ਼ੀਨ ਨਾਲ ਮਰੀਜ਼ਾਂ ਤੇ ਰੇਡੀਓਗ੍ਰਾਫਰ ਉਤੇ ਰੇਡੀਏਸ਼ਨ ਦੇ ਪੈਣ ਵਾਲੇ ਪ੍ਰਭਾਵ ਪਹਿਲਾਂ ਨਾਲੋਂ ਵੀ ਅੱਧੇ ਹੋਣਗੇ। 

[wpadcenter_ad id='4448' align='none']