ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਜਨਵਰੀ, 2024:
ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ 26 ਜਨਵਰੀ 2024 ਨੂੰ ਸ਼ਹੀਦ ਮੇਜਰ (ਸ਼ੌਰਿਆ ਚੱਕਰ) ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਮੁਹਾਲੀ ਦੀ ਗਰਾਊਂਡ ਵਿਖੇ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਦੀ ਬਤੌਰ ਮੁੱਖ ਮਹਿਮਾਨ ਆਮਦ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਨੂੰ ਰੰਗਾਰੰਗ ਅਤੇ ਯਾਦਗਾਰੀ ਬਣਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮਹਿਮਾਨ ਵੱਲੋਂ ਸਹੀ ਸਵੇਰੇ 10 ਵਜੇ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ। ਉਹ ਉਸ ਦਿਨ ਦੇ ਵਿਸ਼ੇਸ਼ ਮੌਕੇ ‘ਤੇ ਆਪਣਾ ਭਾਸ਼ਣ ਦੇਣ ਤੋਂ ਪਹਿਲਾਂ ਇਸ ਦਿਵਸ ਦੀ ਰਾਸ਼ਟਰੀ ਮਹੱਤਤਾ, ਜਿਸ ਦਿਨ 75 ਸਾਲ ਪਹਿਲਾਂ ਸਾਡਾ ਸੰਵਿਧਾਨ ਹੋਂਦ ਵਿਚ ਆਇਆ ਸੀ, ਨੂੰ ਦਰਸਾਉਣ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਗਈ ਪਰੇਡ ਦਾ ਨਿਰੀਖਣ ਕਰਨਗੇ।
ਰਾਸ਼ਟਰੀ ਝੰਡੇ ਅਤੇ ਮੁੱਖ ਮਹਿਮਾਨ ਨੂੰ ਸਲਾਮੀ ਦੇਣ ਲਈ ਪੁਲਿਸ, ਹੋਮ ਗਾਰਡ ਅਤੇ ਐਨ ਸੀ ਸੀ ਵਾਲੰਟੀਅਰਾਂ ਦੀ ਸ਼ਮੂਲੀਅਤ ‘ਤੇ ਆਧਾਰਿਤ ਸ਼ਾਨਦਾਰ ਮਾਰਚ ਪਾਸਟ ਵੀ ਕੱਢਿਆ ਜਾਵੇਗਾ। ਇਸ ਪ੍ਰੋਗਰਾਮ ਵਿੱਚ ਭਲਾਈ ਅਤੇ ਵਿਕਾਸ ਸਕੀਮਾਂ ‘ਤੇ ਆਧਾਰਿਤ ਝਾਕੀਆਂ ਵੀ ਪੇਸ਼ ਕੀਤੀਆਂ ਜਾਣਗੀਆਂ, ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਗਤੀਵਿਧੀਆਂ ਦਾ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਵੇਂ ਦਿਨ ਠੰਢੇ ਅਤੇ ਸਰਦ ਹਨ ਪਰ ਅਸੀਂ ਉਨ੍ਹਾਂ ਵਿਦਿਆਰਥੀਆਂ ਦਾ ਵਧੇਰੇ ਧਿਆਨ ਰੱਖ ਰਹੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਵਿੱਚ ਪ੍ਰਦਰਸ਼ਨ ਕਰਨਾ ਹੈ ਅਤੇ ਹਿੱਸਾ ਲੈਣਾ ਹੈ। ਗਣਤੰਤਰ ਦਿਵਸ ਦੇ ਨਾਲ-ਨਾਲ ਰਿਹਰਸਲ ਵਾਲੇ ਦਿਨ ਵੀ ਗਰਾਊਂਡ ਵਿੱਚ ਮੈਡੀਕਲ ਟੀਮਾਂ, ਰਿਫਰੈਸ਼ਮੈਂਟ ਅਤੇ ਪੀਣ ਵਾਲਾ ਪਾਣੀ ਉਪਲਬਧ ਹੋਵੇਗਾ।
ਉਨ੍ਹਾਂ ਵੱਖ-ਵੱਖ ਕੰਮਾਂ ਦੀ ਦੇਖ-ਰੇਖ ਕਰ ਰਹੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਪ੍ਰਤੀ ਸੁਚੇਤ ਰਹਿਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਤੋਂ ਬਚਿਆ ਜਾ ਸਕੇ।
ਇਸ ਮੌਕੇ ਹਾਜ਼ਰ ਅਧਿਕਾਰੀਆਂ ਵਿੱਚ ਏ.ਡੀ.ਸੀਜ਼ ਵਿਰਾਜ ਐਸ.ਤਿੜਕੇ, ਦਮਨਜੀਤ ਸਿੰਘ ਮਾਨ ਅਤੇ ਸੋਨਮ ਚੌਧਰੀ, ਨਗਰ ਨਿਗਮ ਕਮਿਸ਼ਨਰ ਨਵਜੋਤ ਕੌਰ, ਡਵੀਜ਼ਨਲ ਜੰਗਲਾਤ ਅਫ਼ਸਰ ਕਵਰਦੀਪ ਸਿੰਘ, ਐਸ.ਪੀ (ਐਚ) ਜਯੋਤੀ ਯਾਦਵ, ਐਸ.ਡੀ.ਐਮ ਚੰਦਰਜਯੋਤੀ ਸਿੰਘ, ਜੁਆਇੰਟ ਕਮਿਸ਼ਨਰ ਐਮ ਸੀ ਕਿਰਨ ਸ਼ਰਮਾ, ਸਹਾਇਕ ਕਮਿਸ਼ਨਰ (ਸਾਬਕਾ ਮੇਜਰ) ਸ਼੍ਰੀਮਤੀ ਹਰਜੋਤ ਕੌਰ ਮਾਵੀ, ਮੁੱਖ ਮੰਤਰੀ ਫੀਲਡ ਅਫਸਰ ਇੰਦਰ ਪਾਲ, ਸਹਾਇਕ ਕਮਿਸ਼ਨਰ (ਯੂਟੀ) ਡੇਵੀ ਗੋਇਲ, ਚੀਫ ਇੰਜੀਨੀਅਰ ਸਥਾਨਕ ਸਰਕਾਰਾਂ ਨਰੇਸ਼ ਬੱਤਾ ਅਤੇ ਡੀਐਸਪੀ ਪ੍ਰਭਜੋਤ ਕੌਰ ਸ਼ਾਮਿਲ ਸਨ।
ਡੀ ਸੀ ਆਸ਼ਿਕਾ ਜੈਨ ਨੇ ਸਰਕਾਰੀ ਕਾਲਜ ਮੁਹਾਲੀ ਵਿਖੇ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
Date: