ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਹਿੱਤ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਕਿਸਾਨਾਂ ਨਾਲ ਬੈਠਕਾਂ

ਜਲਾਲਾਬਾਦ (ਫਾਜ਼ਿਲਕਾ) 12 ਸਤੰਬਰ
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਐਸਐਸਪੀ ਸ: ਵਰਿੰਦਰ ਸਿੰਘ ਬਰਾੜ ਨੇ ਅੱਜ ਸਾਂਝੇ ਤੌਰ ਤੇ ਜਲਾਲਾਬਾਦ ਉਪਮੰਡਲ ਅਧੀਨ ਪੈਂਦੇ ਤਿੰਨ ਹਾਟਸਪਾਟ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਬੈਠਕਾਂ ਕੀਤੀਆਂ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਪਿੰਡ ਚੱਕ ਸੈਦੋਕੇ, ਘਾਂਘਾ ਅਤੇ ਸਵਾਹ ਵਾਲਾ ਵਿਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਸਾਡਾ ਕਿਸਾਨ ਜਾਗਰੂਕ ਹੋ ਰਿਹਾ ਹੈ ਅਤੇ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ ਲਗਾਤਾਰ ਕਮੀ ਆ ਰਹੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਵਾਤਾਵਰਨ ਸੁਰੱਖਿਆ, ਕਿਸਾਨਾਂ ਦੀ ਆਪਣੀ ਸਿਹਤ ਅਤੇ ਜਮੀਨ ਦੀ ਸਿਹਤ ਸੰਭਾਲ ਲਈ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਸਾੜਨ ਦਾ ਸਭ ਤੋਂ ਪਹਿਲਾਂ ਦੁਸ਼ ਪ੍ਰਭਾਵ ਕਿਸਾਨ ਅਤੇ ਉਸਦੇ ਪਰਿਵਾਰ ਦੀ ਸਿਹਤ ਅਤੇ ਕਿਸਾਨ ਦੀ ਜਮੀਨ ਦੀ ਸਿਹਤ ਤੇ ਪੈਂਦਾ ਹੈ। ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਇਸ ਲਈ ਪਰਾਲੀ ਨੂੰ ਜਮੀਨ ਵਿਚ ਮਿਲਾ ਕੇ ਹੀ ਇਸਦਾ ਪ੍ਰਬੰਧ ਕੀਤਾ ਜਾਵੇ ਤਾਂ ਇਹ ਸਭ ਤੋਂ ਬਿਹਤਰ ਤਰੀਕਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਵਿਚ ਜੋ ਮਸ਼ੀਨਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਦੀਆਂ ਸੂਚੀਆਂ ਪਿੰਡਾਂ ਵਿਚ ਸਾਂਝੀਆਂ ਥਾਂਵਾਂ ਤੇ ਲਗਾਈਆਂ ਜਾਣਗੀਆਂ। ਜਿੱਥੇ ਕਿਤੇ ਸਾਂਝੀ ਥਾਂ ਉਪਲਬੱਧ ਹੋਵੇਗੀ ਉਹ ਵੀ ਪਰਾਲੀ ਭੰਡਾਰ ਕਰਨ ਨੂੰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਕੁਝ ਪਰਾਲੀ ਉਹ ਆਪਣੇ ਜਾਨਵਰਾਂ ਲਈ ਵਰਤਨ ਲਈ ਵੀ ਇੱਕਠੀ ਕਰਨ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ਦੇ ਨਾਲ ਹੈ ਅਤੇ ਹਰ ਪ੍ਰਕਾਰ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਕਿਸਾਨ ਵੀ ਵਾਤਾਵਰਨ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਣ। ਉਨ੍ਹਾਂ ਨੇ ਕਿਹਾ ਕਿ ਜਿੰਨ੍ਹਾਂ ਕਿਸਾਨਾਂ ਨੇ ਸਬਸਿਡੀ ਤੇ ਮਸ਼ੀਨਾਂ ਲਈਆਂ ਹਨ ਉਹ ਇਹ ਮਸ਼ੀਨਾਂ ਹੋਰਨਾਂ ਕਿਸਾਨਾਂ ਨੂੰ ਵੀ ਕਿਰਾਏ ਤੇ ਮੁਹਈਆ ਕਰਵਾਉਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਹੁਤ ਵੱਡੀ ਗਿਣਤੀ ਵਿਚ ਅਜਿਹੇ ਕਿਸਾਨ ਹਨ ਜੋ ਕਈ ਕਈ ਸਾਲਾਂ ਤੋਂ ਅੱਗ ਲਗਾਏ ਬਿਨ੍ਹਾਂ ਪਰਾਲੀ ਦਾ ਪ੍ਰਬੰਧਨ ਕਰ ਰਹੇ ਹਨ। ਕਿਸਾਨ ਭਰਾਵਾਂ ਨੂੰ ਅਜਿਹੇ ਕਿਸਾਨਾਂ ਦੇ ਤਜਰਬੇ ਤੋਂ ਸਿੱਖਣ ਦੀ ਅਪੀਲ ਕੀਤੀ।
ਇਸ ਮੌਕੇ ਐਸਐਸਪੀ ਵਰਿੰਦਰ ਸਿੰਘ ਨੇ ਕਿਹਾ ਕਿ ਵਾਤਾਵਰਨ ਅਤੇ ਚੌਗਿਰਦੇ ਦੀ ਸੰਭਾਲ ਕਰਨਾ ਸਭ ਦਾ ਫਰਜ ਬਣਦਾ ਹੈ ਅਤੇ ਕਿਸਾਨ ਵੀਰਾਂ ਨੂੰ ਪਰਾਲੀ ਦਾ ਪ੍ਰਬੰਧਨ ਬਿਨ੍ਹਾਂ ਇਸ ਨੂੰ ਅੱਗ ਲਗਾਏ ਕਰਨਾ ਚਾਹੀਦਾ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਸ੍ਰੀ ਸੰਦੀਪ ਰਿਣਵਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਫਿਰੋਜ਼ਪੁਰ ਸ੍ਰੀ ਜੰਗੀਰ ਸਿੰਘ ਗਿੱਲ ਨੇ ਕਿਸਾਨਾਂ ਨੂੰ ਝੋਨੇ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿੱਤੀ।

[wpadcenter_ad id='4448' align='none']