ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਦਿਹਾਤੀ ਨੇ ਮੌਕੇ ਤੇ ਪਹੁੰਚ ਕੇ ਬੁਝਾਈ ਖੇਤਾਂ ਵਿੱਚ ਅੱਗ

ਅੰਮ੍ਰਿਤਸਰ, 17 ਅਕਤੂਬਰ, 2024:

                  ਖੇਤਾਂ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਅਚਾਨਕ ਹੋਏ ਵਾਧੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਦਿਹਾਤੀ ਸ: ਚਰਨਜੀਤ ਸਿੰਘ ਖੁਦ ਵੱਖ ਵਖ ਪਿੰਡਾਂ ਵਿੱਚ ਪਹੁੰਚੇ ਅਤੇ ਖੇਤਾਂ ਵਿੱਚ ਲੱਗੀ ਅੱਗ ਨੂੰ ਮੌਕੇ ਤੇ ਹੀ ਫਾਇਰ ਬ੍ਰਿਗੇਡ ਨੂੰ ਸੱਦ ਕੇ ਬੁਝਾਇਆ ਗਿਆ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਡਿਊਟੀ ਚ ਲਾਪ੍ਰਵਾਹੀ ਕਰਨ ਵਾਲੇ ਨੋਡਲ ਅਫਸਰਾਂ ਅਤੇ ਸਬੰਧਤ ਐਸ ਐਚ ਓ/ਬੀਟ ਅਫਸਰ ਖ਼ਿਲਾਫ਼ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀਆਂ ਹਾਲੀਆ ਹਦਾਇਤਾਂ ਅਨੁਸਾਰ ਅਦਾਲਤ ਚ ਕੇਸ ਦਾਇਰ ਕੀਤੇ ਜਾਣਗੇ।

                ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਦਿਹਾਤੀ ਸਭ ਤੋਂ ਪਹਿਲਾਂ ਪਿੰਡ ਮਹਿਲਾਂਵਾਲ ਵਿਖੇ ਪੁੱਜੇ ਅਤੇ ਖੇਤਾਂ ਵਿੱਚ ਲੱਗੀ ਅੱਗ ਨੂੰ ਬੁਝਾਇਆ ਗਿਆ ਤੇ ਇਸ ਉਪਰੰਤ ਅਦਲੀਵਾਲ, ਜਗਦੇਵ ਕਲਾਂ, ਮੱਲੂ ਨੰਗਰ, ਸਹਿਸਰਾ, ਰਾਜਾਸਾਂਸੀ ਅਤੇ  ਹਰਸ਼ਾਛੀਨਾ, ਵਿੱਖੇ ਪੁਜੇ ਅਤੇ ਖੇਤਾਂ ਵਿੱਚ ਲੱਗੀ ਅੱਗ ਨੂੰ ਦੇਖ ਕੇ ਮੌਕੇ ਤੇ ਹੀ ਫਾਇਰ ਬ੍ਰਿਗੇਡ ਨੂੰ ਸੱਦ ਕੇ ਅੱਗ ਬੁਝਾਈ ਗਈ।

                ਡਿਪਟੀ ਕਮਿਸ਼ਨਰ ਨੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦਾ ਘਟਨਾਕ੍ਰਮ ਵਾਰ ਜਾਇਜ਼ਾ ਲੈਂਦਿਆਂ ਕਿਹਾ ਕਿ ਡਿਊਟੀ ਵਿੱਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਰੇ ਜ਼ਿੰਮੇਵਾਰ ਵਿਅਕਤੀਆਂ ਸਮੇਤ ਅਧਿਕਾਰੀਆਂ ਨੂੰ ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਦੀ ਉਲੰਘਣਾ ‘ਤੇ ਜਵਾਬ ਦਾਇਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ  ਪਰਾਲੀ ਪ੍ਰਬੰਧਨ ਮਸ਼ੀਨਰੀ ਦਾ ਵੱਡੀ ਗਿਣਤੀ ਵਿੱਚ ਪ੍ਰਬੰਧ ਹੋਣ ਦੇ ਬਾਵਜੂਦ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਬਰਦਾਸ਼ਤ ਕਰਨ ਯੋਗ ਨਹੀਂ ਹਨ। ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਕਿਸਾਨਾਂ ਤੱਕ ਇਨ੍ਹਾਂ ਮਸ਼ੀਨਾਂ ਦੀ ਪਹੁੰਚ ਵਧਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਾਰੇ ਨੋਡਲ ਅਫ਼ਸਰਾਂ ਨੂੰ ਵਧੇਰੇ ਚੌਕਸ ਰਹਿਣਾ ਚਾਹੀਦਾ ਹੈ। ਇਸੇ ਦੌਰਾਨ ਅੱਜ ਖੇਤਾਂ ਵਿੱਚ ਕੰਮ ਕਰ ਰਹੀਆਂ ਟੀਮਾਂ ਨੇ ਖੇਤਾਂ ਵਿੱਚ ਪਹੁੰਚ ਕੇ ਅੱਗ ਬੁਝਾਈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਲਈ ਸਾਡੇ ਹੈਲਪਲਾਈਨ ਨੰਬਰ 0183-2229125 ਤੇ ਸੰਪਰਕ ਕਰਨ। ਉਨ੍ਹਾਂ ਨੇ ਪਿੰਡ ਲੈਵਲ ਤੇ ਕੰਮ ਕਰ ਰਹੇ ਨੋਡਲ ਅਫਸਰਾਂ ਨੂੰ ਵੀ ਚੈਕ ਕੀਤਾ ਅਤੇ ਉਨ੍ਹਾਂ ਨੂੰ ਚੋਕਸ ਕਰਦੇ ਹੋਏ ਕਿਹਾ ਕਿ ਕਿਸੇ ਵੀ ਖੇਤ ਵਿੱਚ ਲੱਗੀ ਪਰਾਲੀ ਦੀ ਅੱਗ ਮੌਕੇ ਤੁਹਾਡਾ ਪਹੁੰਚਣਾ ਬੇਹੱਦ ਜਰੂਰੀ ਹੈ ਅਤੇ ਤੁਸੀਂ ਇਸ ਤੋਂ ਇਲਾਵਾ ਕਿਸਾਨਾਂ ਨੂੰ ਚੌਕਸ ਕਰਕੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਰੋਕੋ।

ਦੱਸਣਯੋਗ ਹੈ ਕਿ  ਕਮਿਸ਼ਨ ਨੇ 10 ਅਕਤੂਬਰ, 2024 ਦੇ ਆਪਣੇ ਆਦੇਸ਼ ਵਿੱਚ ਕਿਹਾ ਹੈ, “ਸੈਕਸ਼ਨ ਐਲ 4(2) ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਕਮਿਸ਼ਨ, ਪੰਜਾਬ, ਹਰਿਆਣਾ, ਐਨ.ਸੀ.ਆਰ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਖੇਤਰ ਅਤੇ ਦਿੱਲੀ ਦੇ ਐਨ ਸੀ ਟੀ ਵਿੱਚ ਤਾਇਨਾਤ ਡਿਪਟੀ ਕਮਿਸ਼ਨਰ/ਜ਼ਿਲ੍ਹਾ ਕੁਲੈਕਟਰ/ਜ਼ਿਲ੍ਹਾ ਮੈਜਿਸਟ੍ਰੇਟ ਨੂੰ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਨੂੰ ਰੋਕਣ ਲਈ ਵੱਖ-ਵੱਖ ਪੱਧਰਾਂ ਅਤੇ ਸਟੇਸ਼ਨਾਂ ‘ਤੇ ਤਾਇਨਾਤ ਨੋਡਲ ਅਫ਼ਸਰ, ਸੁਪਰਵਾਈਜ਼ਰੀ ਅਫ਼ਸਰ ਅਤੇ ਸਟੇਸ਼ਨ ਹਾਊਸ ਅਫਸਰ, ਜੋ ਕਿ ਇਨ੍ਹਾਂ ਰੋਕ ਦੇ ਹੁਕਮਾਂ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਿੰਮੇਵਾਰ ਹਨ, ਦੀ ਅਯੋਗਤਾ ਦੇ ਸਬੰਧ ਵਿੱਚ ਇਲਾਕਾ ਜੁਡੀਸ਼ੀਅਲ ਮੈਜਿਸਟਰੇਟ ਕੋਲ ਸ਼ਿਕਾਇਤ / ਮੁਕੱਦਮਾ ਦਰਜ ਕਰਨ ਲਈ ਅਧਿਕਾਰਤ ਕੀਤਾ ਜਾਂਦਾ ਹੈ।”

                ਅੱਜ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ ਵਲੋਂ ਵੀ ਖੇਤਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਜੰਡਿਆਲਾ, ਧੀਰੇ ਕੋਟ, ਵਡਾਲਾ ਜੌਹਲ, ਅਮਰਜੋਤ, ਬਮ੍ਹਾ ਗਹਿਰੀ ਦਾ ਦੌਰਾ ਕਰਕੇ ਅੱਗ ਬੁਝਾਈ ਗਈ ਅਤੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਅੱਗ ਲਗਾਉਣ ਵਾਲੇ ਕਿਸਾਨਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨਾਂ ਕਿਹਾ ਕਿ ਅੱਗ ਲੱਗਣ ਨਾਲ ਜਿਥੇ ਸਾੜਾ ਵਾਤਾਵਰਨ ਖਰਾਬ ਹੋ ਰਿਹਾ ਹੈ, ਉਥੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲ ਰਹੀਆਂ ਹਨ।

          ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਸ: ਤਜਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।