ਪੰਜਾਬ ’ਚ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਅਤੇ ਕਰੀਬ ਅੱਧੇ ਪੰਜਾਬ ’ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਤੇਜ਼ ਮੀਂਹ ਅਤੇ ਪਾਣੀ ਦੇ ਵਹਾਅ ਨੇ ਛੇ ਜਾਨਾਂ ਲੈ ਲਈਆਂ ਹਨ ਅਤੇ ਦਰਜਨਾਂ ਪਸ਼ੂ ਵੀ ਲਪੇਟ ਵਿਚ ਆ ਗਏ ਹਨ। ਘੱਗਰ ਅਤੇ ਸਤਲੁਜ ਦਰਿਆਵਾਂ ਤੋਂ ਇਲਾਵਾ ਸਰਹਿੰਦ ਨਹਿਰ ’ਚ ਪਾਣੀ ਦਾ ਪੱਧਰ ਇਕਦਮ ਵਧਣ ਕਾਰਨ ਕਈ ਜ਼ਿਲ੍ਹਿਆਂ ਵਿਚ ਹਾਲਾਤ ਬੇਕਾਬੂ ਹੋ ਗਏ ਹਨ।
ਹੁਣ ਖਬਰ ਆਈ ਹੈ ਕਿ ਸਤਲੁਜ ਦਰਿਆ ਵਿੱਚ ਆਏ ਸਮਰੱਥਾ ਤੋਂ ਵੱਧ ਪਾਣੀ ਨੇ ਦੋ ਥਾਵਾਂ ਤੋਂ ਧੁੱਸੀ ਬੰਨ੍ਹ ਤੋੜ ਦਿੱਤਾ ਹੈ। ਜਾਣਕਾਰੀ ਮੁਤਾਬਕ ਇਕ ਪਾੜ ਰਾਤ 12.40 ਦੇ ਕਰੀਬ ਅਤੇ ਦੂਸਰਾ ਪਾੜ 2 ਵਜੇ ਦੇ ਕਰੀਬ ਪਿਆ ਹੈ। ਗਿੱਦੜ ਪਿੰਡੀ ਨੇੜਿਓਂ ਪਿੰਡ ਮੰਡਾਲਾ ਅਤੇ ਨਸੀਰਪੁਰ ਦੇ ਵਿਚਕਾਰ ਸਤਲੁਜ ਦਰਿਆ ਦਾ ਬੰਨ ਟੁੱਟ ਗਿਆ ਹੈ।