ਪਟਿਆਲਾ, 9 ਜਨਵਰੀ
ਭਾਸ਼ਾ ਵਿਭਾਗ ਪੰਜਾਬ ਵੱਲੋਂ ਵੱਡੇ ਉਪਰਾਲੇ ਤਹਿਤ ਵਿਭਾਗ ਦੀ ਹਵਾਲਾ ਲਾਇਬਰੇਰੀ ’ਚ ਮੌਜੂਦ 1.18 ਲੱਖ ਦੇ ਕਰੀਬ ਵੱਖ-ਵੱਖ ਭਾਸ਼ਾਵਾਂ ਦੀਆਂ ਦੁਰਲੱਭ ਤੇ ਮਿਆਰੀ ਪੁਸਤਕਾਂ ਨੂੰ ਡਿਜ਼ੀਟਲ ਰੂਪ ’ਚ ਸੰਭਾਲਣ ਦਾ ਕਾਰਜ ਅੱਜ ਆਰੰਭ ਕਰ ਦਿੱਤਾ ਗਿਆ ਹੈ, ਜਿੰਨਾਂ ਵਿੱਚ 68 ਹਜ਼ਾਰ ਦੇ ਕਰੀਬ ਗੁਰਮੁਖੀ ਲਿਪੀ (ਪੰਜਾਬੀ) ਵਾਲੀਆਂ ਪੁਸਤਕਾਂ ਸ਼ਾਮਲ ਹਨ। ਇਸ ਤੋਂ ਇਲਾਵਾ ਹਿੰਦੀ, ਉਰਦੂ, ਸੰਸਕ੍ਰਿਤ ਤੇ ਅੰਗਰੇਜ਼ੀ ਦੀਆਂ ਪੁਸਤਕਾਂ ਵੀ ਇਸ ਕਾਰਜ ’ਚ ਸ਼ਾਮਲ ਕੀਤੀਆਂ ਜਾਣਗੀਆਂ। ਪੰਜਾਬ ਡਿਜ਼ੀਟਲ ਲਾਇਬਰੇਰੀ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿਘ ਜ਼ਫ਼ਰ ਵੱਲੋਂ ਟੀਮ ਨੂੰ ਸ਼ੁਭ ਕਾਮਨਾਵਾਂ ਦੇਣ ਨਾਲ ਹੋਈ। ਇਸ ਮੌਕੇ ਪੰਜਾਬ ਡਿਜ਼ੀਟਲ ਲਾਇਬਰੇਰੀ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ ਉਚੇਚੇ ਤੌਰ ’ਤੇ ਹਾਜ਼ਰ ਹੋਏ।
ਇਸ ਮੌਕੇ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਇਹ ਕਾਰਜ ਦੋ ਮੰਤਵਾਂ ਤਹਿਤ ਆਰੰਭ ਕੀਤਾ ਗਿਆ ਹੈ। ਪਹਿਲਾ ਭਾਸ਼ਾ ਵਿਭਾਗ ਪੰਜਾਬ ਕੋਲ ਮੌਜੂਦ ਵੱਡਮੁੱਲੇ ਸਾਹਿਤਕ ਵਿਰਸੇ ਨੂੰ ਸੰਭਾਲਣਾ ਹੈ। ਦੂਸਰਾ ਮੰਤਵ ਪੰਜਾਬੀ ਭਾਸ਼ਾ ਨੂੰ ਮਸ਼ੀਨੀ ਬੁੱਧੀਮਾਨਤਾ ਦੇ ਖੇਤਰ ’ਚ ਸਥਾਪਤ ਕਰਨਾ ਹੈ। ਡਿਜ਼ੀਟਾਈਜੇਸ਼ਨ ਦੇ ਕਾਰਜ ਸਦਕਾ ਵੱਖ-ਵੱਖ ਭਾਸ਼ਾਵਾਂ ’ਚ ਤਿੰਨ ਸੌ ਸਾਲ ਤੋਂ ਪੁਰਾਣੀਆਂ ਹੱਥ ਲਿਖਤਾਂ, ਪੁਰਾਤਨ ਗ੍ਰੰਥ, ਸਿੱਖ ਗੁਰੂ ਸਾਹਿਬਾਨਾਂ ਦਾ ਸਮਕਾਲੀ ਸਾਹਿਤ, ਵਿਸ਼ਵ ਕਲਾਸਿਕ ਸਾਹਿਤ, ਭਾਸ਼ਾ ਵਿਭਾਗ ਦੇ ਰਸਾਲਿਆਂ ਦੇ ਵਿਸ਼ੇਸ਼ ਅੰਕ, ਪੁਰਾਣੇ ਨਕਸ਼ੇ ਅਤੇ ਹੋਰ ਬਹੁਤ ਸਾਰੀਆਂ ਵੱਡਮੁੱਲੀਆਂ ਲਿਖਤਾਂ ਡਿਜ਼ੀਟਲ ਰੂਪ ’ਚ ਉਪਲਬਧ ਹੋਣ ਜਾਣਗੀਆਂ। ਅਜਿਹੀਆਂ ਦੁਰਲੱਭ ਕ੍ਰਿਤਾਂ ’ਚ 20 ਹਜ਼ਾਰ ਦੇ ਕਰੀਬ ਅਜਿਹੀਆਂ ਪੁਸਤਕਾਂ ਸ਼ਾਮਲ ਹਨ ਜਿੰਨਾਂ ਦੀ ਸਿਰਫ਼ ਇੱਕ-ਇੱਕ ਕਾਪੀ ਹੀ ਵਿਭਾਗ ਕੋਲ ਮੌਜੂਦ ਹੈ। ਪੁਰਾਤਨ 542 ਹੱਥ ਲਿਖਤਾਂ ਨੂੰ ਦੇਖਣ ਲਈ ਅਕਸਰ ਹੀ ਖੋਜਾਰਥੀ ਤੇ ਸ਼ਰਧਾਮੂਲਕ ਬਿਰਤੀ ਵਾਲੇ ਲੋਕ ਵਿਭਾਗ ’ਚ ਆਉਂਦੇ ਰਹਿੰਦੇ ਹਨ, ਜਿਸ ਕਾਰਨ ਪੁਰਾਤਨ ਹੱਥ ਲਿਖਤਾਂ ਨੂੰ ਖਾਸ ਤੌਰ ’ਤੇ ਨੁਕਸਾਨ ਪੁੱਜਣ ਦਾ ਡਰ ਰਹਿੰਦਾ ਸੀ ਪਰ ਹੁਣ ਇੰਨਾਂ ਲਿਖਤਾਂ ਨੂੰ ਡਿਜੀਟਲ ਰੂਪ ’ਚ ਦੇਖਣ ਦੀ ਸਹੂਲਤ ਮਿਲ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕਾਰਜ ਜਿੱਥੇ ਦੁਨੀਆ ਭਰ ’ਚ ਬੈਠੇ ਪਾਠਕਾਂ ਲਈ ਵੱਡੇ ਪੱਧਰ ’ਤੇ ਪੜ੍ਹਨ ਸਮੱਗਰੀ ਪ੍ਰਦਾਨ ਕਰੇਗਾ ਉੱਥੇ ਖੋਜਾਰਥੀਆਂ ਲਈ ਵੀ ਵੱਡੀ ਸਹੂਲਤ ਪੈਦਾ ਹੋ ਜਾਵੇਗੀ। ਇਸ ਸਮੱਗਰੀ ਨੂੰ ਜਲਦ ਹੀ ਇੱਕ ਪੋਰਟਲ ਜਰੀਏ ਜਨਤਕ ਕਰ ਦਿੱਤਾ ਜਾਵੇਗਾ।
ਸ. ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅੱਠ ਮੈਂਬਰੀ ਟੀਮ ਵੱਲੋਂ 4 ਯੂਨਿਟ ਲਗਾਕੇ, ਇਸ ਵੱਡੇ ਤੇ ਵੱਡਮੁੱਲੇ ਕਾਰਜ ਦੀ ਸ਼ੁਰੂਆਤ ਕੀਤੀ ਜਾ ਗਈ ਹੈ ਅਤੇ ਇਸ ਵਿੱਚ ਵਿਸਥਾਰ ਕਰਨ ਹਿੱਤ ਆਉਣ ਵਾਲੇ ਕੁਝ ਹਫ਼ਤਿਆਂ ’ਚ ਦੋ ਹੋਰ ਯੂਨਿਟ ਵੀ ਸਥਾਪਤ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਕਾਰਜ ਤਹਿਤ ਤਕਰੀਬਨ ਤਿੰਨ ਕਰੋੜ ਸਫ਼ੇ ਸਕੈਨ ਕਰਕੇ, ਡਿਜ਼ੀਟਲ ਰੂਪ ’ਚ ਈ-ਪੁਸਤਕਾਂ ਤਿਆਰ ਕੀਤੀਆਂ ਜਾਣਗੀਆਂ। ਜਿਸ ਨਾਲ ਪਾਠਕਾਂ ਨੂੰ ਵੱਡਮੁੱਲੇ ਸਾਹਿਤ ਦਾ ਭੰਡਾਰ ਮਿਲ ਜਾਵੇਗਾ। ਇਸ ਮੌਕੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ ਤੇ ਆਲੋਕ ਚਾਵਲਾ, ਸੁਪਰਡੈਂਟ ਭੁਪਿੰਦਰਪਾਲ ਸਿੰਘ, ਲਾਇਬਰੇਰੀਅਨ ਨੇਹਾ ਵੀ ਹਾਜ਼ਰ ਸਨ।
ਭਾਸ਼ਾ ਵਿਭਾਗ ਪੰਜਾਬ ਵੱਲੋਂ 1.18 ਲੱਖ ਦੁਰਲੱਭ ਪੁਸਤਕਾਂ ਦੀ ਡਿਜੀਟਾਈਜੇਸ਼ਨ ਦਾ ਕਾਰਜ ਆਰੰਭ
Date: