ਲੁਧਿਆਣਾ, 12 ਜੂਨ (000) – ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਅਤੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੇਂਦਰੀ ਜੇਲ੍ਹ, ਲੁਧਿਆਣਾ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਦਾ ਆਯੋਜਨ ਕਰਵਾਇਆ ਗਿਆ।
ਸਥਾਨਕ ਕੇਂਦਰੀ ਜੇਲ੍ਹ, ਲੁਧਿਆਣਾ ਵਿਖੇ ਲੱਗੇ ਕੈਂਪ ਦੌਰਾਨ ਸਿਵਲ ਸਰਜਨ, ਲੁਧਿਆਣਾ ਦੇ ਦਫ਼ਤਰ ਵੱਲੋਂ ਹੱਡੀਆ, ਅੱਖਾ, ਸਕਿਨ, ਡੈਂਟਲ, ਮੈਡੀਸਿਨ ਆਦਿ ਦੇ ਮਾਹਰ ਡਾਕਟਰਾਂ ਵੱਲੋਂ ਜੇਲ੍ਹ ਵਿੱਚ ਬੰਦ ਹਵਾਲਾਤੀਆਂ/ਕੈਦੀਆਂ ਦਾ ਵਿਸ਼ੇਸ਼ ਮੈਡੀਕਲ ਚੈੱਕ-ਅਪ ਕੀਤਾ ਗਿਆ ਅਤੇ ਮੌਕੇ ‘ਤੇ ਲੋੜੀਂਦੀਆਂ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ।
ਇਸ ਮੌਕੇ ਸੀ.ਜੇ.ਐਮ.-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਹਰਵਿੰਦਰ ਸਿੰਘ ਵੱਲੋਂ ਕੇਂਦਰੀ ਜੇਲ੍ਹ, ਲੁਧਿਆਣਾ ਦਾ ਵਿਸ਼ੇਸ਼ ਦੌਰਾ ਕਰਦਿਆਂ ਮੈਡੀਕਲ ਕੈਂਪ ਦਾ ਨਿਰੀਖਣ ਕੀਤਾ ਅਤੇ ਕੈਂਪ ਦੌਰਾਨ ਚੈੱਕ-ਅਪ ਲਈ ਆਏ ਹੋਏ ਹਵਾਲਾਤੀਆਂ/ਕੈਦੀਆਂ ਦੀਆਂ ਸਮਸਿਆਵਾਂ ਵੀ ਸੁਣੀਆਂ।
ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਮੈਡੀਕਲ ਕੈਂਪ ਦੌਰਾਨ ਡਿਊਟੀ ਨਿਭਾਉਣ ਵਾਲੇ ਮਾਹਰ ਡਾਕਟਰਾਂ ਅਤੇ ਜੇਲ੍ਹ ਪ੍ਰਸਾਸ਼ਨ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਬੰਦੀਆ ਨੂੰ ਭਰੋਸਾ ਦਿੱਤਾ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਸਮੇਂ-ਸਮੇਂ ਤੇ ਕੇਂਦਰੀ ਜੇਲ੍ਹ, ਲੁਧਿਆਣਾ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਆਯੋਜਿਤ ਕੀਤੇ ਜਾਣਗੇ ਤਾਂ ਜੋ ਕੋਈ ਵੀ ਬੰਦੀ ਕਿਸੇ ਵੀ ਪ੍ਰਕਾਰ ਦੇ ਇਲਾਜ਼ ਤੋਂ ਵਾਂਝਾ ਨਾ ਰਹਿ ਸਕੇ।
ਇਸ ਤੋਂ ਇਲਾਵਾ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਬਾਰੇ ਵੀ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਜੇਕਰ ਕਿਸੇ ਹਵਾਲਾਤੀ ਕੋਲ ਆਪਣੇ ਕੇਸ ਦੀ ਪੈਰਵੀ ਕਰਨ ਲਈ ਵਕੀਲ ਨਹੀਂ ਹੈ ਤਾਂ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ ਜੇਲ੍ਹ ਵਿੱਚ ਸਥਾਪਿਤ ਕੀਤੇ ਗਏ ਲੀਗਲ ਏਡ ਕਲੀਨਿਕ ਰਾਹੀਂ ਮੁਫ਼ਤ ਕਾਨੂੰਨੀ ਸਹਾਇਤਾਂ ਸਕੀਮ ਦਾ ਫਾਰਮ ਭਰਿਆ ਜਾ ਸਕਦਾ ਹੈ ਅਤੇ ਅਥਾਰਟੀ ਵੱਲੋਂ ਵਕੀਲ ਮੁਹੱਈਆ ਕਰਵਾਇਆ ਜਾਵੇਗਾ।