ਮੋਗਾ, 26 ਦਸੰਬਰ,
ਚਾਈਨਾ ਡੋਰ ਨੂੰ ਵੇਚਣਾ, ਖਰੀਦਣਾ ਤੇ ਇਸਦੀ ਵਰਤੋਂ ਉਪਰ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਸ ਨਾਲ ਪੰਛੀਆਂ ਦੀ ਜਾਨ ਨੂੰ ਖਤਰਾ ਹੋਣ ਦੇ ਨਾਲ ਨਾਲ ਇਸ ਨਾਲ ਹੋਰ ਹਾਦਸੇ ਵੀ ਵਾਪਰਨ ਦਾ ਖਤਰਾ ਰਹਿੰਦਾ ਹੈ।
ਸਕੂਲੀ ਬੱਚਿਆਂ ਨੂੰ ਇਸਦੇ ਦੁਸ਼ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੋਗਾ ਨੇ ਡੀ.ਐਮ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿੱਚ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਜਾਗਰੂਕਤਾ ਕੈਂਪ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੋਗਾ ਦੇ ਐਸ.ਡੀ.ਓ. ਸ੍ਰ. ਸ਼ਮਸ਼ੇਰ ਸਿੰਘ ਨੇ ਸੰਬੋਧਨ ਕੀਤਾ।
ਉਹਨਾਂ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਇਹ ਡੋਰ ਪਲਾਸਟਿਕ ਦੇ ਧਾਗੇ ਅਤੇ ਮਟੈਲਿਕ ਪਾਉਡਰ ਨਾਲ ਤਿਆਰ ਕੀਤੀ ਜਾਂਦੀ ਹੈ, ਜਿਹੜਾ ਕਿ ਖਤਰਨਾਲ ਸੁਮੇਲ ਹੈ। ਪਲਾਸਟਿਕ ਦਾ ਧਾਗਾ ਟੁੱਟਣ ਵਿੱਚ ਔਖਾ ਹੁੰਦਾ ਹੈ, ਇਸ ਦੀ ਲਪੇਟ ਵਿੱਚ ਆਉਣ ਵਾਲੇ ਵਿਅਕਤੀ, ਡੋਰ ਵਿੱਚ ਉਲਝ ਕੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੇ ਲੱਗਿਆ ਮਟੈਲਿਕ ਪਾਉਡਰ ਬਿਜਲੀ ਦੀ ਤਾਰ ਨੂੰ ਛੂਹਣ ਤੇ ਕਰੰਟ ਪਾਸ ਕਰਦਾ ਹੈ, ਜਿਸ ਨਾਲ ਜਾਨੀ ਨੁਕਸਾਨ ਜੋ ਸਕਦਾ ਹੈ। ਹਰ ਸਾਲ ਹਜਾਰਾਂ ਦੀ ਗਿਣਤੀ ਵਿੱਚ ਕੁਦਰਤ ਦੇ ਭੋਲੇ-ਭਾਲੇ ਪੰਛੀ ਇਸ ਵਿੱਚ ਫਸ ਕੇ ਜਖਮੀ ਹੋ ਜਾਂਦੇ ਹਨ ਜਾਂ ਮਰ ਜਾਂਦੇ ਹਨ। ਇਸ ਲਈ ਇਸ ਡੋਰ ਨੂੰ ਮੌਤ ਦਾ ਸੌਦਾਗਰ ਵੀ ਕਿਹਾ ਜਾਂਦਾ ਹੈ। ਉਹਨਾਂ ਕਿਹਾ ਕਿ ਸਿਰਫ ਸੂਤੀ ਧਾਗੇ ਵਾਲੀ, ਭਾਰਤੀ ਡੋਰ ਹੀ ਖਰੀਦਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਨੂੰ ਸਭਨਾਂ ਨੂੰ ਰਲ ਕੇ ਇਸ ਵਿਰੁੱਧ ਲੋਕ ਲਹਿਰ ਬਣਾਉਣੀ ਚਾਹੀਦੀ ਹੈ ਅਤੇ ਇਸਦੀ ਵਰਤੋਂ ਨੂੰ ਰੋਕਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਵਿਅਕਤੀ ਜਾਂ ਸਾਡਾ ਨਜਦੀਕੀ ਇਸ ਦਾ ਸ਼ਿਕਾਰ ਨਾ ਬਣ ਸਕੇ।