ਦਿਵਸ ਸਮਾਗਮ ਦੇ ਅਗੇਤੇ ਪ੍ਰਬੰਧਾਂ ਸਬੰਧੀ ਕੀਤੀ ਮੀਟਿੰਗ
ਫ਼ਤਹਿਗੜ੍ਹ ਸਾਹਿਬ, 09 ਜਨਵਰੀ:-
26 ਜਨਵਰੀ ਦਾ ਦਿਨ ਸਮੂਹ ਭਾਰਤੀਆਂ ਲਈ ਗੌਰਵ ਦਾ ਪ੍ਰਤੀਕ ਹੈ ਕਿਉਂਕਿ 26 ਜਨਵਰੀ, 1950 ਨੂੰ ਆਜ਼ਾਦ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ। ਅਨੇਕਤਾ ਵਿੱਚ ਏਕਤਾ ਦੇ ਪ੍ਰਤੀਕ ਸਾਡੇ ਸੰਵਿਧਾਨ ਵਿੱਚ ਹਰੇਕ ਨਾਗਰਿਕ ਨੂੰ ਬਰਾਬਰਤਾ ਦੇ ਹੱਕ ਦਿੱਤੇ ਗਏ ਹਨ। ਇਸ ਲਈ ਸਮੂਹ ਅਧਿਕਾਰੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਖੇਡ ਸਟੇਡੀਅਮ ਮਾਧੋਪੁਰ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਸਮਰਪਣ ਭਾਵਨਾਂ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਤਾਂ ਜੋ ਇਸ ਪਵਿੱਤਰ ਦਿਹਾੜੇ ਨੂੰ ਦੇਸ਼ ਭਗਤੀ ਦੀ ਭਾਵਨਾਂ ਨਾਲ ਮਨਾਇਆ ਜਾ ਸਕੇ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਨੇ ਬੱਚਤ ਭਵਨ ਵਿਖੇ ਗਣਤੰਤਰ ਦਿਵਸ ਸਮਾਗਮ ਸਬੰਧੀ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਜ਼ਿਲ੍ਹੇ ਦੇ ਸੁਤੰਤਰਤਾ ਸੰਗਰਾਮੀਆਂ ਤੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ ਪੰਜਾਬ ਪੁਲਿਸ, ਪੰਜਾਬ ਮਹਿਲਾ ਪੁਲਿਸ, ਪੰਜਾਬ ਹੋਮ ਗਾਰਡਜ਼ ਸਮੇਤ ਐਨ.ਸੀ.ਸੀ. ਵਿੰਗਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਤੇ ਟਰਾਈ ਸਾਇਕਲ ਦਿੱਤੇ ਜਾਣਗੇ।
ਡਾ: ਸੋਨਾ ਥਿੰਦ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਗਣਤੰਤਰ ਦਿਵਸ ਸਮਾਗਮ ਦੌਰਾਨ ਸੁਰੱਖਿਆ ਪ੍ਰਬੰਧਾਂ ਬਾਰੇ, ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਕਾਰਜ ਸਾਧਕ ਅਫਸਰ ਨੂੰ ਖੇਡ ਸਟੇਡੀਅਮ ਤੇ ਆਲੇ ਦੁਆਲੇ ਦੀ ਸਾਫ ਸਫਾਈ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਜ਼ਿਲ੍ਹਾ ਮੰਡੀ ਅਫਸਰ ਨੂੰ ਸਮਾਗਮ ਵਾਲੀ ਥਾਂ `ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਤੇ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਨੂੰ ਰੀਹਰਸਲਾਂ ਤੇ ਸਮਾਗਮ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ, ਬਾਗਬਾਨੀ ਵਿਭਾਗ ਨੂੰ ਸਮਾਗਮ ਦੌਰਾਨ ਸਜਾਵਟ ਦਾ ਪ੍ਰਬੰਧ ਕਰਨ ਲਈ ਵੀ ਕਿਹਾ।
ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 26 ਜਨਵਰੀ ਵਾਲੇ ਦਿਨ ਖੇਡ ਸਟੇਡੀਅਮ ਮਾਧੋਪੁਰ ਵਿਖੇ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜਰੀ ਯਕੀਨੀ ਬਣਾਈ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਸ਼ਲਾਘਾਯੋਗ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸੂਚੀ 20 ਜਨਵਰੀ ਤੱਕ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਸਨਮਾਨ ਕਰਨ ਲਈ ਉਨ੍ਹਾਂ ਅਧਿਕਾਰੀਆਂ ਜਾਂ ਕਰਮਚਾਰੀਆਂ ਦਾ ਨਾਮ ਹੀ ਭੇਜਿਆ ਜਾਵੇ ਜਿਨ੍ਹਾਂ ਨੇ ਸਹੀ ਅਰਥਾਂ ਵਿੱਚ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਗੀਤਿਕਾ ਸਿੰਘ, ਐਸ.ਪੀ. (ਹੈ/ਕੁ) ਰਾਕੇਸ਼ ਯਾਦਵ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਮਾਲ ਅਫਸਰ ਕਰੁਣ ਗੁਪਤਾ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸੁਸ਼ੀਲ ਨਾਥ, ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਸਮਸ਼ੇਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਜਸਪ੍ਰੀਤ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।