ਫਾਜ਼ਿਲਕਾ 13 ਦਸੰਬਰ 2023..
ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਦੌਲਤ ਰਾਮ ਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਅੰਜੂ ਸੇਠੀ ਦੇ ਨਿਰਦੇਸ਼ਾਂ ਤਹਿਤ ਬੱਚਿਆਂ ਨੂੰ ਗੁਣਾਤਮਕ ਅਤੇ ਬੁਨਿਆਦੀ ਸਿੱਖਿਆ ਦੇਣ ਲਈ ਚਲਾਏ ਜਾ ਰਹੇ ਮਿਸ਼ਨ ਸਮਰੱਥ ਅਧੀਨ ਜ਼ਿਲੇ ਦੇ ਸਿੱਖਿਆ ਬਲਾਕ ਫਾਜ਼ਿਲਕਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪ੍ਰਮੋਦ ਕੁਮਾਰ ਨੇ ਸਰਹੱਦੀ ਖੇਤਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸਕੂਲਾਂ ਵਿੱਚ ਬੱਚਿਆਂ ਨੂੰ ਗੁਣਾਤਮਕ ਅਤੇ ਬੁਨਿਆਦੀ ਸਿੱਖਿਆ ਦੇਣ ਲਈ ਚਲਾਏ ਜਾ ਰਹੇ ਮਿਸ਼ਨ ਸਮਰੱਥ ਅਧੀਨ ਤੀਸਰੀ, ਚੌਥੀ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਵਿਭਾਗ ਦੇ ਪੋਰਟਲ ਅਨੁਸਾਰ ਜਾਂਚ ਕੀਤੀ ਤੇ ਪਾਈ ਗਈ ਘਾਟ ਬਾਰੇ ਸਕੂਲ ਮੁਖੀਆਂ ਤੇ ਸੰਬੰਧਤ ਅਧਿਆਪਕਾਂ ਨੂੰ ਮੌਕੇ ਤੇ ਨਿਰਦੇਸ਼ ਦਿੱਤੇ।
ਵਧੇਰੇ ਜਾਣਕਾਰੀ ਦਿੰਦਿਆਂ ਬੀ ਪੀ ਈ ਓ ਪ੍ਰਮੋਦ ਕੁਮਾਰ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀ ਨੀਂਹ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਿੱਖਿਆ ਮੰਤਰੀ ਪੰਜਾਬ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦਾ ਡ੍ਰੀਮ ਪ੍ਰੋਜੈਕਟ ਮਿਸ਼ਨ ਸਮਰੱਥ ਪਿਛਲੇ ਮਹੀਨੇ ਲਾਂਚ ਕੀਤਾ ਗਿਆ ਹੈ ਜਿਸ ਅਧੀਨ ਵਿਭਾਗ ਦੇ ਸਿੱਖਿਆ ਸਕੱਤਰ ਕੇ ਕੇ ਯਾਦਵ ਆਈ ਏ ਐਸ ਦੇ ਹੁਕਮਾਂ ਅਨੁਸਾਰ ਉਹ ਅਤੇ ਉਸਦੀਆਂ ਟੀਮਾਂ ਵੱਲੋਂ ਸਕੂਲਾਂ ਵਿਚ ਜਾ ਕੇ ਜਾਂਚ ਕੀਤੀ ਜਾ ਰਹੀ ਹੈ ਜਿਸ ਵਿਚ ਮੰਗਲਵਾਰ ਤੇ ਬੁੱਧਵਾਰ ਨੂੰ ਬਲਾਕ ਦੇ ਸਰਹੱਦੀ ਖੇਤਰਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਗੁਲਾਬਾ ਭੈਣੀ, ਰੇਤੇ ਵਾਲੀ ਭੈਣੀ, ਤੇਜਾ ਰੂਹੇਲਾ, ਝੰਗੜ੍ ਭੈਣੀ, ਢਾਣੀ ਸੱਦਾ ਸਿੰਘ, ਮਨਸਾ ਬ੍ਰਾਂਚ ਦੇ ਸਕੂਲਾਂ ਵਿੱਚ ਪੜਾਈ ਦੇ ਪੱਧਰ ਅਤੇ ਹੋਰ ਕੰਮਾਂ ਦੀ ਜਾਂਚ ਤੇ ਸਮੀਖਿਆ ਕੀਤੀ ਗਈ ਤੇ ਵਧੀਆ ਅਧਿਆਪਕਾਂ ਦੀ ਸ਼ਲਾਘਾ ਕੀਤੀ ਗਈ ਹੈ ਤੇ ਲੋੜ ਅਨੁਸਾਰ ਦਿਸ਼ਾ ਨਿਰਦੇਸ਼ ਵੀ ਮੌਕੇ ਤੇ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਅਸਲ ਸਮਾਰਟ ਬਣਾਉਣ ਲਈ ਵੀ ਵਿਜ਼ਿਟ ਦੌਰਾਨ ਉਪਰਾਲੇ ਕੀਤੇ ਗਏ ਜਿਵੇਂ ਕਿ ਸਵੇਰ ਦੀ ਸਭਾ, ਸਕੂਲ, ਜਮਾਤਾਂ ਅਤੇ ਮੁੱਖ ਗੇਟ ਦੇ ਆਲੇ ਦੁਆਲੇ ਦੀ ਸਫਾਈ, ਵੱਖ ਵੱਖ ਗਤੀਵਿਧੀਆਂ ਰਜਿਸਟਰ, ਲਾਇਬ੍ਰੇਰੀ ਬੁੱਕ ਈਸ਼ੂ ਰਜਿਸਟਰ, ਮਿਡ ਡੇ ਮੀਲ, ਕੈਸ਼ ਬੁੱਕ ਰਜਿਸਟਰ, ਵੱਖ ਵੱਖ ਉਸਾਰੀ ਚਾਰਦੀਵਾਰੀ ਦੀਆਂ ਗਰਾਂਟਾ ਦਾ ਨਿਰੀਖਣ ਤੇ ਕੈਸ਼ ਬੁੱਕ ਪੇਸਟ ਫਾਇਲ ਆਦਿ ਦੀ ਘੋਖ ਕੀਤੀ ਗਈ ਤੇ ਮੌਕੇ ਤੇ ਯੋਗ ਨਿਰਦੇਸ਼ ਸਕੂਲ ਮੁੱਖੀ ਅਤੇ ਅਧਿਆਪਕਾਂ ਨੂੰ ਦਿੱਤੇ ਗਏ ਤਾਂ ਜੋ ਵਿਭਾਗ ਅਨੁਸਾਰ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਲਈ ਬੁਨਿਆਦੀ ਢਾਂਚੇ ਤੇ ਸਹੂਲਤਾਂ ਮੁਹੱਈਆ ਕਰਾਉਣ ਲਈ ਪ੍ਰਾਪਤ ਗਰਾਂਟਾ ਦਾ ਸਦਉਪਯੋਗ ਹੋ ਸਕੇ। ਪ੍ਰਮੋਦ ਕੁਮਾਰ ਨੇ ਕਿਹਾ ਕਿ ਉਹਨਾਂ ਵੱਲੋ ਸਕੂਲਾਂ ਦੇ ਵਿੱਚ ਪਹੁੰਚ ਕੇ ਖੁਦ ਦੁਪਿਹਰ ਦਾ ਭੋਜਨ ਖਾਂ ਕੇ ਚੈੱਕ ਕੀਤਾ ਗਿਆ ਤੇ ਮਿਡ ਡੇ ਮੀਲ ਕੁੱਕ ਕਮ ਹੈਲਪਰਾ ਨੂੰ ਰਸੋਈ ਦੀ ਸਫਾਈ ਦਾ ਧਿਆਨ ਰੱਖਣ ਬਾਰੇ ਵੀ ਕਿਹਾ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਦੌਰੇ ਅਤੇ ਵਿਜ਼ਿਟ ਜ਼ਿਲ੍ਹੇ ਤੇ ਬਲਾਕ ਦੇ ਅਧਿਕਾਰੀਆਂ ਵੱਲੋਂ ਲਗਾਤਾਰ ਕੀਤੇ ਜਾਣਗੇ।