ਕੋਟਕਪੂਰਾ, 9 ਸਤੰਬਰ ( ) :- ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਟੀਮ ਵਲੋਂ ਨੇੜਲੇ ਪਿੰਡ ਮੌੜ ਵਿਖੇ ਇਕ ਗਲੀ ਨਵੀਂ ਬਣਾਉਣ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਦਾਅਵਾ ਕੀਤਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵਲੋਂ ਅਖੀਰਲੇ ਸਾਲ ਨੂੰ ਵਿਕਾਸ ਦਾ ਸਾਲ ਆਖ ਕੇ ਸਿਰਫ ਵੋਟ ਬਟੋਰੂ ਰਾਜਨੀਤੀ ਕੀਤੀ ਜਾਂਦੀ ਸੀ ਪਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਜਿੱਥੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ, ਉੱਥੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕਰਨੀਆਂ ਵੀ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਈਆਂ ਸਨ।
ਜਿਕਰਯੋਗ ਹੈ ਕਿ ਪਿੰਡ ਮੌੜ ਵਿਖੇ ਇਕ ਗਲੀ ਨੂੰ ਬਣਵਾਉਣ ਜਾਂ ਰੋਕਣ ਦੇ ਵਿਵਾਦ ਨੂੰ ਲੈ ਕੇ ਪਿੰਡ ਵਾਸੀ ਦੋ ਹਿੱਸਿਆਂ ਵਿੱਚ ਵੰਡੇ ਗਏ ਸਨ ਪਰ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ ਅਤੇ ਸੁਖਵੰਤ ਸਿੰਘ ਪੱਕਾ ਜਿਲਾ ਯੂਥ ਪ੍ਰਧਾਨ (ਆਪ) ਦੇ ਉਪਰਾਲੇ ਸਦਕਾ ਉਕਤ ਵਿਵਾਦ ਦੇ ਨਾਲ ਨਾਲ ਗਲਤਫਹਿਮੀ ਵੀ ਦੂਰ ਹੋ ਗਈ। ਉਹਨਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਪੀਕਰ ਸੰਧਵਾਂ ਵਲੋਂ ਹਰ ਤਰਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਵਿਕਾਸ ਕਾਰਜਾਂ ਲਈ ਗਰਾਂਟ ਜਾਰੀ ਕਰਨ ਮੌਕੇ ਕਿਸੇ ਵੀ ਪਿੰਡ, ਸ਼ਹਿਰ ਜਾਂ ਕਸਬੇ ਦੇ ਕਿਸੇ ਵੀ ਵਿਰੋਧੀ ਪਾਰਟੀ ਦੇ ਚੁਣੇ ਨੁਮਾਇੰਦੇ ਨਾਲ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ ਕੀਤਾ ਜਾਂਦਾ।
ਇੰਜੀ. ਸੁਖਜੀਤ ਸਿੰਘ ਢਿੱਲਵਾਂ ਨੇ ਉੱਥੇ ਹਾਜਰ ਬਲਾਕ ਪ੍ਰਧਾਨ ਮਾ. ਕੁਲਦੀਪ ਸਿੰਘ ਮੌੜ ਸਮੇਤ ਜਰਮਨ ਸਿੰਘ ਮੋੜ, ਕੁਲਦੀਪ ਸਿੰਘ ਸੰਧੂ, ਸਵਰਨਦੀਪ ਸਿੰਘ ਮੌੜ ਸਮੇਤ ਪਿੰਡ ਦੇ ਹੋਰ ਮੋਹਤਬਰ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ, ਲਾਪ੍ਰਵਾਹੀ ਜਾਂ ਹੇਰਾਫੇਰੀ ਨੂੰ ਬਰਦਾਸ਼ਤ ਨਾ ਕਰਨ ਤੇ ਜੇਕਰ ਕਿਸੇ ਪ੍ਰਕਾਰ ਦੀ ਕੋਈ ਹੇਰਾਫੇਰੀ ਜਾਂ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਤੁਰਤ ਸਪੀਕਰ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਜਾਂ ਬਲਾਕ ਪ੍ਰਧਾਨ ਮਾ ਕੁਲਦੀਪ ਸਿੰਘ ਮੌੜ ਦੇ ਧਿਆਨ ਵਿੱਚ ਲਿਆਉਣ।