ਮਾਨਸਾ, 06 ਦਸੰਬਰ :
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਲ੍ਹੇ ਦੇ ਪੰਜ ਬਲਾਕਾਂ ਵਿੱਚ ਵਿਸ਼ਵ ਭੂਮੀ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪੀ੍ਰਤ ਪਾਲ ਕੌਰ ਨੇ ਦੱਸਿਆ ਕਿ ਬਲਾਕ ਭੀਖੀ ਵੱਲੋਂ ਪਿੰਡ ਖੀਵਾ ਕਲਾਂ, ਬਲਾਕ ਮਾਨਸਾ ਵੱਲੋਂ ਪਿੰਡ ਬੁਰਜ ਢਿਲਵਾਂ, ਬਲਾਕ ਬੁਢਲਾਡਾ ਵੱਲੋਂ ਪਿੰਡ ਗੁੜੱਦੀ, ਬਲਾਕ ਝੁਨੀਰ ਵੱਲੋਂ ਪਿੰਡ ਝੁਨੀਰ ਵਿਖੇ ਅਤੇ ਬਲਾਕ ਸਰਦੂਲਗੜ੍ਹ ਵੱਲੋਂ ਝੰਡੂਕੇ ਵਿਖੇ ਵਿਸ਼ੇਸ਼ ਕੈਂਪ ਲਗਾ ਕੇ ਵਿਸ਼ਵ ਭੂਮੀ ਦਿਵਸ ਮਨਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਕਿਸਾਨਾਂ ਨੂੰ ਮਿੱਟੀ ਪਰਖ ਦੀ ਮਹੱਤਤਾ ਦੱਸਦੇ ਹੋਏ ਭੂਮੀ ਦੀ ਸਿਹਤ ਬਰਕਰਾਰ ਰੱਖਣ ਬਾਰੇ ਜਾਗਰੂਕ ਕੀਤਾ ਗਿਆ। ਇਨ੍ਹਾਂ ਕੈਂਪਾਂ ਦੌਰਾਨ ਕਿਸਾਨਾਂ ਨੂੰ ਰਸਾਇਣਿਕ ਖਾਦਾਂ ਦੀ ਘੱਟ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਖਾਦਾਂ ਦੀ ਵਰਤੋਂ ਮਿੱਟੀ ਦੀ ਸਿਹਤ ਦੇ ਅਧਾਰ ’ਤੇ ਕਰਨ ਲਈ ਕਿਹਾ ਗਿਆ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਆਪਣੇ ਖੇਤ ਦੀ ਮਿੱਟੀ ਦਾ ਸੈਂਪਲ ਲਿਆ ਕੇ ਟੈਸਟ ਕਰਵਾਉਣ ਅਤੇ ਟੈਸਟ ਰਿਪੋੋਰਟ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨ। ਇਸ ਨਾਲ ਜਿੱਥੇ ਬੇਲੋੜੀਆਂ ਖਾਦਾਂ ਦੇ ਹੋਣ ਵਾਲਾ ਖਰਚਾ ਘੱਟ ਜਾਂਦਾ ਹੈ ਉਥੇ ਮਿੱਟੀ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ। ਇਸ ਮੌਕੇ ਕਿਸਾਨਾਂ ਨੂੰ ਛੋਟੇ ਤੱਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਨ੍ਹਾਂ ਕੈਂਪਾਂ ਵਿੱਚ ਡਾ. ਨਰਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਸੁਲੇਖ ਅਮਨ ਕੁਮਾਰ ਮਹਿਲਾ, ਡਾ. ਹਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਜਗਨਨਾਥ ਖੇਤੀਬਾੜੀ ਉਪ ਨਿਰੀਖਕ, ਸ੍ਰੀ ਕਮਲਪ੍ਰੀਤ ਸਿੰਘ, ਏ.ਟੀ.ਐਮ ਵੱਲੋਂ ਕਿਸਾਨਾਂ ਨਾਲ ਤਕਨੀਕੀ ਵਿਚਾਰ ਸਾਂਝੇ ਕੀਤੇ ਗਏ।
ਮਿੱਟੀ ਦੇ ਸੈਂਪਲ ਟੈਸਟ ਕਰਵਾਉਣ ਉਪਰੰਤ ਰਿਪੋਰਟ ਦੇ ਅਧਾਰ ’ਤੇ ਖਾਦਾਂ ਦੀ ਵਰਤੋਂ ਕਰਨ ਕਿਸਾਨ-ਮੁੱਖ ਖੇਤੀਬਾੜੀ ਅਫ਼ਸਰ
Date: