ਫਾਜ਼ਿਲਕਾ, 11 ਸਤੰਬਰ, 2024:
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਿਛਲੇ ਦਿਨੀਂ ਮੀਟਿੰਗ ਕਰਕੇ ਜਾਰੀ ਹਦਾਇਤਾਂ ਦੀ ਪਾਲਣਾ ਵਿੱਚ ਅਤੇ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਡਿਊਟੀ ਸਮੇਂ ਦੌਰਾਨ ਸਿਹਤ ਸੰਭਾਲ ਪੇਸ਼ੇਵਰਾਂ (ਡਾਕਟਰਾਂ) ਅਤੇ ਪੈਰਾਮੈਡਿਕ ਸਟਾਫ਼ ਦੇ ਹਿੱਤਾਂ ਦੀ ਰਾਖੀ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ‘ਤੇ ਕੰਮ ਕਰਦੇ ਹੋਏ ਰੋਕਥਾਮ ਦੇ ਉਪਾਅ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਸਿਹਤ ਬੋਰਡ ਦੇ ਗਠਨ ਕੀਤਾ ਗਿਆ ਹੈ। ਇਸ ਬੋਰਡ ਦੀ ਅਗਵਾਈ ਡਿਪਟੀ ਕਮਿਸ਼ਨਰ ਵੱਲੋਂ ਚੇਅਰਪਰਸਨ ਵਜੋਂ ਕੀਤੀ ਜਾਵੇਗੀ ਜਦੋਂ ਕਿ ਐਸ ਐਸ ਪੀ, ਸਿਵਲ ਸਰਜਨ, ਐਸਐਮਓ ਫਾਜ਼ਿਲਕਾ, ਪੈਰਾਮੈਡਿਕ ਸਟਾਫ ਦੇ ਪ੍ਰਤੀਨਿਧੀ, ਆਈ ਐਮ ਏ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਅਟਾਰਨੀ ਸ਼ਾਮਲ ਹਨ।
ਜ਼ਿਲ੍ਹਾ ਸਿਹਤ ਬੋਰਡ ਦੀ ਪਲੇਠੀ ਮੀਟਿੰਗ ਕਰਨ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿਹਾ ਕਿ ਸਿਹਤ ਸੰਭਾਲ ਪੇਸ਼ੇਵਰ ਸਮਾਜ ਦਾ ਸ਼ਰਮਾਇਆ ਹੁੰਦੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਪ੍ਰਸ਼ਾਸਨ ਦੀ ਜਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਸਿਹਤ ਸੰਸਥਾਵਾਂ ਵਿਚ ਸਿਹਤ ਸੰਭਾਲ ਪੇਸ਼ੇਵਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਐਮਰਜੈਂਸੀ ਦੀ ਸਥਿਤੀ ਵਿੱਚ, ਹੈਲਥ ਕੇਅਰ ਸਟਾਫ ਨੂੰ ‘112′ ਹੈਲਪਲਾਈਨ ‘ਤੇ ਡਾਇਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਸਿਹਤ ਬੋਰਡ ਦੀ ਮਹੀਨਾਵਾਰ ਮੀਟਿੰਗ ਹੋਵੇਗੀ।
ਇਸ ਮੌਕੇ ਐਸਪੀ ਸ੍ਰੀ ਪ੍ਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁੱਖੀ ਵੱਲੋਂ ਡਾਕਟਰੀ ਅਮਲੇ ਦੀ ਸੁਰੱਖਿਆ ਸਬੰਧੀ ਡਾਕਟਰਾਂ ਨਾਲ ਬੈਠਕ ਵੀ ਕੀਤੀ ਸੀ। ਉਨ੍ਹਾਂ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ 112 ਨੰਬਰ ਡਾਇਲ ਕਰਨ ਜਦੋਂ ਉਹ ਆਪਣੇ ਆਪ ਨੂੰ ਖ਼ਤਰੇ ਵਿੱਚ ਮਹਿਸੂਸ ਕਰਨ। ਐਸ ਪੀ ਨੇ ਸਮੂਹ ਐਸ ਐਮ ਓਜ਼ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਇੱਕ ਵਾਰ ਸੀ ਸੀ ਟੀ ਵੀ ਦੇ ਕੰਮਕਾਜ ਦੀ ਨਿਗਰਾਨੀ ਕਰਦੇ ਰਹਿਣ।
ਇਸ ਮੌਕੇ ਸਿਵਲ ਸਰਜਨ ਡਾ: ਐਰੀਕ, ਉਪ ਜ਼ਿਲ੍ਹਾ ਅਟਾਰਨੀ ਸ੍ਰੀ ਗੁਰਬਾਜ ਸਿੰਘ, ਆਈਐਮਏ ਪ੍ਰਧਾਨ ਡਾ ਨਰਿੰਦਰ ਸੇਠੀ, ਐਸਐਮਓ ਫਾਜ਼ਿਲਕਾ ਡਾ: ਰੋਹਿਤ ਗੋਇਲ, ਪੀਸੀਐਮਐਸ ਸਕੱਤਰ ਡਾ: ਅਰਪਿਤ ਗੁਪਤਾ, ਸੁਖਜਿੰਦਰ ਸਿੰਘ ਪੈਰਾਮੈਡੀਕਲ ਸਟਾਫ ਦੇ ਪ੍ਰਤੀਨਿਧੀ ਵੀ ਹਾਜਰ ਸਨ।