ਡੇਰਾਬੱਸੀ/ਐੱਸ.ਏ.ਐੱਸ. ਨਗਰ, 20 ਜੂਨ :
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ਅਮਲਾਲਾ, ਬਲਾਕ ਡੇਰਾਬੱਸੀ, ਦੀ ਕਰੀਬ 02 ਏਕੜ 05 ਕਨਾਲ 13 ਮਰਲੇ ਵਾਹੀਯੋਗ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ, ਜਿਸ ਉੱਤੇ ਕਾਬਜ਼ਕਾਰਾਂ ਨੇ ਕਰੀਬ 15-18 ਸਾਲ ਤੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਇਹ ਜਾਣਕਾਰੀ ਦਿੰਦਿਆਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਗੁਰਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ, ਸ਼੍ਰੀਮਤੀ ਆਸ਼ਿਕਾ ਜੈਨ, ਏ.ਡੀ.ਸੀ (ਵਿਕਾਸ) ਸ਼੍ਰੀਮਤੀ ਸੋਨਮ ਚੌਧਰੀ ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ. ਬਲਜਿੰਦਰ ਸਿੰਘ ਗਰੇਵਾਲ ਦੇ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੱਲੋਂ ਇਹ ਕਬਜ਼ਾ ਛੁਡਵਾਇਆ ਗਿਆ। ਬੀ.ਡੀ.ਪੀ.ਓ. ਨੇ ਦੱਸਿਆ ਕਿ ਜ਼ਮੀਨ ਉਤੇ ਲਗਭਗ 15-18 ਸਾਲ ਤੱਕ ਜਗਸੀਰ ਸਿੰਘ ਪੁੱਤਰ ਮਹਿੰਦਰ ਸਿੰਘ, ਗੁਲਜਾਰ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਇਕਬਾਲ ਸਿੰਘ ਪੁੱਤਰ ਦੀਦਾਰ ਸਿੰਘ ਦਾ ਨਾਜਾਇਜ਼ ਕਬਜ਼ਾ ਸੀ। ਇਸ ਜ਼ਮੀਨ ਦਾ ਕੇਸ ਪੰਚਾਇਤ ਵੱਲੋਂ ਸਾਲ 2017-18 ਵਿੱਚ ਕੁਲੈਕਟਰ, ਪੰਚਾਇਤ ਲੈਂਡ ਦੀ ਅਦਾਲਤ ਵਿਚ ਦਾਇਰ ਕੀਤਾ ਗਿਆ ਸੀ, ਜਿਸ ਦਾ ਫੈਸਲਾ 2020 ਵਿੱਚ ਪੰਚਾਇਤ ਦੇ ਹੱਕ ਵਿੱਚ ਹੋਇਆ ਸੀ। ਇਸ ਤੋਂ ਬਾਅਦ ਕੁਲੈਕਟਰ ਪੰਚਾਇਤ ਲੈਂਡ ਵੱਲੋਂ ਇਸ ਜ਼ਮੀਨ ਦਾ ਕਬਜ਼ਾ ਵਾਰੰਟ ਜਾਰੀ ਕੀਤਾ ਗਿਆ ਸੀ। ਕਬਜ਼ਾ ਕਾਰਵਾਈ ਮੌਕੇ ਪੰਚਾਇਤ ਅਫਸਰ ਮਨਦੀਪ ਸਿੰਘ ਦਰਦੀ, ਪੰਚਾਇਤ ਸਕੱਤਰ ਗੁਰਵਿੰਦਰ ਸਿੰਘ ਅਤੇ ਜਤਿੰਦਰ ਸਿੰਘ, ਗੁਰਮੁੱਖ ਸਿੰਘ ਸੰਮਤੀ ਪਟਵਾਰੀ, ਮਗਨਰੇਗਾ ਸਟਾਫ ਸੰਦੀਪ ਸ਼ਰਮਾ ਹਲਕਾ ਕਾਨੂੰਗੋ, ਸੁਮਿਤ ਰਾਏ ਡਿਊਟੀ ਮੈਜਿਸਟਰੇਟ, ਪੁਲਿਸ ਪ੍ਰਸ਼ਾਸਨ ਅਤੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਿੰਡ ਵਾਸੀ ਹਾਜ਼ਰ ਸਨ।