ਐੱਸ ਏ ਐੱਸ ਨਗਰ, 15 ਦਸੰਬਰ, 2023:
ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸੂਬੇ ’ਚ ਅਮਨ ਅਤੇ ਕਾਨੂੰਨ ਨੂੰ ਹਰ ਹਾਲਤ ’ਚ ਬਰਕਰਾਰ ਰੱਖਣ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤੀ ਦੇ ਦਿੱਤੇ ਆਦੇਸ਼ਾਂ ਦੀ ਪਾਲਣਾ ’ਚ ਮੋਹਾਲੀ ਜ਼ਿਲ੍ਹਾ ਪੁਲਿਸ ਵੱਲੋਂ ਅੱਜ ਗੈਂਗਸਟਰ ਸੁਖਪ੍ਰੀਤ ਸਿੰਘ ਉੱਰਫ ਬੁੱਢਾ ਗੈਂਗ ਨਾਲ ਸਬੰਧਤ 02 ਨੌਜਵਾਨਾਂ ਨੂੰ 03 ਪਿਸਤੌਲਾਂ ਅਤੇ 10 ਜਿੰਦਾ ਕਾਰਤੂਸਾਂ ਸਮੇਤ ਗਿ੍ਰਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ।
ਐਸ ਐਸ ਪੀ ਡਾ. ਸੰਦੀਪ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਵੱਲੋਂ ਅੱਜ (ਮਿਤੀ 15-12-2023) ਨੂੰ ਥਾਣਾ ਬਲੌਂਗੀ ਦੇ ਏਰੀਆ ਵਿੱਚ ਨਾਕਾਬੰਦੀ ਕਰਕੇ ਸ਼ੱਕੀ ਵਹੀਕਲ ਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਪਾਰਟੀ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਸਪਲੈਂਡਰ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਅੰਕਿਤ ਉੱਰਫ਼ ਅੰਕਿਤ ਰਾਣਾ ਪੁੱਤਰ ਜੈਕਰਨ ਵਾਸੀ ਪਿੰਡ ਸੁਲਤਾਨਪੁਰ ਥਾਣਾ ਚੰਡੀਮੰਦਰ, ਜ਼ਿਲ੍ਹਾ ਪੰਚਕੂਲਾ, ਹਰਿਆਣਾ ਅਤੇ ਹਰਪ੍ਰੀਤ ਸਿੰਘ ਉੱਰਫ ਮੱਖਣ ਪੁੱਤਰ ਰੂੜ ਸਿੰਘ ਵਾਸੀ ਪਿੰਡ ਸੈਫ਼ਦੀਪੁਰ, ਥਾਣਾ ਸਦਰ ਪਟਿਆਲਾ, ਜ਼ਿਲ੍ਹਾ ਪਟਿਆਲਾ ਦੀ ਚੈਕਿੰਗ ਕਰਨ ’ਤੇ ਅੰਕਿਤ ਉੱਰਫ ਅੰਕਿਤ ਰਾਣਾ ਪਾਸੋਂ 02 ਪਿਸਤੌਲ .32 ਬੋਰ ਸਮੇਤ 06 ਜਿੰਦਾ ਕਾਰਤੂਸ ਅਤੇ ਹਰਪ੍ਰੀਤ ਸਿੰਘ ਉੱਰਫ ਮੱਖਣ ਪਾਸੋਂ ਇੱਕ ਪਿਸਤੌਲ .32 ਬੋਰ ਸਮੇਤ 04 ਜਿੰਦਾ ਕਾਰਤੂਸ ਬ੍ਰਾਮਦ ਕਰਕੇ ਉਨ੍ਹਾਂ ਖਿਲਾਫ ਮੁਕੱਦਮਾ ਨੰਬਰ 225 ਮਿਤੀ 15-12-2023 ਅ/ਧ 25 ਅਸਲਾ ਐਕਟ, ਥਾਣਾ ਬਲੌਂਗੀ ਵਿਖੇ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਡਾ. ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਨੋਂ ਦੋਸ਼ੀ ਗੈਂਗਸਟਰ ਸੁਖਪ੍ਰੀਤ ਸਿੰਘ ਉੱਰਫ ਬੁੱਢਾ ਗੈਂਗ ਦੇ ਸਾਥੀ ਹਨ ਅਤੇ ਮੋਹਾਲੀ ਏਰੀਆ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਦੋਸ਼ੀਆਨ ਪਾਸੋਂ ਬ੍ਰਾਮਦ ਮੋਟਰਸਾਇਕਲ ਬਾਰੇ ਪੁੱਛਿਆ ਗਿਆ ਤਾਂ ਹਰਪ੍ਰੀਤ ਸਿੰਘ ਉੱਰਫ ਮੱਖਣ ਨੇ ਦੱਸਿਆ ਕਿ ਇਹ ਮੋਟਰਸਾਇਕਲ ਥਾਣਾ ਡੇਰਾਬਸੀ ਏਰੀਆ ਵਿੱਚ ਸਾਹਿਲ ’ਤੇ ਕੀਤੀ ਫਾਇਰਿੰਗ ਵਿੱਚ ਵਰਤਿਆ ਗਿਆ ਸੀ। ਇਸ ਸਬੰਧੀ ਮੁਕੱਦਮਾ ਨੰ: 377 ਮਿਤੀ 06-12-2023 ਅ/ਧ 307,506,120 ਬੀ ਆਈ ਪੀ ਸੀ ਅਤੇ 25 ਅਸਲਾ ਐਕਟ, ਥਾਣਾ ਡੇਰਾਬੱਸੀ, ਐਸ.ਏ.ਐਸ ਨਗਰ ਦਰਜ ਹੈ ਤੇ ਇਹ ਮੋਟਰਸਾਈਕਲ ਮੁਕੱਦਮਾ ਨੰਬਰ: 377/23, ਥਾਣਾ ਡੇਰਾਬੱਸੀ ਵਿੱਚ ਗਿ੍ਰਫਤਾਰ ਦੋਸ਼ੀ ਰਾਜਵਿੰਦਰ ਸਿੰਘ ਉੱਰਫ ਸੰਨੀ ਦੀ ਮਾਤਾ ਦੇ ਨਾਮ ’ਤੇ ਹੈ। ਦੋਸ਼ੀ ਹਰਪ੍ਰੀਤ ਸਿੰਘ ਉੱਰਫ ਮੱਖਣ ਨੇ ਇਹ ਵੀ ਦੱਸਿਆ ਕਿ ਉਹ ਵੀ ਉਕਤ ਵਾਰਦਾਤ ਵਿੱਚ ਬਾਕੀ ਦੋਸ਼ੀਆਨ ਨਾਲ ਸ਼ਾਮਲ ਸੀ ਤੇ ਉਕਤ ਮੋਟਰਸਾਇਕਲ ’ਤੇ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ ਸੀ। ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ, ਦੋਸ਼ੀਆਨ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਮੋਹਾਲੀ ਪੁਲਿਸ ਵੱਲੋਂ ਗੈਂਗਸਟਰ ਸੁਖਪ੍ਰੀਤ ਸਿੰਘ ਉੱਰਫ ਬੁੱਢਾ ਗੈਂਗ ਨਾਲ ਸਬੰਧਤ 02 ਨੌਜਵਾਨ 03 ਪਿਸਤੌਲਾਂ ਅਤੇ 10 ਜਿੰਦਾ ਕਾਰਤੂਸਾਂ ਸਮੇਤ ਗਿ੍ਰਫ਼ਤਾਰ
Date: