ਮੌਸਮ ਵਿੱਚ ਆ ਰਹੇ ਬਦਲਾਅ ਕਾਰਨ ਕਿਸਾਨਾਂ ਨੂੰ ਪੀਲੀ ਕੁੰਗੀ ਬਿਮਾਰੀ ਅਤੇ ਹੋਰ ਸਮੱਸਿਆਵਾਂ ਪ੍ਰਤੀ ਜਾਗਰੁਕ ਰਹਿਣ ਦੀ ਲੋੜ : ਡਾ ਅਮਰੀਕ ਸਿੰਘ

ਫ਼ਰੀਦਕੋਟ 13 ਫਰਵਰੀ 2024

 ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾ.ਅਮਰੀਕ ਸਿੰਘ ਦੀ ਅਗਵਾਈ ਹੇਠ ਬਲਾਕ ਫ਼ਰੀਦਕੋਟ ਦੇ  ਪਿਪਲੀ, ਗੋਲੇਵਾਲਾ ਆਦਿ ਪਿੰਡਾਂ ਦਾ ਦੌਰਾ ਕਰਕੇ ਹਾੜੀ ਦੀਆਂ ਫਸਲਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਵੱਲੋਂ ਫਸਲਾਂ ਤੇ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਹੋਰਨਾਂ ਤੋਂ ਇਲਾਵਾ ਇਸ ਟੀਮ ਵਿੱਚ ਡਾ.ਯਾਦਵਿੰਦਰ ਸਿੰਘ, ਡਾ.ਅਸ਼ਵਨੀ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ ਸ਼ਾਮਿਲ ਸਨ l 

           ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਲਗਾਤਾਰ ਧੁੰਦ ਅਤੇ ਬੱਦਲਵਾਈ ਤੋਂ ਬਾਅਦ ਧੁੱਪ ਨਿਕਲਣ ਕਾਰਨ ਮੌਸਮ ਕਣਕ ਦੀ ਫਸਲ ਲਈ ਬਹੁਤ ਹੀ ਅਨੁਕੂਲ ਹੋ ਗਿਆ ਹੈ, ਜੇਕਰ ਇਹੀ ਹਾਲਾਤ ਬਣੇ ਰਹੇ ਤਾਂ ਕਣਕ ਦੀ ਪੈਦਾਵਾਰ ਵਧੀਆ ਹੋਣ ਦੀ ਸੰਭਾਵਨਾ ਹੈ l ਉਨ੍ਹਾਂ ਕਿਹਾ ਕਿ  ਮੌਸਮ ਵਿੱਚ ਆ ਰਹੇ ਬਦਲਾਅ ਕਾਰਨ ਕਣਕ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਨੂੰ ਵਧਦੇ ਤਾਪਮਾਨ ਦੇ ਬੁਰੇ ਪ੍ਰਭਾਵ ਤੋਂ ਬਚਾਉਣ ਅਤੇ ਮਿਆਰੀ ਪੈਦਾਵਾਰ ਲਈ ਸਿੱਟੇ ਵਾਲਾ ਪੱਤਾ ਨਿਕਲਣ ਤੇ 4 ਕਿਲੋ ਪੋਟਾਸ਼ੀਅਮ ਸਲਫੇਟ ਪ੍ਰਤੀ ਏਕੜ ਨੂੰ 200 ਲਿਟਰ ਦੇ ਘੋਲ ਵਿੱਚ ਦੋਹਰਾ ਛਿੜਕਾਅ ਕਰ ਦੇਣਾ ਚਾਹੀਦਾ ਹੈ l

ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਜਾਂ ਹੋਰਨਾਂ ਫਸਲਾਂ ਵਿੱਚ ਕਿਸੇ ਸਮੱਸਿਆ ਦੇ ਹੱਲ ਲਈ ਕਿਸੇ ਦੇ ਕਹਿਣ ਤੇ ਕੋਈ ਛਿੜਕਾਅ  ਨਹੀਂ ਕਰਨੀ ਚਾਹੀਦੀ ਸਗੋਂ ਖੇਤੀਬਾੜੀ ਮਾਹਿਰਾਂ ਦੁਆਰਾ ਕੀਤੀਆਂ ਸਿਫਾਰਸ਼ਾਂ ਅਨੁਸਾਰ ਹੀ ਕੋਈ ਛਿੜਕਾਅ ਕਰਨਾ ਚਾਹੀਦਾ ਹੈ l ਉਨ੍ਹਾਂ ਕਿਹਾ ਕਿ ਕਿਸੇ ਦੇ ਕਹਿਣ ਤੇ ਗ਼ੈਰ ਜ਼ਰੂਰੀ ਛਿੜਕਾਅ ਕਰਨ ਨਾਲ ਖੇਤੀ ਲਾਗਤ ਖਰਚੇ ਵਧਦੇ ਹਨ ਜਦਕਿ ਪੈਦਾਵਾਰ ਘਟਦੀ ਹੈ l ਉਨ੍ਹਾਂ ਕਿਹਾ ਕਿ ਜੇਕਰ ਕਣਕ ਦੀ ਫਸਲ ਕੁਝ ਪੀਲੀ ਪੈ ਗਈ ਹੈ ਤਾਂ 3 ਕਿਲੋ ਯੂਰੀਆ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰ ਦੇਣਾ ਚਾਹੀਦਾ ਹੈ।

ਡਾ.ਯਾਦਵਿੰਦਰ ਸਿੰਘ ਨੇ ਕਿਹਾ ਕਿ ਜ਼ਿਲਾ ਫਰੀਦਕੋਟ ਵਿੱਚ ਕਣਕ ਦੀ ਫਸਲ ਉੱਪਰ ਕਿਤੇ ਵੀ ਪੀਲੀ ਕੁੰਗੀ ਬਿਮਾਰੀ ਦਾ ਹਮਲਾ ਨਹੀਂ ਦੇਖਿਆ ਗਿਆ ਪਰ ਫਿਰ ਵੀ ਕਿਸਾਨਾਂ ਨੂੰ ਇਸ ਬਿਮਾਰੀ ਪ੍ਰਤੀ ਸੁਚੇਤ ਰਹਿਣਾ ਚਾਹੀਦਾ l ਉਨ੍ਹਾਂ ਕਿਹਾ ਕਿ ਪੀਲੀ ਕੁੰਗੀ ਸਭ ਤੋਂ ਪਹਿਲਾਂ ਹੇਠਲੇ ਪੱਤਿਆਂ ਉੱਪਰ ਆਉਂਦੀ ਹੈ, ਜੋ ਪੀਲੇ ਰੰਗ ਦੇ ਪਾਊਡਰੀ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ,ਜੇਕਰ ਪ੍ਰਭਾਵਤ ਪੱਤੇ ਨੂੰ ਦੋ ਉਂਗਲਾਂ ਵਿੱਚ ਫੜਿਆ ਜਾਵੇ ਤਾਂ ਉਂਗਲਾਂ ਤੇ ਪੀਲਾ ਪਾਊਡਰ ਲੱਗ ਜਾਂਦਾ ਹੈ।

 ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਖੇਤਾਂ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਅਤੇ ਜਦ ਵੀ ਪੀਲੀ ਕੁੰਗੀ ਦੇ ਹਮਲੇ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ਤਾਂ ਤੁਰੰਤ 200 ਮਿ.ਲੀ. ਪ੍ਰੋਪੀਕੋਨਾਜ਼ੋਲ 25 ਈ ਸੀ (ਟਿਲਟ/ਬੰਪਰ/ਸ਼ਾਈਨ/ਕੰਪਾਸ/ਮਾਰਕਜ਼ੋਲ) ਜਾਂ 200 ਗ੍ਰਾਮ ਟੈਬੂਕੋਨਾਜ਼ੋਲ ਜਾਂ 120 ਗ੍ਰਾਮ ਨੈਟੀਵੋ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਧੌੜੀਆਂ ਵਿੱਚ ਹੀ ਛਿੜਕਾਅ ਕਰ ਦੇਣਾ ਚਾਹੀਦਾ ਹੈ ਤਾਂ ਜੋ ਬਿਮਾਰੀ ਦਾ ਫੈਲਾਅ ਅੱਗੇ ਨਾਂ ਵਧੇ। 

[wpadcenter_ad id='4448' align='none']