ਸਾਉਣੀ ਮੰਡੀਕਰਨ ਸੀਜ਼ਨ 2024-25 ਦੌਰਾਨ ਝੋਨੇ ਦੀ ਅਦਾਇਗੀ ਹਾਸਲ ਕਰਨ ਵਾਲਾ ਪਹਿਲਾ ਕਿਸਾਨ ਬਣਿਆ ਗੁਰਜੰਟ ਸਿੰਘ

ਚੰਡੀਗੜ੍ਹ, 1 ਅਕਤੂਬਰ:

ਪਟਿਆਲਾ ਜ਼ਿਲ੍ਹੇ ਦਾ ਕਿਸਾਨ  ਸ. ਗੁਰਜੰਟ ਸਿੰਘ ਰਾਜਪੁਰਾ ਸਾਉਣੀ ਸੀਜ਼ਨ 2024-25 ਦੌਰਾਨ ਘੱਟੋ-ਘੱਟ ਸਮਰਥਨ ਮੁੱਲ ‘ਤੇ ਝੋਨੇ ਦੀ ਅਦਾਇਗੀ ਹਾਸਲ ਕਰਨ ਵਾਲਾ ਸੂਬੇ ਦਾ ਪਹਿਲਾ ਕਿਸਾਨ ਬਣ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਨਾਲ ਸਬੰਧਤ ਕਿਸਾਨ ਸ. ਗੁਰਜੰਟ ਸਿੰਘ, ਅੱਜ ਰਾਜਪੁਰਾ ਮੰਡੀ ਵਿੱਚ 58.5 ਕੁਇੰਟਲ ਝੋਨਾ ਲੈ ਕੇ ਆਏ ਸਨ ਅਤੇ ਖਰੀਦ ਦੇ ਪਹਿਲੇ ਦਿਨ ਭਾਵ 1 ਅਕਤੂਬਰ ਨੂੰ ਹੀ ਫ਼ਸਲ ਨੂੰ ਝਾਰਨ ਉਪਰੰਤ ਇਸਦੀ ਖਰੀਦ ਕਰ ਲਈ ਗਈ। 

ਉਨ੍ਹਾਂ ਅੱਗੇ ਕਿਹਾ ਕਿ ਖਰੀਦ ਦੇ 4 ਘੰਟਿਆਂ ਦੇ ਅੰਦਰ ਵਿਭਾਗ ਨੇ ਕਿਸਾਨ ਦੀ ਅਦਾਇਗੀ ਜੋ ਕਿ 1.357 ਲੱਖ (1,35,720/-) ਰੁਪਏ ਬਣਦੀ ਸੀ, ਸਿੱਧੇ ਉਸਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਸੂਬੇ ਦੀਆਂ ਵੱਖ-ਵੱਖ ਮੰਡੀਆਂ ਵਿੱਚ ਸਰਕਾਰੀ ਏਜੰਸੀਆਂ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ‘ਤੇ 703 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।

ਟਰਾਂਸਪੋਰਟ ਅਤੇ ਲੇਬਰ ਦੇ ਪ੍ਰਬੰਧਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੇਬਰ ਅਤੇ ਟਰਾਂਸਪੋਰਟ ਦੇ ਸਾਰੇ ਠੇਕੇ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਤਰ੍ਹਾਂ ਪੱਕੀ ਅਤੇ ਸੁੱਕੀ ਫ਼ਸਲ ਦੀ ਹੀ ਵਾਢੀ ਕਰਨ ਤਾਂ ਜੋ ਨਮੀ ਨਿਰਧਾਰਤ ਸੀਮਾ ਦੇ ਅੰਦਰ ਹੋਵੇ ਅਤੇ ਮੰਡੀਆਂ ਵਿੱਚ ਲਿਆਉਂਦੇ ਸਾਰ ਹੀ ਉਨ੍ਹਾਂ ਦੀ ਫ਼ਸਲ ਦੀ ਖਰੀਦ ਹੋ ਜਾਵੇ।

ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖਰੀਦਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।

[wpadcenter_ad id='4448' align='none']