Gursikh Baba Budha ji
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਅਤੇ ਸਿੱਖ ਇਤਿਹਾਸ ਦੀ ਮਹਾਨ ਸਖਸ਼ੀਅਤ ਬਾਬਾ ਬੁੱਢਾ ਜੀ। ਜਿਨ੍ਹਾਂ ਦਾ ਜਨਮ ਸੰਨ 1506 ਈ: ਸੁਖੇ ਰੰਧਾਵੇ ਦੇ ਘਰ ਗੋਰਾਂ ਦੀ ਕੁਖੋਂ ਪਿੰਡ ਕੱਥੂ ਨੰਗਲ, ਜ਼ਿਲਾ ਅੰਮ੍ਰਿਤਸਰ ਵਿਚ ਹੋਇਆ। ਆਪ ਜੀ ਦਾ ਬਚਪਣ ਦਾ ਨਾਮ ਬੂੜਾ ਸੀ। ਸਿੱਖ ਧਰਮ ਦੇ ਇਸ ਨਿਵੇਕਲੇ, ਫਲਸਫੇ, ਵਰਤਾਰੇ ਅਤੇ ਨਿਆਰੇਪਣ ਦੇ ਪਰਿਪੇਖ ਵਿਚ ਸੰਸਾਰ ਨੇ ਵੇਖਿਆ ਕੇ ਇਕ ਗੁਰਸਿੱਖ ਬਾਬਾ ਬੁੱਢਾ ਜੀ, ਜੋ ਗੁਰੂ ਘਰ ਪ੍ਰਤੀ ਪੂਰਨ ਰੂਪ ਦੇ ਵਿਚ ਸਮਰਪਿਤ, ਬ੍ਰਹਮਗਿਆਨੀ, ਸਾਦਾ ਜੀਵਨ ਜਿਉਣ ਵਾਲੇ ਗੁਰਮੁੱਖ ਪਿਆਰੇ ਹਨ। ਆਪ ਜੀ ਦੇ ਬਚਪਣ ਦਾ ਨਾਮ ਬੂੜਾ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿਚ ਜਿੱਥੇ ਜਗਿਆਸੂ ਆਪਣੇ ਗੁਰੂ ਤੋਂ ਬਾਰ ਬਾਰ ਕੁਰਬਾਣ ਜਾਂਦਾ ਹੈ, ਉਥੇ ਸਤਿਗੁਰੂ ਵੀ ਆਪਣੇ ਸਿੱਖ ਤੋਂ ਬਾਰ ਬਾਰ ਬਲਿਹਾਰਨੇ ਜਾਂਦੇ ਹਨ। ਰੂਹਾਨੀਅਤ ਦੇ ਮਾਰਗ ਤੇ ਚੱਲਣ ਵਾਲਿਆਂ ਨੂੰ ਗੁਰਬਾਣੀ ਦੇ ਅਨੁਸਾਰ ਚਾਰ-ਪੰਜ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਜਾਂਦਾ ਹੈ। ਸੰਤ, ਰੱਬ ਦਾ ਪਿਆਰਾ ਭਗਤ, ਪੂਰਨ ਸਾਧ, ਗੁਰਮੁੱਖ ਆਦਿ। ਬਾਬਾ ਬੁੱਢਾ ਜੀ ਇਨ੍ਹਾਂ ਸਾਰੇ ਸ਼ਬਦਾਂ ਤੇ ਖਰੇ ਉਤਰਦੇ ਸਨ। ਸਮਾਂ ਆਪਣੀ ਚਾਲ ਚੱਲਦਾ ਗਿਆ। ਬਚਪਣ ਵਿਚ ਬਾਬਾ ਬੁੱਢਾ ਜੀ ਨੂੰ ਬੂੜਾ ਕਹਿ ਕੇ ਬੁਲਾਇਆ ਜਾਂਦਾ ਸੀ। ਪਿੰਡ ਦੇ ਲੋਕ ਵੀ ਬੂੜਾ ਕਹਿ ਕੇ ਬੁਲਾਉਦੇ ਸਨ।
ਸੰਨ 1518 ਦਾ ਸਮਾਂ ਆਇਆ। ਇਥੇ ਕਥੂ ਨੰਗਲ ਦੇ ਇਲਾਕੇ ਦੇ ਵਿਚ ਅੰਮ੍ਰਿਤਸਰ ਦੀ ਧਰਤੀ ਦੇ ਨੇੜੇ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਆਏ। ਗੁਰੂ ਸਾਹਿਬ ਇਕਾਂਤ ਵਿਚ ਬੈਠ ਕੇ ਅੰਮ੍ਰਿਤ ਬਾਣੀ ਦਾ ਕੀਰਤਨ ਕਰਦੇ ਅਤੇ ਭਾਈ ਮਰਦਾਨਾ ਜੀ ਵਲੋਂ ਰਬਾਬ ਵਜਾਈ ਜਾਂਦੀ। ਇਨੀ ਦੇਰ ਨੂੰ ਇਕ 12 ਸਾਲ ਦਾ ਬੱਚਾ ਆਇਆ ਜਿਸਦਾ ਨਾਂ ‘ਬੂੜਾ’ ਸੀ, ਆ ਕੇ ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਨੂੰ ਨਮਸਕਾਰ ਕੀਤੀ ਅਤੇ ਆਪਣੀ ਅੰਦਰ ਦੀ ਪੀੜਾ ਨੂੰ ਸਾਂਝਾ ਕੀਤਾ। ਆਖਿਆ ਮੁਗਲ ਧਾੜਵੀ ਆਉਂਦੇ ਹਨ ਪੱਕੀਆਂ ਫਸਲਾਂ ਵੱਢ ਕੇ ਲੈ ਜਾਂਦੇ ਹਨ। ਬਹੂ-ਬੇਟੀਆਂ ਦੀ ਬੇਪਤੀ ਕਰਦੇ। ਕੋਈ ਰੋਕਣ ਵਾਲਾ ਨਹੀਂ। ਬਾਬਾ ਬੁੱਢਾ ਸਾਹਿਬ ਜੀ ਦੇ ਮੂੰਹ ਤੋਂ ਇਹੋ ਜਿਹੀਆਂ ਗਲਾਂ ਸੁਣ ਕੇ ਗੁਰੂ ਸਾਹਿਬ ਹੈਰਾਨ ਰਹਿ ਗਏ। ਗੁਰੂ ਸਾਹਿਬ ਜੀ ਨੇ ਬੂੜੇ ਨੂੰ ਆਪਣੇ ਸੀਨੇ ਦੇ ਨਾਲ ਲਗਾਇਆ ਤੇ ਕਿਹਾ ਤੇਰੀ ਉਮਰ ਅਜੇ ਬਹੁਤ ਛੋਟੀ ਹੈ ਪਰ ਤੇਰੇ ਵਿਚਾਰ ਬੁਢਿਆਂ ਅਰਥਾਤ ਸਿਆਣਿਆਂ ਵਾਲੇ ਹਨ। ਉਸ ਦਿਨ ਤੋਂ ਬੂੜਾ ਜੀ ਦਾ ਨਾਮ ਬੁੱਢਾ ਪੈ ਗਿਆ। ਅੱਜ ਇਹ ਨਾਮ ਸਾਰੇ ਸਿੱਖ ਜਗਤ ਦੇ ਵਿਚ ਸ਼ਰਧਾ ਅਤੇ ਸਤਿਕਾਰ ਦੇ ਨਾਲ ਜਾਣਿਆ ਜਾਂਦਾ ਹੈ।
ਸਤਿਗੁਰਾਂ ਨੇ ਵਿਦਾ ਹੋਣ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੂੰ ਨਾਮ ਸਿਮਰਨ ਦਾ ਉਪਦੇਸ਼ ਦਿੱਤਾ, ਜਿਸ ਦੁਆਰਾ ਬਾਬਾ ਜੀ ਦੇ ਅੰਦਰਲਾ ਸੱਚ, ਅੰਮ੍ਰਿਤ, ਪਰਮ ਜੋਤ ਤੱਤ ਰੂਪ ਵਿਚ ਉਜਾਗਰ ਅਤੇ ਸੁਜੱਗ ਹੋ ਗਈ ਅਤੇ ਉਹ ਅੰਮ੍ਰਿਤ ਰੂਪ ਹੀ ਹੋ ਗਏ ਅਤੇ ਹੋਰਨਾਂ ਨੂੰ ਇਸ ਮਾਰਗ ਦੇ ਪਾਂਧੀ ਹੋਣ ਦੇ ਲਈ ਪ੍ਰੇਰਣ ਲੱਗੇ।
ਕੁਝ ਸਮੇਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਨਗਰ ਵਸਾਇਆ ਅਤੇ ਇਥੇ ਸੰਗਤਾਂ ਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਮਹਾਨ ਕਲਿਆਣਕਾਰੀ ਸਿਧਾਂਤ ਦਾ ਪਰਵਾਹ ਚਲਾ ਕੇ, ਇਸ ਮਾਰਗ ਦੇ ਪਾਂਧੀ ਬਣਾਉਣ ਦਾ ਕਾਰਜ ਆਰੰਭ ਦਿੱਤਾ।
ਬਾਬਾ ਬੁੱਢਾ ਜੀ ਗੁਰੂ ਸਾਹਿਬ ਜੀ ਦੇ ਦਰਸ਼ਨ ਲਈ ਕਰਤਾਰਪੁਰ ਪੁੱਜ ਗਏ ਅਤੇ ਦਰਸ਼ਨ ਕਰ ਕੇ ਨਿਹਾਲ ਹੋ ਗਏ ਅਤੇ ਮਨ ਹੀ ਮਨ ਦੇ ਵਿਚ ਗੁਰੂ ਸਾਹਿਬ ਜੀ ਨੂੰ ਪੂਰਨ ਰੂਪ ਦੇ ਵਿਚ ਸਮਰਿਪਤ ਹੋ ਗਏ। ਹੁਣ ਉਹ ਆਪਣਾ ਕਾਰ ਵਿਹਾਰ ਮੁਕਾ ਕੇ ਹਰ ਰੋਜ਼ ਕਰਤਾਰਪੁਰ ਗੁਰੂ ਦਰਬਾਰ ਦੇ ਵਿਚ ਆਉਣ ਲੱਗੇ। ਉਥੇ ਸੰਗਤ ਦੀ ਹੱਥੀ ਸੇਵਾ, ਮਨ ਦੇ ਵਿਚ ਸਤਿਨਾਮ ਦਾ ਜਾਪ ਅਤੇ ਅੱਖਾਂ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰ ਕੇ ਧੰਨ ਹੁੰਦੇ ਰਹਿੰਦੇ। ਗੁਰੂ ਨਾਨਕ ਸਾਹਿਬ ਜੀ ਬਾਬਾ ਬੁੱਢਾ ਜੀ ਦੀ ਸੇਵਾ ਤੇ ਸਮਰਪਣ ਦੀ ਭਾਵਨਾ ਵੇਖ ਬਹੁਤ ਪ੍ਰਸੰਨ ਹੋਏ। ਗੁਰੂ ਸਾਹਿਬ ਜੀ ਨੇ ਖੁਦ ਬਾਬਾ ਬੁੱਢਾ ਜੀ ਦੇ ਸਿਰ ਉੱਤੇ ਦਸਤਾਰ ਸਜਾ ਕੇ ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਗ੍ਰਹਿਸਥ ਦੀਆਂ ਸਮੂਹ ਜ਼ਿਮੇਵਾਰੀਆਂ ਨਿਭਾਉਣ ਦਾ ਸੰਦੇਸ਼ ਦਿੱਤਾ।
ਉਪਰੰਤ ਬਾਬਾ ਬੁੱਢਾ ਜੀ ਨੇ ਆਪਣਾ ਗ੍ਰਹਿਸਥ ਧਰਮ ਅਤੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਕਾਰਜ ਬਾਖੂਬੀ ਕਰਦੇ ਰਹੇ। ਸੰਨ 1539 ਦੇ ਵਿਚ ਗੁਰੂ ਸਾਹਿਬ ਜੀ ਨੇ ਆਪਣੇ ਉਤਰਾਧਿਕਾਰੀ ਦੀ ਚੋਣ ਕੀਤੀ। ਗੁਰੂ ਸਾਹਿਬ ਜੀ ਦੀ ਇੱਛਾ ਦੇ ਅਨੁਸਾਰ ਭਾਈ ਲਹਿਣਾ ਜੀ ਨੂੰ ਬਾਬਾ ਬੁੱਢਾ ਜੀ ਨੇ ਗੁਰਤਾ ਗੱਦੀ ਉਤੇ ਬਿਰਾਜਮਾਨ ਕਰਕੇ ਗੁਰਿਆਈ ਦਾ ਤਿਲਕ ਲਗਾਇਆ ਇਸ ਤਰਾਂ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣ ਗਏ। ਸਮਾਂ ਆਪਣੀ ਰਫਤਾਰ ਚੱਲਦਾ ਗਿਆ।
ਗੁਰੂ ਅੰਗਦ ਦੇਵ ਜੀ ਨੇ ਆਪਣਾ ਉਤਰਾਅਧਿਕਾਰੀ ਚੁਣ ਕੇ ਗੁਰਗੱਦੀ ਦੇ ਕਾਰਜ ਕਰਨ ਦੀ ਜ਼ਿੰਮੇਵਾਰੀ ਜ਼ਿੰਮਵਾਰੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਅਤੇ ਗੁਰਤਾਗੱਦੀ ਉੱਤੇ ਬਿਰਾਜਮਾਨ ਕਰਕੇ ਤਿਲਕ ਲਗਾਉਣ ਦਾ ਕਾਰਜ ਬਾਬਾ ਬੁੱਢਾ ਜੀ ਨੇ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਤੱਕ ਬਾਖੂਬੀ ਨਿਭਾਇਆ। ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੁਰਤਾਗੱਦੀ ਦਾ ਸਮਾਂ ਅਇਆ ਤਾਂ ਗੁਰੂ ਛੇਵੇਂ ਪਾਤਸ਼ਾਹ ਦੀ ਇੱਛਾ ਅਤੇ ਆਦੇਸ਼ ਅਨੁਸਾਰ ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਸੇਲੀ ਟੋਪੀ ਦੇਣ ਅਤੇ ਤਿਲਕ ਲਗਾਉਣ ਦੀ ਰਸਮ ਨੂੰ ਛੱਡ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਦੋ ਕ੍ਰਿਪਾਨਾ ਇਕ ਮੀਰੀ ਦੀ ਅਤੇ ਇਕ ਪੀਰੀ ਦੀਆਂ ਪਹਿਨਾਂ ਦਿੱਤੀਆਂ।
ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੇ ਵਿਚ ਇਹ ਮਹਾਨ ਕ੍ਰਾਂਤੀਕਾਰੀ ਤਬਦੀਲੀ ਵਾਲੀ ਇਤਿਹਾਸਿਕ ਘਟਨਾ ਸੀ, ਜਿਸ ਨੇ ਇਤਿਹਾਸ ਦੇ ਵਹਿਣ ਮੋੜ ਦਿੱਤੇ। ਗੁਰੂ ਸਾਹਿਬਾਨਾਂ ਦਾ ਸਾਥ ਅਤੇ ਨਿੱਘ ਮਾਣਨ ਤੋਂ ਇਲਾਵਾ ਪੰਜ ਗੁਰੂ ਸਾਹਿਬਾਨਾਂ ਨੂੰ ਗੁਰਤਾਗੱਦੀ ਉੱਤੇ ਬਿਰਾਜਮਾਨ ਕਰਨ ਦਾ ਕਾਰਜ ਕੇਵਲ ਤੇ ਕੇਵਲ ਬਾਬਾ ਬੁੱਢਾ ਜੀ ਦੇ ਹਿੱਸੇ ਆਇਆ ਅਤੇ ਉਹ ਤਕਰੀਬਨ ਇਕ ਸਦੀ ਗੁਰੂ ਘਰ ਦੇ ਨਾਲ ਤਨ ਮਨ ਧੰਨ ਅਤੇ ਅੰਤਹਕਰਨ ਕਰਕੇ ਜੁੜੇ ਰਹੇ। ਇਹ ਆਪਣੇ ਆਪ ਦੇ ਵਿਚ ਇਕ ਵਿਲੱਖਣ, ਮਹਾਨ, ਅਜ਼ੀਮ ਅਤੇ ਅਲੌਕਿਕ ਗੱਲ ਹੈ।
1 ਸਤੰਬਰ ਸੰਨ 1604 ਈ ਨੂੰ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਅਤੇ ਗੁਰੂ ਅਰਜਨ ਦੇਵ ਜੀ ਨੇ ਇਸ ਦੇ ਪਹਿਲੇ ਗ੍ਰੰਥੀ ਦੀ ਸੇਵਾ ਵੀ ਬਾਬਾ ਬੁੱਢਾ ਜੀ ਨੂੰ ਹੀ ਸੌਂਪੀ ਜੋ ਕਿ ਹਮੇਸ਼ਾ ਹਮੇਸ਼ਾ ਦੇ ਲਈ ਇਤਿਹਾਸਿਕ ਘਟਨਾ ਹੋ ਨਿਬੜੀ। ਇਸ ਤਰ੍ਹਾਂ ਬਾਬਾ ਬੁੱਢਾ ਜੀ ਸਿੱਖ ਕੋਮ ਦੇ ਅੰਦਰ ਗ੍ਰੰਥੀ ਸਿੰਘਾਂ ਦੀ ਸੰਸਥਾ ਦੇ ਮੋਢੀ ਬਣ ਗਏ। ਛੇਵੇਂ ਪਾਤਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਇਕ ਮਹਾਨ ਇਨਕਲਾਬੀ ਕਾਰਜ ਕਰਦਿਆਂ ਮੁਗਲਾਂ ਦੇ ਸ਼ਾਹੀ ਮਨੁੱਖੀ ਤਖਤ ਦੇ ਨਾਲੋਂ ਉੱਚਾ ਅਕਾਲ ਪੁਰਖ ਦਾ ਤਖਤ “ਸ੍ਰੀ ਅਕਾਲ ਬੁੰਗਾ” ਦੀ ਉਸਾਰੀ ਆਰੰਭ ਕਰਵਾਈ ਅਤੇ ਇਥੇ ਕੋਈ ਮਜ਼ਦੂਰ ਮਿਸਤਰੀ ਨਹੀਂ ਸੀ ਲਗਾਇਆ ਗਿਆ ਸਗੋਂ ਸਾਰਾ ਉਸਾਰੀ ਦਾ ਕਾਰਜ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਲੋਂ ਹੀ ਕੀਤਾ ਗਿਆ।
ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਹਮਣੇ ਆਪਣੇ ਸਪੁੱਤਰ (ਗੁਰੂ) ਤੇਗ ਬਹਾਦਰ ਜੀ ਦੀ ਪੜਾਈ ਦਾ ਸਵਾਲ ਆਇਆ ਤਾਂ ਵੀ ਗੁਰੂ ਪਾਤਸ਼ਾਹ ਜੀ ਨੇ ਸਮੁੱਚੇ ਅਧਿਆਪਕਾਂ ਦੇ ਵਿਚੋਂ ਸਭ ਤੋਂ ਸੁਯੋਗ ਅਤੇ ਸੁਘੜ ਅਧਿਆਪਕ ਸਮਝਦਿਆਂ ਤੇਗ ਬਹਾਦਰ ਜੀ ਨੂੰ ਸਿੱਖਿਅਤ ਕਰਨ ਦੀ ਜ਼ਿਮੇਵਾਰੀ ਲਈ ਵੀ ਬਾਬਾ ਬੁੱਢਾ ਜੀ ਦੀ ਚੌਣ ਕੀਤੀ। ਬਾਬਾ ਬੁੱਢਾ ਜੀ ਨੇ (ਗੁਰੂ) ਤੇਗ ਬਹਾਦਰ ਜੀ ਨੂੰ ਹਰ ਪੱਖੋਂ ਸਿੱਖਿਅਤ ਕੀਤਾ।
ਉਪਰੰਤ ਬਾਬਾ ਬੁੱਢਾ ਜੀ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ ਰਮਦਾਸ ਆ ਗਏ। ਕੁਝ ਸਮੇਂ ਮਗਰੋਂ ਜਦੋਂ ਬਾਬਾ ਜੀ ਜਿਆਦਾ ਬਿਰਧ ਹੋ ਗਏ ਤਾਂ ਆਪਣਾ ਅੰਤ ਸਮਾਂ ਨੇੜੇ ਭਾਂਪਦਿਆਂ ਬਾਬਾ ਬੁੱਢਾ ਜੀ ਨੇ ਗੁਰੂ ਦਰਸ਼ਨਾਂ ਦੀ ਤਾਂਘ ਕੀਤੀ। ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਬਾਬਾ ਬੁੱਢਾ ਜੀ ਪਾਸ ਪਹੁੰਚੇ “ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮਣੇ” ਦੇ ਮਹਾਂਵਾਕ ਅਨੁਸਾਰ ਗੁਰੂ ਜੀ ਦੇ ਦਰਸ਼ਨ ਕਰਕੇ ਬਾਬਾ ਜੀ ਨਿਹਾਲ ਹੋ ਗਏ ਅੰਤ 1631 ਈ: ਨੂੰ “ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ” ਅਨੁਸਾਰ ਬਾਬਾ ਜੀ 125 ਵਰ੍ਹੇ ਦੀ ਲੰਮੀ ਸਾਰਥਕ ਅਤੇ ਮਿਸਾਲੀ ਜ਼ਿੰਦਗੀ ਜਿਉਣ ਉਪਰੰਤ ਅਕਾਲ ਜੋਤਿ ਦੇ ਵਿਚ ਲੀਨ ਹੋ ਗਏ। ਬਾਬਾ ਜੀ ਦਾ ਦੇਹ ਸੰਸਕਾਰ ਗੁਰੂ ਸਾਹਿਬ ਜੀ ਨੇ ਆਪਣੇ ਕਰ-ਕਮਲਾ ਦੇ ਨਾਲ ਕੀਤਾ। ਸਚਮੁੱਚ ਹੀ ਬਾਬਾ ਬੁੱਢਾ ਜੀ ਦਾ ਸਬਰ, ਸੰਤੋਖ ਅਤੇ ਸੰਜਮ ਭਰਪੂਰ ਜੀਵਨ ਸਾਰੇ ਸੰਸਾਰ ਦੇ ਲਈ ਇਕ ਚਾਨਣ ਮੁਨਾਰਾ ਹੈ।
Gursikh Baba Budha ji