ਅੰਮ੍ਰਿਤਸਰ, 16 ਅਕਤੂਬਰ 2024- ਜ਼ਿਲ੍ਹਾ ਪ੍ਰਸ਼ਾਸਨ, ਅੰਮ੍ਰਿਤਸਰ ਵੱਲੋਂ 18 ਅਕਤੂਬਰ ਤੱਕ ਚੱਲਣ ਵਾਲੇ ਦਾਨ ਉਤਸਵ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰਵਾਸੀਆਂ, ਸਕੂਲੀ ਬੱਚਿਆਂ ਆਪਣੇ ਘਰਾਂ ਵਿੱਚ ਪਏ ਹੋਏ ਅਣਵਰਤੋਂ ਸਾਮਾਨ ਨੂੰ ਲੋੜਵੰਦਾਂ ਲਈ ਦਾਨ ਕਰਨ ਲਈ ਅੱਗੇ ਆ ਰਹੇ ਹਨ।
ਅੱਜ ਵਿਧਾਇਕਾ ਸ੍ਰੀਮਤੀ ਜੀਵਨ ਜੋਤ ਕੌਰ ਵਿਸ਼ੇਸ਼ ਤੌਰ ਤੇ ਦਾਨ ਉਤਸਵ ਮੌਕੇ ਰਣਜੀਤ ਐਵੀਨਿਊ ਕਮਿਊਨਿਟੀ ਕੇਂਦਰ ਵਿਖੇ ਪੁੱਜੇ। ਉਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਕਿ ਉਹ ਸ਼ਹਿਰ ਦੀਆਂ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਨਾਲ ਮਿਲ ਕੇ ਲੋੜਵੰਦਾਂ ਦੀ ਮਦਦ ਲਈ ਕੰਮ ਕਰ ਰਿਹਾ ਹੈ। ਉਨਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਹੈ ਅਤੇ ਸਾਡਾ ਸਾਰੀਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਈਏ। ਉਨਾਂ ਨੇ ਨੋਜਵਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ। ਉਨਾਂ ਕਿਹਾ ਕਿ ਆਮ ਵੇਖਣ ਵਿਚ ਆਉਂਦਾ ਹੈ ਕਿ ਸਾਡੇ ਘਰਾਂ ਵਿੱਚ ਕਈ ਤਰ੍ਹਾਂ ਦੇ ਸਨਮਾਨ ਫਜ਼ੂਲ ਹੀ ਪਿਆ ਰਹਿੰਦਾ ਹੈ ਜਿਸਨੂੰ ਕਿ ਅਸੀਂ ਪ੍ਰਯੋਗ ਵਿੱਚ ਲਿਆਂਦੇ ਹੀ ਨਹੀਂ। ਉਨਾਂ ਕਿਹਾ ਕਿ ਜੇਕਰ ਇਹ ਸਾਮਾਨ ਅਸੀਂ ਲੋੜਵੰਦਾਂ ਤੱਕ ਪਹੁੰਚਾ ਸਕੀਏ ਤਾਂ ਬਹੁਤ ਵੱਡਾ ਪੁੰਨ ਹੋਵੇਗਾ ਕਿਉਂਕਿ ਕਈ ਲੋਕ ਇਨਾਂ ਚੀਜਾਂ ਤੋਂ ਵਾਂਝੇ ਰਹਿ ਜਾਂਦੇ ਹਨ। ਉਨਾਂ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਇਸ ਉਤਸਵ ਵਿੱਚ ਭਾਗ ਲੈ ਰਹੇ ਹਨ ਅਤੇ ਆਪਣੇ ਘਰਾਂ ਵਿੱਚ ਪਏ ਅਣਵਰਤੋਂ ਸਾਮਾਨ ਨੂੰ ਲੋੜਵੰਦਾਂ ਲਈ ਦਾਨ ਕਰ ਰਹੇ ਹਨ।
ਉਨਾਂ ਦੱਸਿਆ ਕਿ ਇਸ ਦਾਨ ਉਤਸਵ ਵਿੱਚ ਕਈ ਗੈਰ ਸਰਕਾਰੀ ਸੰਸਥਾਵਾਂ ਜਿਵੇਂ ਕਿ ਵਾਈਸ ਆਫ਼ ਅੰਮ੍ਰਿਤਸਰ, ਮਿਸ਼ਨ ਆਗਾਜ਼ , ਫਿੱਕੀ ਫਲੋਅ ਆਦਿ ਹੋਰ ਵੀ ਸੰਸਥਾਵਾਂ ਵੱਡੀ ਗਿਣਤੀ ਵਿੱਚ ਭਾਗ ਲੈ ਰਹੀਆਂ ਹਨ।
ਸਹਾਇਕ ਕਮਿਸ਼ਨਰ ਸ੍ਰੀ ਗੁਰਸਿਮਰਨਜੀਤ ਕੌਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋੜਵੰਦਾਂ ਨੂੰ ਦਾਨ ਦੇਣ ਲਈ ਮੋਬਾਇਲ ਨੰ: 7877778803 ‘ਤੇ ਮਿਸ ਕਾਲ ਦੇ ਕੇ ਆਪਣੇ ਨਜ਼ਦੀਕੀ ਕਲੈਕਸ਼ਨ ਸੈਂਟਰ ਦੀ ਸੂਚੀ ਪ੍ਰਾਪਤ ਕਰ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਲਈ http://www.cityneeds.info ‘ਤੇ ਜਾ ਕੇ ਸਿਟੀਨੀਡਜ਼ ਦਾਨ ਉਤਸਵ ‘ਤੇ ਕਲਿੱਕ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਮੀਟਿੰਗ ਵਿੱਚ ਸਕੱਤਰ ਰੈਡ ਕਰਾਸ ਸੈਮਸਨ ਮਸੀਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਨਜੀਓਜ਼ ਦੇ ਮੈਂਬਰ ਹਾਜ਼ਰ ਸਨ।