Sunday, January 19, 2025

ਸਾਰਾਗੜ੍ਹੀ ਦਿਵਸ : ਜਦੋਂ 21 ਸਿੱਖ ਜਵਾਨ ਹਜ਼ਾਰਾਂ ਲੜਾਕਿਆਂ ਦੇ ਸਾਹਮਣੇ ਡਟੇ ਸੀ

Date:

History of Saragarhi War

ਸਾਰਾਗੜ੍ਹੀ ਦੀ ਜੰਗ ਭਾਰਤ ਹੀ ਨਹੀਂ, ਬਲਕਿ ਵਿਸ਼ਵ ਇਤਿਹਾਸ ਦਾ ਉਹ ਘਟਨਾਕ੍ਰਮ ਹੈ ਜਿਸ ਬਾਰੇ ਜਾਣ ਕੇ ਹਰ ਭਾਰਤੀ, ਹਰ ਸਿੱਖ ਅਤੇ ਹਰ ਪੰਜਾਬੀ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ। ਇਹ ਜੰਗ ਦੁਨੀਆ ਦੇ ਜੰਗੀ ਇਤਿਹਾਸ ਦੀਆਂ ਸਭ ਤੋਂ ਅਸਾਵੀਆਂ ਜੰਗਾਂ ‘ਚ ਸ਼ਾਮਲ ਹੈ, ਜਿਸ ‘ਚ 10 ਹਜ਼ਾਰ ਤੋਂ ਵੱਧ ਅਫ਼ਗ਼ਾਨ ਦੁਸ਼ਮਣਾਂ ਦਾ ਮੁਕਾਬਲਾ 36ਵੀਂ ਸਿੱਖ ਰੈਜੀਮੈਂਟ ਦੇ ਸਿਰਫ਼ 21 ਬਹਾਦਰ ਜਵਾਨਾਂ ਨੇ ਕੀਤਾ। 

ਅੰਗਰੇਜ਼ਾਂ ਦੀ ਅਧੀਨਗੀ ਪਰਵਾਨ ਕਰਦੇ ਹੋਏ ਲੜਾਕੇ ਪਠਾਣ ਤੇ ਕਬਾਇਲੀ ਲੋਕਾਂ ਨੇ 1896 ਵਿੱਚ ਅੰਗਰੇਜ਼ਾਂ ਖਿਲਾਫ ਬਗ਼ਾਵਤ ਦਾ ਝੰਡਾ ਚੁੱਕ ਲਿਆ। 12 ਸਤੰਬਰ 1897 ਨੂੰ ਹੋਈ ਇਹ ਜੰਗ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹੀ ਦੇ ਸਥਾਨ ‘ਤੇ ਹੋਈ ਸੀ। ਅਫ਼ਗ਼ਾਨਾਂ ਦਾ ਮੰਤਵ ਸੀ ਕਿ ਗੁਲਿਸਤਾਨ ਅਤੇ ਲੌਕਹਾਰਟ ਕਿਲ੍ਹੇ ‘ਤੇ ਕਬਜ਼ਾ ਕਰਨ ਦਾ ਅਤੇ ਸਾਰਾਗੜ੍ਹੀ ਇਹਨਾਂ ਦੋਵਾਂ ਕਿਲਿਆਂ ਦੇ ਵਿਚਕਾਰ ਨੀਵੇਂ ਇਲਾਕੇ ਵਿੱਚ ਸਥਿੱਤ ਸੀ।

ਸਾਰਾਗੜ੍ਹੀ ਚੌਂਕੀ ਤੋਂ ਹੀ ਗੁਲਿਸਤਾਨ ਅਤੇ ਲੌਕਹਾਰਟ ਇੱਕ ਦੂਜੇ ਨੂੰ ਸੁਨੇਹੇ ਪਹੁੰਚਾਉਣ ਵਿੱਚ ਕਾਮਯਾਬ ਹੁੰਦੇ ਸੀ। ਸੋ, ਇਹਨਾਂ ਦਾ ਆਪਸੀ ਸੰਪਰਕ ਤੋੜਨ ਦੇ ਇਰਾਦੇ ਨਾਲ 10 ਹਜ਼ਾਰ ਤੋਂ ਵੱਧ ਦੀ ਗਿਣਤੀ ‘ਚ ਇਕੱਤਰ ਹੋਏ ਪਠਾਣਾਂ ਤੇ ਕਬਾਇਲੀਆਂ ਨੇ ਪਹਿਲਾਂ ਸਾਰਾਗੜ੍ਹੀ ‘ਤੇ ਹਮਲਾ ਕਰਨ ਦਾ ਫ਼ੈਸਲਾ ਲਿਆ। ਜੰਗ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਦੁਸ਼ਮਣਾਂ ਨੇ 36ਵੀਂ ਸਿੱਖ ਰੈਜੀਮੈਂਟ ਦੇ ਉਹਨਾਂ 21 ਸਿਪਾਹੀਆਂ ਦੀ ਅਗਵਾਈ ਕਰ ਰਹੇ ਹਵਲਦਾਰ ਈਸ਼ਰ ਸਿੰਘ ਨੂੰ ਕਿਲ੍ਹਾ ਛੱਡ ਦੇਣ ਲਈ ਵੱਖੋ-ਵੱਖ ਕਿਸਮ ਦੇ ਲਾਲਚ ਵੀ ਦਿੱਤੇ ਅਤੇ ਡਰਾਵੇ ਵੀ, ਪਰ ਹਵਲਦਾਰ ਈਸ਼ਰ ਸਿੰਘ ਨੇ ਪੂਰੀ ਨਿਡਰਤਾ ਨਾਲ ਸਭ ਡਰਾਵਿਆਂ ਤੇ ਲਾਲਚਾਂ ਨੂੰ ਠੋਕਰ ਮਾਰ ਦਿੱਤੀ।

ਲੌਕਹਾਰਟ ਕਿਲ੍ਹੇ ‘ਤੇ ਖੜ੍ਹਾ ਅੰਗਰੇਜ਼ ਅਫ਼ਸਰ ਕਰਨਲ ਹਾਰਟਨ ਸਭ ਕੁਝ ਦੇਖ ਰਿਹਾ ਸੀ, ਉਸ ਨੇ ਸਾਰਾਗੜ੍ਹੀ ਮਦਦ ਭੇਜਣ ਦੀ ਕੋਸ਼ਿਸ਼ ਵੀ ਕੀਤੀ, ਪਰ ਕਾਮਯਾਬੀ ਨਹੀਂ ਮਿਲੀ ਕਿਉਂ ਕਿ ਸਾਰਾ ਇਲਾਕਾ ਦੁਸ਼ਮਣਾਂ ਦੇ ਕਬਜ਼ੇ ਹੇਠ ਸੀ। ਇੱਕ ਮੁਕੰਮਲ ਨਾ-ਬਰਾਬਰੀ ਵਾਲੀ ਪਰ ਗਹਿ-ਗੱਚ ਜੰਗ ਸ਼ੁਰੂ ਹੋ ਗਈ। ਸਿੱਖ ਫ਼ੌਜੀਆਂ ਵਿੱਚੋਂ ਸਭ ਤੋਂ ਪਹਿਲੀ ਸ਼ਹੀਦੀ ਸਿਪਾਹੀ ਭਗਵਾਨ ਸਿੰਘ ਦੀ ਹੋਈ। ਸਵੇਰੇ ਦੀ ਸ਼ੁਰੂ ਹੋਈ ਜੰਗ ਦੇ 6 ਘੰਟੇ ਬੀਤਣ ਤੱਕ 12 ਸਿੱਖ ਫ਼ੌਜੀ ਸ਼ਹੀਦ ਹੋ ਗਏ ਸਨ ਅਤੇ ਸਿੱਖ ਫ਼ੌਜੀਆਂ ਦਾ ਗੋਲੀ-ਸਿੱਕਾ ਵੀ ਖ਼ਤਮ ਹੋਣ ਕਿਨਾਰੇ ਸੀ ਪਰ ਹੌਸਲੇ ਪੂਰੇ ਬੁਲੰਦ ਸੀ। ਬੇਖ਼ੌਫ਼ ਹੋ ਕੇ ਲੜਦੇ ਸਿੱਖ ਫ਼ੌਜੀ ਸ਼ਹੀਦ ਵੀ ਹੋ ਰਹੇ ਸੀ, ਪਰ ਆਪਣੇ ਸਾਥੀਆਂ ਦੀ ਸ਼ਹੀਦੀ ਤੋਂ ਹੋਰ ਜੋਸ਼ੋ-ਖ਼ਰੋਸ਼ ਨਾਲ ਲੜਦੇ ਸੂਰਮਿਆਂ ਨੇ ਦੁਸ਼ਮਣਾਂ ਵਿੱਚ ਭਾਜੜ ਪਾਈ ਹੋਈ ਸੀ, ਅਤੇ ਕਿਲ੍ਹੇ ਦੇ ਚਾਰੋਂ ਪਾਸੇ ਦੁਸ਼ਮਣਾਂ ਦੀਆਂ ਲਾਸ਼ਾਂ ਦੇ ਢੇਰ ਹੀ ਢੇਰ ਦਿਖਾਈ ਦੇ ਰਹੇ ਸੀ।  

History of Saragarhi War

ਇਸ ਵਿਚਕਾਰ ਇੱਕ ਵੱਡੇ ਧਮਾਕੇ ਨਾਲ ਦੁਸ਼ਮਣ ਕਿਲ੍ਹੇ ਦੀ ਕੰਧ ਵਿੱਚ ਪਾੜ ਪਾਉਣ ਵਿੱਚ ਕਾਮਯਾਬ ਹੋ ਗਏ। ਗੋਲ਼ੀ-ਸਿੱਕਾ ਖ਼ਤਮ ਹੋਇਆ ਦੇਖਿਆ ਤਾਂ ਹਵਲਦਾਰ ਈਸ਼ਰ ਸਿੰਘ ਜੀ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਹੋਏ ਬਿਨਾਂ ਹਥਿਆਰ ਹੀ ਦੁਸ਼ਮਣਾਂ ‘ਤੇ ਟੁੱਟ ਪਏ ਅਤੇ ਅਨੇਕਾਂ ਮੌਤ ਦੀ ਨੀਂਦ ਸੁਆ ਦਿੱਤਾ। ਜੰਗ ਦੇ ਹਾਲਾਤਾਂ ਦੀ ਹਰ ਖ਼ਬਰ, ਹਰ ਸ਼ਹੀਦੀ ਦੀ ਜਾਣਕਾਰੀ ਸਿਗਨਲਮੈਨ ਗੁਰਮੁਖ ਸਿੰਘ ਲਗਾਤਾਰ ਕਰਨਲ ਹਾਰਟਨ ਤੱਕ ਪਹੁੰਚਾ ਰਹੇ ਸਨ। 

ਇੱਕ-ਇੱਕ ਕਰਕੇ ਆਪਣੇ 20 ਸਾਥੀਆਂ ਦੇ ਸ਼ਹੀਦ ਹੋਣ ‘ਤੇ ਸਿਗਨਲਮੈਨ ਗੁਰਮੁਖ ਸਿੰਘ ਨੇ ਕਰਨਲ ਹਾਰਟਨ ਨੂੰ ਆਖ਼ਰੀ ਸੁਨੇਹਾ ਭੇਜਿਆ ਕਿ ਮੇਰੇ ਸਾਰੇ ਸਾਥੀ ਸ਼ਹੀਦ ਹੋ ਚੁੱਕੇ ਹਨ, ਅਤੇ ਹੁਣ ਮੈਨੂੰ ਸਿਗਨਲ ਬੰਦ ਕਰਨ ਦਾ ਹੁਕਮ ਦਿੱਤਾ ਜਾਵੇ ਤਾਂ ਜੋ ਮੈਂ ਆਪਣੇ ਸਾਥੀਆਂ ਨਾਲ ਸ਼ਾਮਿਲ ਹੋ ਸਕਾਂ। ਸਿਗਨਲਮੈਨ ਗੁਰਮੁਖ ਸਿੰਘ ਨੇ ਸਿਗਨਲ ਬੰਦ ਕੀਤਾ, ਜੈਕਾਰਾ ਛੱਡਿਆ ਅਤੇ ਪੂਰੇ ਜ਼ੋਰ ਨਾਲ ਦੁਸ਼ਮਣਾਂ ‘ਤੇ ਟੁੱਟ ਪਏ। 

10 ਹਜ਼ਾਰ ਤੋਂ ਵੱਧ ਦੁਸ਼ਮਣਾਂ ਦੇ ਮੁਕਾਬਲੇ ਸਿਰਫ਼ 21 ਸਿਪਾਹੀ, ਸੀਮਤ ਗੋਲ਼ੀ-ਬਰੂਦ, ਪਰ ਸਿੱਖ ਸਿਪਾਹੀਆਂ ਨੇ ਜਿਉਂਦੇ ਜੀ ਚੌਂਕੀ ‘ਤੇ ਕਾਬਜ਼ ਫ਼ੇਰ ਵੀ ਨਹੀਂ ਹੋਣ ਦਿੱਤਾ। ਬੇਮਿਸਾਲ ਬਹਾਦਰੀ ਦੀ ਇਸ ਖ਼ਬਰ ਨੇ ਪੂਰੀ ਦੁਨੀਆ ਨੂੰ ਚੌਂਕਾ ਕੇ ਰੱਖ ਦਿੱਤਾ ਸੀ। ਬ੍ਰਿਟਿਸ਼ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਮੈਂਬਰਾਂ ਨੇ ਖੜ੍ਹੇ ਹੋ ਕੇ ਇਹਨਾਂ ਸੂਰਬੀਰ ਸਿੱਖਾਂ ਨੂੰ ਸ਼ਰਧਾਂਜਲੀ ਤੇ ਸਤਿਕਾਰ ਭੇਟ ਕੀਤਾ। 

ਅੰਗਰੇਜ਼ ਹਕੂਮਤ ਵੱਲੋਂ 36ਵੀਂ ਸਿੱਖ ਰੈਜੀਮੈਂਟ ਦੇ ਇਹਨਾਂ 21 ਸਿਪਾਹੀਆਂ ਨੂੰ ਮਰਨ ਉਪਰੰਤ ‘ਇੰਡੀਅਨ ਆਰਡਰ ਆਫ਼ ਮੈਰਿਟ’ ਦੇ ਸਨਮਾਨ ਨਾਲ ਨਿਵਾਜ਼ਿਆ ਗਿਆ, ਜੋ ਅੱਜ ਦੇ ਪਰਮਵੀਰ ਚੱਕਰ ਦੇ ਬਰਾਬਰ ਦਾ ਸਨਮਾਨ ਸੀ। ਇਸ ਯੁੱਧ ਤੋਂ ਪਹਿਲਾਂ ‘ਤੇ ਬਾਅਦ ਵਿੱਚ ਹੁਣ ਤੱਕ, ਐਨਾ ਵੱਡਾ ਤੇ ਇਕੱਠਾ ਸਨਮਾਨ ਫ਼ੌਜ ਦੀ ਕਿਸੇ ਵੀ ਰੈਜੀਮੈਂਟ ਨੂੰ ਅੱਜ ਤੱਕ ਨਹੀਂ ਦਿੱਤਾ ਗਿਆ। ਇੰਗਲੈਂਡ ਅਤੇ ਕੈਨੇਡਾ ਵਰਗੇ ਮੁਲਕਾਂ ‘ਚ ਅੱਜ ਵੀ ਹਰ ਸਾਲ ਸਾਰਾਗੜ੍ਹੀ ਦਿਵਸ ਬੜੇ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ, ਜਿਸ ‘ਚ ਉੱਥੋਂ ਦੀਆਂ ਸਰਕਾਰਾਂ ਦੇ ਨੁਮਾਇੰਦੇ, ਫ਼ੌਜੀਆਂ ਦੇ ਪਰਿਵਾਰ, ਅਤੇ ਸਿੱਖ ਸਾਬਕਾ ਫ਼ੌਜੀ ਇਹਨਾਂ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਤੇ ਸਨਮਾਨ ਭੇਟ ਕਰਨ ਲਈ ਇਕੱਤਰ ਹੁੰਦੇ ਹਨ। 

Read Also :ਜੇਕਰ ਤੁਹਾਡਾ ਵੀ ਪਿਆ ਬੈਂਕ ਦਾ ਕੰਮ ਪੈਂਡਿੰਗ ਤਾਂ ਅੱਜ ਹੀ ਮੁਕਾ ਲੋ , 6 ਦਿਨ ਬੰਦ ਰਹਿਣ ਵਾਲੇ ਨੇ ਬੈਂਕ

ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਸਾਰਾਗੜ੍ਹੀ ਦੀ ਜੰਗ ਦੇ ਵਿਸ਼ੇ ‘ਤੇ ਬਣੀਆਂ ਫ਼ਿਲਮਾਂ ਅਤੇ ਵੈੱਬ ਸੀਰੀਜ਼ ਤੋਂ ਪਹਿਲਾਂ, ਸਾਡੇ ਵਿੱਚੋਂ ਬਹੁਤ ਸਾਰੇ ਇਸ ਜੰਗ ਬਾਰੇ ਕੋਈ ਬਹੁਤਾ ਜ਼ਿਆਦਾ ਨਹੀਂ ਜਾਣਦੇ ਸੀ। ਉਹ ਇੱਕ ਅਲੱਗ ਵਿਸ਼ਾ ਹੈ, ਕਿਸੇ ਮਾਧਿਅਮ ਨਾਲ ਵੀ ਹੋਵੇ, ਚੰਗੇ ਤੇ ਪ੍ਰੇਰਨਾਦਾਇਕ ਇਤਿਹਾਸ ਨੂੰ ਭਵਿੱਖ ਲਈ ਸੰਜੋਇਆ ਅਤੇ ਅੱਗੇ ਪਹੁੰਚਾਇਆ ਜਾਣਾ ਚਾਹੀਦਾ ਹੈ।

ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਾਰਾਗੜ੍ਹੀ ਨਿਵਾਸ ਵਿਖੇ ਇੱਕ ਯਾਦਗਾਰੀ ਗੈਲਰੀ ਸਥਾਪਿਤ ਕੀਤੀ ਗਈ ਹੈ। ਭਾਰਤ, ਪੰਜਾਬ ਅਤੇ ਸਿੱਖ ਕੌਮ ਦੇ ਜੰਗੀ ਇਤਿਹਾਸ ‘ਚ ਦਰਜ ਇਸ ਮਾਣਮੱਤੀ ਵੀਰਗਾਥਾ ਨੂੰ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਸਿੱਖ ਭਾਈਚਾਰੇ ਦੇ ਨਾਲ-ਨਾਲ ਸਿੱਖ ਕੌਮ ਦੀਆਂ ਜ਼ਿੰਮੇਵਾਰ ਸੰਸਥਾਵਾਂ ਨੂੰ ਵੀ ਇਸ ਵਿਸ਼ੇ ‘ਤੇ ਠੋਸ ਕਦਮ ਚੁੱਕਣੇ ਚਾਹੀਦੇ ਹਨ।

History of Saragarhi War

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...