ਮੋਗਾ, 23 ਫਰਵਰੀ:
ਅੱਜ ਮਾਨਯੋਗ ਜਸਟਿਸ ਨਿਧੀ ਗੁਪਤਾ ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ-ਕਮ-ਐਡਮਿਨਿਸਟ੍ਰੇਟਿਵ ਜੱਜ ਮੋਗਾ ਜੀ ਵੱਲੋਂ ਸਬ ਜੇਲ੍ਹ ਮੋਗਾ ਦਾ ਦੌਰਾ ਕੀਤਾ ਗਿਆ ਅਤੇ ਸਬ ਜੇਲ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਉਨ੍ਹਾਂ ਵੱਲੋਂ ਜੇਲ ਦੀਆਂ ਬੈਰਿਕਾਂ ਦਾ ਨਿਰੀਖਣ ਵੀ ਕੀਤਾ।
ਸ਼੍ਰੀ ਅਤੁਲ ਕਸਾਨਾ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਕਿੱਲ ਡਿਵੈੱਲਪਮੈਂਟ ਮੋਗਾ ਦੇ ਸਹਿਯੋਗ ਨਾਲ 7 ਫਰਵਰੀ, 2024 ਨੂੰ ਸਬ ਜੇਲ੍ਹ ਮੋਗਾ ਵਿੱਚ ਬੰਦ ਹਵਾਲਾਤੀਆਂ/ਕੈਦੀਆਂ ਨੂੰ ਇਲੈਕਟ੍ਰੀਕਲ ਟ੍ਰੇਨਿੰਗ ਦੀ ਸਿਖਲਾਈ ਦਿੱਤੀ ਗਈ ਸੀ, ਜਿਹੜੀ ਕਿ 7 ਫਰਵਰੀ ਤੋਂ 23 ਫਰਵਰੀ ਤੱਕ ਚੱਲੀ। ਇਸ ਮੁਹਿੰਮ ਦੀ ਸਮਾਪਤੀ ਦੇ ਮੌਕੇ ਤੇ ਜਸਟਿਸ ਨਿਧੀ ਗੁਪਤਾ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ-ਕਮ-ਐਡਮਿਨਿਸਟ੍ਰੇਟਿਵ ਜੱਜ ਮੋਗਾ ਵੱਲੋਂ ਬੰਦੀਆਂ ਨੂੰ ਇਲੈਕਟ੍ਰੀਕਲ ਕਿੱਟਾਂ ਤੇ ਸਿਖਲਾਈ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕਿ ਇਸ ਟ੍ਰੇਨਿੰਗ ਦਾ ਮੁੱਖ ਮਨੋਰਥ ਇਹ ਹੈ ਕਿ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਹਵਾਲਾਤੀ/ਕੈਦੀ ਸਮਾਜ ਵਿੱਚ ਆਪਣੇ ਮੁੜ ਵਸੇਬੇ ਲਈ ਜੇਲ ਤੋਂ ਬਾਹਰ ਕੋਈ ਕਿੱਤਾ ਸ਼ੁਰੂ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਅਤੇ ਸਮਾਜ ਵਿੱਚ ਖੁਸ਼ਹਾਲ ਜਿੰਦਗੀ ਜੀ ਸਕਣ। ਇਸ ਦੇ ਨਾਲ ਸੁਧਾਰ ਘਰ ਦਾ ਉਦੇਸ਼ ਵੀ ਪੂਰਾ ਹੁੰਦਾ ਹੈ। ਇਸ ਤੋਂ ਇਲਾਵਾ ਜੋ ਵੀ ਹਵਾਲਾਤੀ/ਕੈਦੀ ਮਾਨਯੋਗ ਅਦਾਲਤਾਂ ਵਿੱਚ ਆਪਣੇ ਕੇਸ ਦੀ ਪੈਰਵਾਈ ਕਰਨ ਲਈ ਵਕੀਲ ਕਰਨ ਤੋਂ ਅਸਮਰੱਥ ਹੈ ਉਹ ਵਿਅਕਤੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਿੱਚ ਦਰਖਾਸਤ ਦੇ ਕੇ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦਾ ਹੈ। ਇਹ ਸਹਾਇਤਾ ਹਰੇਕ ਹਵਾਲਾਤੀ/ਕੈਦੀ ਨੂੰ ਇੱਕ ਤਜ਼ਰਬੇਕਾਰ ਵਕੀਲ ਦੁਆਰਾ ਦਿੱਤੀ ਜਾਂਦੀ ਹੈ ਅਤੇ ਵਕੀਲ ਦੇ ਕੰਮ ਦੀ ਜਾਂਚ ਲਗਾਤਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੁਆਰਾ ਕੀਤੀ ਜਾਂਦੀ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਇਸ ਮੁਫਤ ਕਾਨੂੰਨੀ ਸਹਾਇਤਾ ਦਾ ਤੁਸੀਂ ਲਾਭ ਉਠਾ ਸਕਦੇ ਹੋ। ਇਸ ਦੇ ਨਾਲ ਹੀ ਉਨ੍ਹਾਂ ਹਵਾਲਾਤੀਆਂ/ਕੈਦੀਆਂ ਨੂੰ ਨਸ਼ੇ ਤੋਂ ਰਹਿਤ ਜ਼ਿੰਦਗੀ ਜਿਉਣ ਦੀ ਵੀ ਸਲਾਹ ਦਿੱਤੀ। ਅੰਤ ਵਿੱਚ ਉਨ੍ਹਾਂ ਨੇ ਜੇਲ ਵਿੱਚ ਬੰਦ ਹਵਾਲਾਤੀਆਂ/ਕੈਦੀਆਂ ਨੂੰ ਕਿਹਾ ਕਿ ਉਹ ਇੱਕ ਚੰਗੇ ਨਾਗਰਿਕ ਬਣਕੇ ਜੇਲ ਵਿੱਚੋਂ ਰਿਹਾਅ ਹੋਣ ਅਤੇ ਜਿਹੜੀਆਂ ਗਲਤੀਆਂ ਉਨ੍ਹਾਂ ਕੋਲੋਂ ਪਹਿਲਾਂ ਹੋਈਆਂ ਹਨ ਉਹ ਭਵਿੱਖ ਵਿੱਚ ਦੁਬਾਰਾ ਨਾ ਦੁਹਰਾਉਣ। ਇਸ ਤੋਂ ਇਲਾਵਾ ਮਾਨਯੋਗ ਜਸਟਿਸ ਨਿਧੀ ਗੁਪਤਾ ਨੇ ਜੇਲ ਦਾ ਨਿਰੀਖਣ ਕੀਤਾ ਅਤੇ ਹਵਾਲਾਤੀਆਂ/ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸ਼੍ਰੀ ਅਤੁਲ ਕਸਾਨਾ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ, ਸ਼੍ਰੀ ਅਮਰੀਸ਼ ਕੁਮਾਰ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਅਤੇ ਸ਼੍ਰੀ ਪ੍ਰੀਤਮਪਾਲ ਸਿੰਘ ਡਿਪਟੀ ਸੁਪਰਡੈਂਟ ਸਬ ਜੇਲ ਮੋਗਾ ਵੀ ਹਾਜਰ ਸਨ ।
ਮਾਨਯੋਗ ਜਸਟਿਸ ਨਿਧੀ ਗੁਪਤਾ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵੱਲੋਂ ਸਬ ਜੇਲ ਮੋਗਾ ਦਾ ਦੌਰਾ
Date: