ਨੈਸ਼ਨਲ ਗੇਮਜ਼/ਖੇਲੋ ਇੰਡੀਆ ਗੇਮਜ਼ ਦੀ ਮੇਜ਼ਬਾਨੀ ਪੰਜਾਬ ਨੂੰ ਦਿੱਤੀ ਜਾਵੇ: ਮੀਤ ਹੇਅਰ

ਇੰਫਾਲ/ਚੰਡੀਗੜ੍ਹ, 24 ਅਪਰੈਲ

ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇੰਫਾਲ ਵਿਖੇ ਕੇਂਦਰੀ ਖੇਡ ਮੰਤਰਾਲੇ ਵੱਲੋਂ ਸੂਬਿਆਂ ਦੇ ਖੇਡ ਮੰਤਰੀਆਂ ਦੀ ਕਰਵਾਈ ਜਾ ਰਹੀ ਕੌਮੀ ਕਾਨਫਰੰਸ (ਚਿੰਤਨ ਕੈਂਪ) ਵਿੱਚ ਬੋਲਦਿਆਂ ਨੈਸ਼ਨਲ ਗੇਮਜ਼/ਖੇਲੋ ਇੰਡੀਆ ਗੇਮਜ਼ ਦੀ ਮੇਜ਼ਬਾਨੀ ਪੰਜਾਬ ਨੂੰ ਦੇਣ ਦੀ ਮੰਗ ਰੱਖੀ। ਇਸ ਸੈਸ਼ਨ ਦੀ ਪ੍ਰਧਾਨਗੀ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕੀਤੀ।

ਮੀਤ ਹੇਅਰ ਨੇ ਕਿਹਾ ਕਿ ਪੰਜਾਬ ਨੇ 2001 ਵਿੱਚ ਕੌਮੀ ਖੇਡਾਂ ਤੋਂ ਬਾਅਦ ਕੋਈ ਵੀ ਕੌਮੀ ਖੇਡਾਂ ਜਾਂ ਖੇਲੋ ਇੰਡੀਆ ਗੇਮਜ਼ ਦੀ ਮੇਜ਼ਬਾਨੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਪੰਜਾਬ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਸੀ ਅਤੇ ਹੌਲੀ-ਹੌਲੀ ਪਛੜਦਾ ਗਿਆ।ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਬਣਾਉਣ ਲਈ ਉਪਰਾਲੇ ਕਰ ਰਹੀ ਹੈ। ਜੇਕਰ ਪੰਜਾਬ ਨੂੰ ਕੌਮੀ ਪੱਧਰ ਦਾ ਵੱਡਾ ਖੇਡ ਮੁਕਾਬਲਾ ਕਰਵਾਉਣ ਦਾ ਮੌਕਾ ਮਿਲੇ ਤਾਂ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੋਰ ਬਲ ਮਿਲੇਗਾ।

ਮੀਤ ਹੇਅਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਮਗਨਰੇਗਾ ਅਧੀਨ ਪਿੰਡਾਂ ਵਿੱਚ ਖੇਡ ਪਾਰਕ ਬਣਾ ਰਹੀ ਹੈ ਅਤੇ ਗੈਪ ਫੰਡਿੰਗ ਦੀ ਰਾਸ਼ੀ ਖੇਡ ਵਿਭਾਗ ਦੇ ਰਿਹਾ ਹੈ। ਕੇਂਦਰ ਸਰਕਾਰ ਖੇਲੋ ਇੰਡੀਆ ਦੀਆਂ ਸਕੀਮਾਂ ਜਾਂ ਹੋਰ ਕਿਸੇ ਸਕੀਮ ਤਹਿਤ ਇਸ ਗੈਪ ਫੰਡਿੰਗ ਵਿੱਚ ਸੂਬਿਆਂ ਦੀ ਮੱਦਦ ਕਰਨ।

ਪੰਜਾਬ ਦੇ ਖੇਡ ਮੰਤਰੀ ਨੇ ਸੱਟਾ-ਫੇਟਾਂ ਕਾਰਨ ਖਿਡਾਰੀਆਂ ਦੇ ਖੇਡ ਜੀਵਨ ਵਿੱਚ ਆਉਂਦੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਈ ਦੇ ਸੈਂਟਰ ਆਫ ਐਕਸੀਲੈਂਸਜ਼ ਵਿੱਚ ਖਿਡਾਰੀਆਂ ਲਈ ਇੰਜਰੀ ਤੇ ਰਿਹੈਬਲੀਟੇਸ਼ਨ ਸੈਂਟਰ ਸਥਾਪਤ ਕੀਤਾ ਜਾਵੇ ਤਾਂ ਜੋ ਖਿਡਾਰੀਆਂ ਸੱਟਾਂ ਤੋਂ ਉੱਭਰ ਸਕਣ। ਉਨ੍ਹਾਂ ਓਲੰਪਿਕ ਚੈਂਪੀਅਨ ਅਥਲੀਟ ਨੀਰਜ ਚੋਪੜਾ ਦੀ ਉਦਾਹਰਨ ਦਿੱਤੀ ਜਿਸ ਨੂੰ ਵਿਦੇਸ਼ਾਂ ਵਿੱਚ ਅਜਿਹੇ ਸੈਂਟਰਾਂ ਤੋਂ ਮਿਲੀ ਮੱਦਦ ਕਾਰਨ ਸੱਟ ਤੋਂ ਉੱਭਰਨ ਵਿੱਚ ਮੱਦਦ ਮਿਲੀ।

ਮੀਤ ਹੇਅਰ ਨੇ ਕਿਹਾ ਕਿ ਖੇਲੋ ਇੰਡੀਆ ਗੇਮਜ਼ ਦੇ ਜੇਤੂ ਖਿਡਾਰੀਆਂ ਦਾ ਪੂਲ ਬਣਾ ਕੇ ਉਨ੍ਹਾਂ ਨੂੰ ਚੰਗੇ ਕੇਂਦਰਾਂ ਵਿੱਚ ਭੇਜ ਕੇ ਭਵਿੱਖ ਲਈ ਤਿਆਰ ਕਰਨਾ ਚਾਹੀਦਾ ਹੈ।ਓਲੰਪਿਕ, ਰਾਸ਼ਟਰਮੰਡਲ, ਏਸ਼ਿਆਈ ਖੇਡਾਂ ਜਿਹੇ ਵੱਡੇ ਮੰਚ ਲਈ ਦੇਸ਼ ਦੇ ਚੋਣਵੇਂ ਖਿਡਾਰੀਆਂ ਦੀ ਤਿਆਰੀ ਉੱਤੇ ਜ਼ੋਰ ਦੇਣਾ ਲਾਜ਼ਮੀ ਹੈ।

[wpadcenter_ad id='4448' align='none']