Hukamnama Sri Harmandir Sahib Ji
ਧਨਾਸਰੀ ਮਹਲਾ ੫ ॥ ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥
ਅਰਥ:ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ ॥੧॥ ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ ॥ ਰਹਾਉ ॥ ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ ॥੨॥ (ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ ॥੩॥ (ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਗੁਰੂ ਨਾਨਕ ਜੀ ਆਪਣੇ ਆਪ ਨੂੰ ਆਖਦੇ ਹਨ, ਹੇ ਨਾਨਕ ! – ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ॥੪॥੫॥
Hukamnama Sri Harmandir Sahib Ji