Humans responsible for floods ਸਾਡੇ ਮਨੁੱਖੀ ਦਿਮਾਗ਼ ਨੇ ਜਦੋਂ ਵੀ ਧਰਤੀ ਮਾਂ ਦੀ ਹਿੱਕ ਤੇ ਫ਼ੀਤਾ ਰੱਖਿਆ, ਸਿਰਫ਼ ਆਪਣਾ ਹੀ ਲਾਹਾ ਤੱਕਿਆ ਹੈ। ਅਸੀਂ ਲਾਲਚ ਦੀਆਂ ਸੰਗਲੀਆਂ ਵਿਚ ਜਕੜੇ ਲੋਕ ਬਹੁਤ ਜਲਦੀ ਭੁੱਲ ਗਏ ਕਿ… ‘ਪੁਰਾਣੇ ਬਰਸਾਤੀ ਨਦੀਆਂ-ਨਾਲੇ, ਸਾਡੇ ਬਜੁਰਗਾਂ ਦੀ ਦੂਰਦਰਸ਼ੀ ਅਤੇ ਸਿਆਣਪ ਦਾ ਪ੍ਰਤੱਖ ਸਬੂਤ ਹੋਇਆ ਕਰਦੇ ਸਨ’! ਸਮੁੱਚੇ ਸੰਸਾਰ ਅੰਦਰ ਪਾਣੀ ਤੋਂ ਵੱਧ ਕੋਮਲ ਤੇ ਕਮਜ਼ੋਰ ਕੋਈ ਹੋਰ ਨਹੀਂ। ਪਰ ਸਾਨੂੰ ਇਹ ਗਿਆਨ ਹੋਣਾ ਵੀ ਲਾਜ਼ਮੀ ਹੈ ਕਿ ਸਖ਼ਤ ਅਤੇ ਮਜ਼ਬੂਤ ਨੂੰ ਖੋਰਨ ਵਿਚ ਪਾਣੀ ਦੇ ਬਰਾਬਰ ਵੀ ਹੋਰ ਕੋਈ ਨਹੀਂ!
ਇਸ ਸਮੇਂ ਸਾਡੇ ਬਹੁਤ ਸਾਰੇ ਭੈਣ-ਭਰਾ ਮੁਸੀਬਤ ਵਿਚ ਘਿਰੇ ਹੋਏ ਹਨ। ਸਥਿਤੀ ਕਾਬੂ ਵਿਚ ਆਉਣ ਤੇ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਕਾਬੂ ਵਿਚ ਰੱਖਣ ਲਈ ਡੂੰਘੇ ਵਿਸ਼ਲੇਸ਼ਣ ਕਰੀਏ ਤਾਂ ਜੋ ਭਵਿੱਖ ਵਿਚ ਹਾਲਾਤਾਂ ਨਾਲ ਸੌਖਿਆ ਲੜਿਆ ਜਾ ਸਕੇ। ਆਉ ਸਾਰੇ ਦਿਲੋਂ ਅਹਿਦ ਕਰੀਏ ਕਿ ਆਪਾਂ ਕਦੇ ਵੀ ਖ਼ਵਾਜੇ ਦਾ ਰਸਤਾ ਨਹੀਂ ਰੋਕਾਂਗੇ, ਨਾ ਹੀ ਕਿਤੇ ਨਜਾਇਜ਼ ਕਬਜ਼ਾ ਕਰਾਂਗੇ! ਅੱਜ ਦੇ ਪੜ੍ਹੇ ਲਿਖੇ ਅਣਪੜ੍ਹਾ ਨੂੰ ਦੱਸੀਏ ਕਿ ਸਾਡੇ ਤਜਰਬੇਕਾਰ ਸਿਆਣੇ ਬਜ਼ੁਰਗ ਦੱਸਿਆ ਕਰਦੇ ਸਨ ਕਿ… ਖ਼ਵਾਜਾ ਆਪਣਾਂ ਰਾਸਤਾ 100 ਸਾਲ ਬਾਅਦ ਵੀ ਲੱਭ ਲੈਂਦਾ ਹੈ! ਹੁਣ ਇਹੀ ਹੋਇਆ ਹੈ। Humans responsible for floods
ਅਸੀਂ ਮਨੁੱਖ ਕਦੋਂ ਤੱਕ ਆਪਣੀਆਂ ਨਲਾਇਕੀਆਂ ਨੂੰ ‘ਕੁਦਰਤੀ ਕ੍ਰੋਪੀ’ ਦਾ ਨਾਮ ਦਿੰਦੇ ਰਵਾਂਗੇ? ਬਰਸਾਤੀ ਪਾਣੀ ਦੇ ਵਹਿਣਾਂ ਨੂੰ ਜਦੋਂ ਤੱਕ ਅਸੀਂ ਮਨੁੱਖ ਆਪਣੇ ਸਵਾਰਥਾਂ ਲਈ ਬੰਨ ਮਾਰ ਕੇ ਰੋਕਣ ਦਾ ਯਤਨ ਕਰਾਂਗੇ ਤਾਂ ਇਹ ਸ਼ਾਤ ਵਹਿਣ ਵਾਲਾ ਪਾਣੀ ਕ੍ਰੋਧੀ ਹੋ ਹੜ੍ਹ ਦਾ ਰੂਪ ਧਾਰਨ ਕਰਨ ਵਿਚ ਵੀ ਜ਼ਿਆਦਾ ਦੇਰ ਨਹੀਂ ਲਾਉਂਦਾ! ਫੇਰ ਹੋਣ ਵਾਲੇ ਵਿਨਾਸ਼ ਨੂੰ ਕੋਈ ਨਹੀਂ ਟਾਲ ਸਕਿਆ! ਅਸੀਂ ਮਨੁੱਖਾਂ ਵੱਲੋਂ ਕੀਤੀਆਂ ਕੁਦਰਤ ਵਿਰੋਧੀ ਸ਼ਾਜਸ਼ਾਂ ਦੀ ਸਜ਼ਾ, ਅਸੀਂ ਮਨੁੱਖਾਂ ਨੇ ਤਾਂ ਭੁਗਤਣੀ ਹੀ ਹੁੰਦੀ ਹੈ, ਪ੍ਰੰਤੂ ਪਛੂ-ਪੰਛੀਆਂ, ਜੀਵ -ਜੰਤ ਤੇ ਪ੍ਰਕਿਰਤੀ ਵੀ ਵਿਚ ਲੱਤਾੜੀ ਜਾਂਦੀ ਹੈ! ਜੇਕਰ ਅਸੀਂ ਮਨੁੱਖਾਂ ਨੇ ਆਪਣੇ ਸਵਾਰਥਾਂ ਲਈ ਕੁਦਰਤ ਦੇ ਵਿਧਾਨ ਨਾਲ ਦਖ਼ਲਅੰਦਾਜ਼ੀ ਬੰਦ ਨਾ ਕੀਤੀ ਤਾਂ ਸਾਨੂੰ ਭਵਿੱਖ ਵਿਚ ਵੀ ਕੁਦਰਤੀ ਕਰੋਪੀ ਨੂੰ ਸਹਿਣ ਲਈ ਤਿਆਰ ਰਹਿਣਾ ਪੈਣਾ ਹੈ! ਆਓ ਨਿਮਾਣੇ ਹੋ ਕੇ ਕੀਤੀਆਂ ਭੁੱਲਾਂ ਦੀ ਮੁਆਫ਼ੀ ਮੰਗੀਏ ਕਿ… *ਮਾਲਕਾ ਰਹਿਮ ਫਰਮਾ, ਅਸੀਂ ਮਨੁੱਖ ਭੁੱਲਣਹਾਰ ਹਾਂ! Humans responsible for floods
ਕੁਦਰਤ ਸਭ ਜਾਣਦੀ ਹੈ ਕਿ ਮੁਸੀਬਤ ਦੀਆਂ ਘੜੀਆਂ ਵਿਚ ਵੀ ਮਨੁੱਖਾਂ ਵੱਲੋਂ ਸਿਆਸਤ ਇੱਕ ਸਟੇਜ ਸੋਅ ਦੀ ਤਰ੍ਹਾਂ ਹੋ ਰਹੀ ਹੈ। ਕਿਸੇ ਮੁਸੀਬਤ ਵੇਲੇ ਕੋਈ ਦੇਸ਼ ਸੇਵਕ ਗਰਾਊਂਡ ਜ਼ੀਰੋ ‘ਤੇ ਆਣ ਖੜੇ, ਇਹ ਬਹੁਤ ਵਧੀਆ ਗੱਲ ਹੈ। ਪਰ ਕਮਾਲ ਹੁਨਰ ਉਸ ਫੋਟੋਗ੍ਰਾਫਰ ਦਾ ਹੁੰਦਾ ਹੈ, ਜਿਹੜਾ ਗਰਾਊਂਡ ਮਾਈਨਸ ਜ਼ੀਰੋ ‘ਤੇ ਖੜਾ, ਗਰਾਊਂਡ ਜ਼ੀਰੋ ‘ਤੇ ਖੜਿਆਂ ਲੀਡਰਾਂ ਦੀਆਂ ਚੁਣ ਚੁਣ ਤਸਵੀਰਾਂ ਖਿੱਚਦਾ ਹੈ। ਕੁਦਰਤ ਵੀ ਸ਼ਰਮਿੰਦਾ ਹੁੰਦੀ ਹੋਣੀ ਐ ਆਪਣੀ ਬਣਾਈ ਮਨੁੱਖ ਪ੍ਰਜਾਤੀ ਤੇ, ਕਿਉਂਕਿ ਇਨ੍ਹਾਂ ਹੜ ਪੀੜਤਾਂ ਲਈ ਭਾਵੇਂ ਇੱਕ ਬਿਸਕੁੱਟ ਜਾਂ ਦੁੱਧ ਦੇ ਪੈਕਟ ਦੀ ਸੇਵਾ ਕਰਨੀ ਹੋਵੇ ਤਾਂ ਵੀ ਪਤੰਦਰ ਕੈਮਰੇ ਨਾਲ ਲੈਕੇ ਜਾਂਦੇ ਆ। ਫੋਟੋ ਖਿੱਚ ਫੇਸਬੁੱਕ, ਟਵਿੱਟਰ ਅਤੇ ਬਾਕੀ ਸਭ ਸਾਈਟਾਂ ਉੱਤੇ ਜ਼ਰੂਰ ਪਾਉਣੀ ਹੁੰਦੀ ਐ, ਮੈਨੂੰ ਤਾਂ ਇਉਂ ਲਗਦੈ ਜਿਵੇਂ ਧਰਮਰਾਜ ਵੀ ਅੱਜਕੱਲ ਇਨ੍ਹਾਂ ਨੂੰ ਸਮਾਰਟ ਫੋਨ ਰਾਹੀਂ ਵੇੰਖ ਕੇ ਵਹੀਂ-ਖ਼ਾਤੇ ਚਾੜਦਾ ਹੁੰਦਾ ਹੈ!
ਹਰਫੂਲ ਭੁੱਲਰ
ਖ਼ਵਾਜਾ ਆਪਣਾਂ ਰਾਸਤਾ 100 ਸਾਲ ਬਾਅਦ ਵੀ ਲੱਭ ਲੈਂਦਾ ਹੈ! ਹੁਣ ਇਹੀ ਹੋਇਆ ਹੈ।
[wpadcenter_ad id='4448' align='none']