ਮਾਨਸਾ, 08 ਮਾਰਚ
ਲੋਕ ਸਭਾ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਵੱਲੋਂ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬੈਂਕਾਂ ਦਾ ਕੈਸ਼ ਜਿਸ ਵਾਹਨ ’ਚ ਲੈ ਕੇ ਜਾਣਾ ਹੈ, ਉਸ ਦੇ ਸਾਰੇ ਮੁਕੰਮਲ ਦਸਤਾਵੇਜ਼ ਹੋਣੇ ਚਾਹੀਦੇ ਹਨ ਅਤੇ ਕਿਸੇ ਤੀਸਰੀ ਧਿਰ ਦੀ ਨਕਦੀ ਨਹੀਂ ਹੋਣੀ ਚਾਹੀਦੀ ਅਤੇ ਜਿਹੜਾ ਵਿਅਕਤੀ ਨਕਦੀ ਲੈ ਕੇ ਆਇਆ ਹੈ, ਉਸ ਪਾਸ ਸਬੰਧਤ ਪਹਿਚਾਣ ਪੱਤਰ ਦੇ ਦਸਤਾਵੇਜ਼ ਹੋਣੇ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਕਿਸੇ ਵੀ ਬੈਂਕ ਦੇ ਸ਼ੱਕੀ ਖਾਤਿਆਂ ਵਿਚ ਜਮ੍ਹਾਂ ਰਾਸ਼ੀ ਵਿਚ ਇਕ ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਟਰਾਂਸਫਰ ਤਾਂ ਨਹੀਂ ਹੋ ਰਹੀ ਹੈ ਜਾਂ ਕਿਸੇ ਬੈਂਕ ਖਾਤੇ ਤੋਂ ਦੂਜੇ ਬੈਂਕ ਖਾਤੇ ’ਚ ਆਰ.ਟੀ.ਜੀ.ਐਸ., ਨੈਫਟ ਰਾਹੀਂ ਅਦਾਇਗੀ ਤਾਂ ਨਹੀਂ ਹੋ ਰਹੀ ਹੈ। ਜੇਕਰ ਇਸ ਤਰ੍ਹਾਂ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਮੌਕੇ ’ਤੇ ਹੀ ਸਬੰਧਤ ਅਧਿਕਾਰੀ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ।
ਉਨ੍ਹਾਂ ਨਿਰਦੇਸ਼ ਦਿੱਤੇ ਕਿ ਉਮੀਦਵਾਰ, ਉਸ ਦੀ ਪਤਨੀ ਅਤੇ ਉਸ ਦੇ ਆਸ਼ਰਿਤ ਦੇ ਬੈਂਕ ਖਾਤੇ ਤੋਂ ਇਕ ਲੱਖ ਰੁਪਏ ਤੋਂ ਵੱਧ ਦੀ ਅਦਾਇਗੀ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿਉਂਕਿ ਚੋਣਾਂ ਦੌਰਾਨ ਇਸ ਤਰ੍ਹਾਂ ਦਾ ਕੋਈ ਵੀ ਸ਼ੱਕੀ ਲੈਣ-ਦੇਣ ਵੋਟਰਾਂ ਨੂੰ ਰਿਸ਼ਵਤ ਦੇਣ ਲਈ ਕੀਤਾ ਜਾ ਸਕਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ, ਚੋਣ ਨੋਡਲ ਅਫ਼ਸਰ ਅਤੇ ਖਰਚਾ ਸੈੱਲ ਅਧਿਕਾਰੀਆਂ ਤੋਂ ਇਲਾਵਾ ਚੋਣ ਕਾਨੂੰਗੋ ਵਰੁਣ ਗੋਇਲ ਮੌਜੂਦ ਸਨ।
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬੈਂਕ ਸ਼ੱਕੀ ਖਾਤਿਆਂ ਦੇ ਲੈਣ-ਦੇਣ ’ਤੇ ਦੇਣ ਵਿਸ਼ੇਸ਼ ਧਿਆਨ-ਜ਼ਿਲ੍ਹਾ ਚੋਣ ਅਫ਼ਸਰ
Date: