ਮੋਗਾ, 19 ਜੂਨ (000) – ਅਗਾਮੀ ਮੌਨਸੂਨ ਸੀਜ਼ਨ ਦੌਰਾਨ ਜ਼ਿਲ੍ਹਾ ਮੋਗਾ ਨੂੰ ਹੜ੍ਹ ਵਰਗੀ ਸਥਿਤੀ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਹੁਣ ਤੋਂ ਹੀ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਪ੍ਰਭਾਵਿਤ ਹੋਣ ਵਾਲੇ ਸੰਭਾਵੀ ਖੇਤਰਾਂ, ਖਾਸ ਕਰਕੇ ਮੋਗਾ ਸ਼ਹਿਰ, ਨੂੰ ਹੜ੍ਹ ਤੋਂ ਬਚਾਉਣ ਲਈ ਅੰਤਰ ਜ਼ਿਲ੍ਹਾ ਯੋਜਨਾ ਤਿਆਰ ਕੀਤੀ ਗਈ ਹੈ। ਜਿਸ ਤਹਿਤ ਸਿੱਧਵਾਂ ਬੇਟ (ਜ਼ਿਲ੍ਹਾ ਲੁਧਿਆਣਾ) ਇਲਾਕੇ ਤੋਂ ਆਉਣ ਵਾਲੇ ਪਾਣੀ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਨਾਲ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ।
ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਜ਼ਿਲ੍ਹਾ ਮੋਗਾ ਅਧੀਨ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਇਸ ਦੌਰਾਨ ਪਿੰਡ ਕਮਾਲ ਕੇ ਤੋਂ ਪਿੰਡ ਬਹਾਦਰ ਕੇ ਤੱਕ ਦਾ ਮੌਕਾ ਦੇਖਿਆ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਕੁਝ ਏਰੀਏ ਤੱਕ ਬੰਧ ਦੇਖਿਆ ਗਿਆ ਅਤੇ ਪਾਇਆ ਗਿਆ ਕਿ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਬੰਨ੍ਹ ਦਾ ਰਕਬਾ ਨੀਵਾਂ ਹੈ। ਜਿਸ ਸਬੰਧੀ ਡਿਪਟੀ ਕਮਿਸ਼ਨਰ, ਮੋਗਾ ਸ੍ਰ ਕੁਲਵੰਤ ਸਿੰਘ ਵੱਲੋਂ ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਜਾਣੂ ਕਰਵਾਇਆ ਗਿਆ ਅਤੇ ਇਹ ਬੰਨ੍ਹ ਫਲੱਡ ਸੀਜਨ ਤੌਂ ਪਹਿਲਾ ਉੱਚਾ ਕਰਵਾਉਣ ਬਾਰੇ ਕਿਹਾ ਗਿਆ। ਜਿਸ ਉੱਤੇ ਡਿਪਟੀ ਕਮਿਸ਼ਨਰ, ਲੁਧਿਆਣਾ ਨੇ ਭਰੋਸਾ ਦਿੱਤਾ ਕਿ ਬੰਨ੍ਹ ਫਲੱਡ ਸੀਜਨ ਤੌਂ ਪਹਿਲਾ ਉੱਚਾ ਕਰਵਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਨਾਲ ਲੱਗਦੇ ਜ਼ਿਲ੍ਹਾ ਜਲੰਧਰ ਨਾਲ ਵੀ ਦਰਿਆ ਦਾ ਰਾਸਤਾ ਪੱਧਰਾ ਰੱਖਣ ਲਈ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਸਤਲੁਜ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਨਾਲ ਇਸ ਇਲਾਕੇ ਵਿਚ ਹੜ੍ਹ ਦਾ ਖਤਰਾ ਬਿਲਕੁਲ ਹੀ ਖਤਮ ਹੋ ਜਾਵੇਗਾ। ਪਰ ਦੇਖਣ ਵਿਚ ਆਇਆ ਹੈ ਕਿ ਸਿੱਧਵਾਂ ਬੇਟ (ਜ਼ਿਲ੍ਹਾ ਲੁਧਿਆਣਾ) ਵਾਲੇ ਪਾਸੇ ਤੋਂ ਆਉਣ ਵਾਲੇ ਦਰਿਆ ਦੇ ਬੰਨ੍ਹ ਨੀਵੇਂ ਹਨ। ਜਿਸ ਨੂੰ ਤੁਰੰਤ ਉੱਚਾ ਕਰਨ ਦੀ ਲੋੜ੍ਹ ਹੈ। ਜੇਕਰ ਇਹ ਬੰਨ੍ਹ ਟੁੱਟਦੇ ਹਨ ਤਾਂ ਇਸ ਦਾ ਪਾਣੀ ਮੋਗਾ ਸ਼ਹਿਰ ਤੱਕ ਮਾਰ ਕਰ ਸਕਦਾ ਹੈ। ਇਸ ਕਰਕੇ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਨਾਲ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੀ ਹੱਦ ਅੰਦਰ ਪਿੰਡ ਕਮਾਲਕੇ ਅਤੇ ਸ਼ੇਰਪੁਰ ਤਾਇਬਾ ਵਿਚਕਾਰ ਪੈਂਦੇ ਐਲ 5 ਬੰਨ੍ਹ ਅਤੇ ਪਿੰਡ ਭੈਣੀ ਅਤੇ ਸੰਘੇੜਾ ਦਰਮਿਆਨ ਪੈਂਦੇ ਗਿੱਦੜਪਿੰਡੀ ਬੰਨ੍ਹ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਹਨਾਂ ਦੋਵੇਂ ਬੰਨ੍ਹਾਂ ਦਾ ਟੈਂਡਰ ਲੱਗ ਚੁੱਕਾ ਹੈ ਅਤੇ ਕੰਮ ਜਲਦ ਹੀ ਚਾਲੂ ਹੋ ਜਾਵੇਗਾ। ਜ਼ਿਲ੍ਹੇ ਵਿੱਚੋਂ ਲੰਘਦੀਆਂ ਚਾਰ ਡਰੇਨਾਂ ਦੀ ਸਫ਼ਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜਦਕਿ ਦੋ ਡਰੇਨਾਂ ਦਾ ਕੰਮ ਜਾਰੀ ਹੈ। ਜਿਕਰਯੋਗ ਹੈ ਕਿ ਪਿਛਲੇ ਮੌਨਸੂਨ ਸੀਜ਼ਨ ਦੌਰਾਨ ਜ਼ਿਲ੍ਹਾ ਮੋਗਾ ਦੀ ਹੱਦ ਅੰਦਰ ਸਤਲੁਜ ਦਰਿਆ ਵਿੱਚ 3 ਲੱਖ ਕਿਊਸਕ ਪਾਣੀ ਚੱਲਿਆ ਸੀ। ਇਸ ਵਾਰ ਇਸ ਤੋਂ ਵੀ ਜਿਆਦਾ ਪਾਣੀ ਨੂੰ ਕਾਬੂ ਕਰਨ ਲਈ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਤੋਂ ਇਲਾਵਾ ਮਾਣਯੋਗ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਮੋਗਾ ਦੇ ਅਧਿਕਾਰੀਆਂ ਨੂੰ ਲਗਾਤਾਰ ਧੁੱਸੀ ਬੰਨ੍ਹ ਦੀ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਗਏ ਤਾਂ ਜੋ ਬਰਸਾਤੀ ਸੀਜਨ ਦੌਰਾਨ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਇਸ ਮੌਕੇ ਧਰਮਕੋਟ ਦੇ ਐੱਸ ਡੀ ਐਮ ਸ੍ਰ ਜਸਪਾਲ ਸਿੰਘ ਬਰਾੜ, ਤਹਿਸੀਲਦਾਰ ਸ੍ਰ ਰੇਸ਼ਮ ਸਿੰਘ, ਡਰੇਨੇਜ ਵਿਭਾਗ ਦੇ ਉਪ ਮੰਡਲ ਅਫਸਰ ਲਵਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਨਾਲ ਸਨ।
ਹੜ੍ਹ ਦੀ ਸਥਿਤੀ ਤੋਂ ਬਚਣ ਲਈ ਜ਼ਿਲ੍ਹਾ ਮੋਗਾ ਦੀ ਅੰਤਰ ਜ਼ਿਲ੍ਹਾ ਯੋਜਨਾ
Date: