ਮਾਨਸਾ, 02 ਫਰਵਰੀ :
ਪੰਜਾਬ ਸਰਕਾਰ ਵੱਲੋਂ ’ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਦੇ ਅਹਿਮ ਯੋਗਦਾਨ’, ’ਨਾਰੀ ਸ਼ਕਤੀ’ ਅਤੇ ’ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਨੂੰ ਰੂਪਮਾਨ ’ ਕਰਨ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਈਆਂ ਗਈਆਂ ਤਿੰਨ ਝਾਕੀਆਂ 05 ਫਰਵਰੀ ਨੂੰ ਜ਼ਿਲ੍ਹਾ ਮਾਨਸਾ ਵਿਖੇ ਪੁੱਜਣਗੀਆਂ ਜਿੰਨ੍ਹਾਂ ਦਾ ਬੁਢਲਾਡਾ ਵਿਖੇ ਠਹਿਰਾਓ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਇਨ੍ਹਾਂ ਤਿੰਨ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਦੇਣ ਦੇ ਉਦੇਸ਼ ਨਾਲ ਵਿਸ਼ੇਸ਼ ਤੌਰ ’ਤੇ ਇਹ ਵਡ ਅਕਾਰੀ ਝਾਕੀਆਂ ਤਿਆਰ ਕਰਵਾਈਆਂ ਗਈਆਂ ਹਨ।
ਉਨ੍ਹਾਂ ਜ਼ਿਲ੍ਹਾ ਮਾਨਸਾ ਦੀਆਂ ਸਮੂਹ ਸਬ ਡਵੀਜ਼ਨਾਂ ਦੇ ਉਪ ਮੰਡਲ ਮੈਜਿਸਟਰੇਟ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਨ੍ਹਾਂ ਝਾਕੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਢੁਕਵੇਂ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ 06 ਫਰਵਰੀ ਨੂੰ ਇਹ ਝਾਕੀਆਂ ਬੁਢਲਾਡਾ ਤੋਂ ਵਾਇਆ ਭੀਖੀ ਹੁੰਦੇ ਹੋਏ ਰਾਤ ਨੂੰ ਮਾਨਸਾ ਵਿਖੇ ਪੁੱਜਣਗੀਆਂ ਅਤੇ 07 ਫਰਵਰੀ ਨੂੰ ਇਹ ਝਾਕੀਆਂ ਸਰਦੂਲਗੜ੍ਹ ਵਿਖੇ ਜਾਣਗੀਆਂ ਜਿੱਥੋਂ 08 ਫਰਵਰੀ ਨੂੰ ਇਹ ਝਾਕੀਆਂ ਬਠਿੰਡਾ ਲਈ ਰਵਾਨਾ ਕੀਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਧ ਚੜ੍ਹ ਕੇ ਇਨ੍ਹਾਂ ਝਾਕੀਆਂ ਨੂੰ ਦੇਖਣ ਲਈ ਸਬੰਧਤ ਸਥਾਨਾਂ ਉੱਤੇ ਪਹੁੰਚਣ ਤਾਂ ਜੋ ਪੰਜਾਬ ਦੇ ਮਾਣਮੱਤੇ ਇਤਿਹਾਸ ਅਤੇ ਵਿਰਸੇ ਬਾਰੇ ਉਨ੍ਹਾਂ ਦੇ ਗਿਆਨ ਵਿਚ ਹੋਰ ਵਾਧਾ ਹੋ ਸਕੇ।
ਝਾਕੀਆਂ 05 ਫਰਵਰੀ ਨੂੰ ਮਾਨਸਾ ਵਿਖੇ ਪੁੱਜਣਗੀਆਂ-ਡਿਪਟੀ ਕਮਿਸ਼ਨਰ
Date: