ਅੰਮ੍ਰਿਤਸਰ, 1 ਫਰਵਰੀ: 2024–
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਮਾਝਾ ਖੇਤਰ ਦੇ ਦੋ ਇਤਿਹਾਸਕ ਜ਼ਿਲਿ੍ਹਆਂ ਅੰਮ੍ਰਿਤਸਰ ਅਤੇ ਤਰਨਤਾਰਨ ਨੂੰ ਜੋੜਨ ਵਾਲੀ ਪੁਰਾਣੀ ਸੜਕ ਨੂੰ ਚਾਰ ਮਾਰਗੀ ਕਰਨ ਲਈ ਅੱਜ ਨੀਂਹ ਪੱਥਰ ਹਲਕੇ ਨਾਲ ਸਬੰਧਤ ਵਿਧਾਇਕਾਂ ਸ. ਜਸਵਿੰਦਰ ਸਿੰਘ ਰਮਦਾਸ, ਵਿਧਾਇਕ ਸ. ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਹੇਠ ਰੱਖਿਆ। ਉਨਾਂ ਦੱਸਿਆ ਕਿ ਕਰੀਬ 70 ਕਰੋੜ ਰੁਪਏ ਦੀ ਲਾਗਤ ਨਾਲ ਇਹ ਸੜਕ ਚਾਰ ਮਾਰਗ ਹੋਵੇਗੀ। ਇਸ ਮੌਕੇ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ. ਈ ਟੀ ਓ ਨੇ ਕਿਹਾ ਕਿ 30 ਫੁੱਟ ਚੌੜੀ ਇਸ ਸੜਕ ਦੀ 33 ਸਾਲ ਕਿਸੇ ਸਰਕਾਰ ਨੇ ਸਾਰ ਨਹੀਂ ਲਈ ਅਤੇ ਹੁਣ ਤੁਹਾਡੀ ਆਪਣੀ ਸਰਕਾਰ ਆਈ ਹੈ ਤਾਂ ਇਸ ਦੇ ਭਾਗ ਜਾਗੇ ਹਨ।ਉਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ, ਸ਼ਹੀਦ ਬਾਬਾ ਦੀਪ ਸਿੰਘ ਦੇ ਗੁਰਦੁਆਰੇ, ਟਾਹਲਾ ਸਾਹਿਬ, ਬਾਬਾ ਨੌਧ ਸਿੰਘ ਦੀ ਸਮਾਧ, ਤਰਨਤਾਰਨ, ਸੰਗਰਾਣਾ ਸਾਹਿਬ, ਗੋਇੰਦਵਾਲ ਸਾਹਿਬ ਵਰਗੇ ਵੱੱਡੇ ਗੁਰੂ ਘਰਾਂ ਨੂੰ ਮਿਲਾਉਂਦੀ ਇਹ ਸੜਕ ਹੁਣ ਦੋਵੇਂ ਪਾਸੇ 23-23 ਫੁੱਟ ਅਤੇ ਵਿਚਾਲੇ 6.5 ਫੁੱਟ ਦਾ ਡਿਵਾਇਡਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਟਾਹਲਾ ਸਾਹਿਬ ਤੇ ਸੰਗਰਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਖਰੀ 10-10 ਫੁੱਟ ਦੀ ਸਲਿਪ ਰੋਡ ਬਣਾਈ ਜਾਵੇਗੀ। ਇਸ ਦੇ ਨਾਲ-ਨਾਲ ਪਾਣੀ ਦੇ ਨਿਕਾਸ ਲਈ ਡਰੇਨਜ਼ ਸਿਸਟਮ ਅਤੇ 70 ਲੱਖ ਰੁਪਏ ਦੀਆਂ ਸਟਰੀਟ ਲਾਇਟਾਂ ਵੀ ਲਗਾਈਆ ਜਾਣਗੀਆਂ, ਜਿਸ ਨਾਲ ਇਸ ਸੜਕ ਉਤੇ ਜਾਣ ਵਾਲੇ ਯਾਤਰੀਆਂ ਅਤੇ ਰੋਜਾਨਾ ਸਫਰ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਗੁਰੂ ਘਰਾਂ ਨੂੰ ਜਾਂਦੀ ਇਸ ਸੜਕ ਦੀ ਗੁਣਵੱਤਾ ਦਾ ਧਿਆਨ ਆਪ ਵੀ ਰੱਖਣ ਤੇ ਜੇਕਰ ਕਿਧਰੇ ਠੇਕੇਦਾਰ ਕੁਤਾਹੀ ਕਰਦਾ ਨਜ਼ਰ ਆਵੇ ਤਾਂ ਤਰੁੰਤ ਮੇਰੇ ਧਿਆਨ ਵਿਚ ਲਿਆਉਣ। ਸ. ਈ ਟੀ ਓ ਨੇ ਕਿਹਾ ਕਿ ਅਸੀਂ ਕੇਵਲ ਸੜਕਾਂ ਚੌੜੀਆਂ ਨਹੀਂ ਕਰ ਰਹੇ, ਬਲਕਿ ਪੰਜਾਬ ਨੂੰ ਹਰ ਪੱਖ ਤੋਂ ਮਜ਼ਬੂਤ ਕਰ ਰਹੇ ਹਾਂ। ਭ੍ਰਿਸ਼ਟਾਚਾਰ ਦੇ ਘੁਣ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਕਰੀਬ 600 ਅਧਿਕਾਰੀ ਤੇ ਕਰਮਚਾਰੀ ਵੱਢੀ ਲੈਂਦੇ ਫੜੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਰੋਜ਼ਾਨਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਦਿੱਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਜੋ ਬਿਜਲੀ ਵਿਭਾਗ ਪਹਿਲਾਂ ਲਗਾਤਾਰ ਘਾਟੇ ਵਿਚ ਜਾ ਰਿਹਾ ਸੀ, ਉਹ ਹੁਣ ਮੁਫ਼ਤ ਬਿਜਲੀ ਦੇ ਕੇ 564 ਕਰੋੜ ਰੁਪਏ ਦੇੇੇ ਮੁਨਾਫੇ ਵਿਚ ਜਾ ਰਿਹਾ ਹੈ। ਉਨਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੁਹਿਰਦ ਪਹੁੰਚ ਸਦਕਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਅਸੀਂ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤ ਕੇ ਨਵਾਂ ਇਤਿਹਾਸ ਸਿਰਜਾਂਗੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਹਲਕਾ ਅਟਾਰੀ ਦੇ ਵਿਧਾਇਕ ਸ. ਜਸਵਿੰਦਰ ਸਿੰਘ ਰਮਦਾਸ ਨੇ ਇਸ ਵੱਡੀ ਤੇ ਮਹੱਤਵਪੂਰਨ ਸੜਕ ਦਾ ਕੰਮ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਕਿਹਾ ਕਿ ਇਸ ਮਾਰਗ ਦਾ ਆਪਣਾ ਮਹੱਤਵ ਹੈ, ਕਿਉਂਕਿ ਇਸ ’ਤੇ ਕਈ ਇਤਿਹਾਸਕ ਗੁਰਦੁਆਰਾ ਸਾਹਿਬ ਸਥਿਤ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਮਾਨ ਦੀ ਬਦੌਲਤ ਪੰਜਾਬ ਸਰਕਾਰ ਨੇ ਆਪਣੇ ਪਹਿਲੇ 22 ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ 42 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਜੋ ਕਿ ਵੱਡੀ ਪ੍ਰਾਪਤੀ ਹੈ। ਉਨਾਂ ਕਿਹਾ ਕਿ ਸਿਹਤ ਤੇ ਸਿੱਖਿਆ ਤੋਂ ਇਲਾਵਾ ਬਾਕੀ ਅਹਿਮ ਵਿਭਾਗਾਂ ਵਿਚ ਵੀ ਵੱਡੇ ਪੱਧਰ ਉਤੇ ਭਰਤੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਚਹੁੰ ਮਾਰਗੀ ਕਰਨ ਨਾਲ ਨਾ ਸਿਰਫ਼ ਆਵਾਜਾਈ ਨੂੰ ਸੁਖਾਲਾ ਬਣਾਉਣ ਵਿੱਚ ਮਦਦ ਮਿਲੇਗੀ ਸਗੋਂ ਇਸ ਸੜਕ ਦੇ ਨਾਲ ਲੱਗਦੇ ਖੇਤਰਾਂ ਦੇ ਵਿਕਾਸ ਵਿੱਚ ਵੀ ਤੇਜ਼ੀ ਆਵੇਗੀ। ਇਸ ਮੌਕੇ ਵਿਧਾਇਕ ਸ. ਕਸ਼ਮੀਰ ਸਿੰਘ ਸੋਹਲ ਨੇ ਇਤਹਾਸਕ ਜਿਲਿਆਂ ਨੂੰ ਮਿਲਾਉਂਦੀ ਇਸ ਸੜਕ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਕਰਦੇ ਕਿਹਾ ਕਿ ਜਿਸ ਤਰਾਂ ਸਰਕਾਰ ਨੇ ਸਕੂਲਾਂ ਤੇ ਹਸਪਤਾਲਾਂ ਨੂੰ ਸੰਵਾਰਨ ਦੀ ਸ਼ੁਰੂਆਤ ਕੀਤੀ ਹੈ, ਉਸੇ ਤਰਾਂ ਸੜਕਾਂ ਦਾ ਵਿਕਾਸ ਵੀ ਵੱਡੇ ਪੱਧਰ ਉਤੇ ਕੀਤਾ ਜਾ ਰਿਹਾ ਹੈ, ਜੋ ਕਿ ਸਾਡੀ ਰੀੜ ਦੀ ਹੱਡੀ ਹਨ। ਉਨਾਂ ਕਿਹਾ ਕਿ ਹਸਪਤਾਲਾਂ ਵਿਚ ਦਵਾਈਆਂ ਤੇ ਸਕੂਲਾਂ ਵਿਚ ਪੜਾਈ ਦੇ ਪੱਧਰ ਵਿਚ ਸੁਧਾਰ ਹੋਣ ਨਾਲ ਪੰਜਾਬ ਖੁਸ਼ਹਾਲੀ ਦੇ ਰਾਹ ਪਿਆ ਹੈ, ਜਿਸਦੇ ਚੰਗੇ ਨਤੀਜੇ ਮਿਲਣਗੇ। ਇਸ ਮੌਕੇ ਸ. ਬਲਜੀਤ ਸਿੰਘ ਖਹਿਰਾ ਲੋਕ ਸਭਾ ਇੰਚਾਰਜ ਹਲਕਾ ਖਡੂਰ ਸਾਹਿਬ, ਚੇਅਰਮੈਨ ਸ ਛਨਾਖ ਸਿੰਘ, ਮੈਡਮ ਸੀਮਾ ਸੋਢੀ ਮਹਿਲਾ ਪ੍ਰਧਾਨ, ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਜੰਡਿਆਲਾ ਗੁਰੂ ਨੇ ਵੀ ਸੰਬੋਧਨ ਕੀਤਾ। ਇਸ ਰੈਲੀ ਵਿਚ ਚੇਅਰਮੈਨ ਸ: ਗੁਰਦੇਵ ਸਿੰਘ, ਮੈਡਮ ਸੁਰਿੰਦਰ ਕੌਰ, ਸ: ਸਤਿੰਦਰ ਸਿੰਘ, ਮੁੱਖ ਇੰਜੀਨੀਅਰ ਸ: ਜਗਦੀਪ ਸਿੰਘ, ਕਾਰਜਕਾਰੀ ਇੰਜ: ਸ: ਇੰਦਰਜੀਤ ਸਿੰਘ, ਕਾਰਜਕਾਰੀ ਇੰਜ: ਸ਼ੀ ਕੁਲਸ਼ਦੀਪ ਸਿੰਘ ਰੰਧਾਵਾ, ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਟਾਹਲਾ ਸਹਿਬ, ਸ: ਦਿਲਬਾਗ ਸਿੰਘ,ਬੀਬੀ ਕੋਲਾ ਜੀਦ ਭਲਾਈ ਕੇਦਰ ਦੇ ਮੈਨੇਜਰ ਸ: ਪਰਮਜੀਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।