Know Anemia – Ban Anemia
ਪਟਿਆਲਾ (ਮਾਲਕ ਸਿੰਘ ਘੁੰਮਣ ) :ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਅਨੀਮੀਆ ਮੁਕਤ ਕਰਨ ਲਈ ‘ਪ੍ਰਾਜੈਕਟ ਸ਼ਕਤੀ’ ਦੀ ਸ਼ੁਰੂਆਤ ਕੀਤੀ ਹੈ। ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਵਿਖੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਪ੍ਰਾਜੈਕਟ ਸ਼ਕਤੀ ਦੀ ਸ਼ੁਰੂਆਤ ਕਰਵਾਉਂਦਿਆਂ ਦੱਸਿਆ ਕਿ ਪਾਇਲਟ ਪ੍ਰਾਜੈਕਟ ਵਜੋਂ ਰਾਜਪੁਰਾ ਦੇ 42 ਸਕੂਲਾਂ ਨੂੰ ਇਸ ਪ੍ਰਾਜੈਕਟ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੀ ਸਫ਼ਲਤਾ ਬਾਅਦ ਪੂਰੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ ਇਸ ਪ੍ਰਾਜੈਕਟ ਵਿੱਚ ਸ਼ਾਮਲ ਕੀਤਾ ਜਾਵੇਗਾ ਤਾਂ ਕਿ ਸਾਡੀਆਂ ਬੱਚੀਆਂ ਨੂੰ ਖ਼ੂਨ ਦੀ ਘਾਟ ਤੋਂ ਮੁਕਤ ਕਰਕੇ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਸਕੂਲੀ ਵਿਦਿਆਰਥੀਆਂ, ਖਾਸ ਕਰਕੇ ਲੜਕੀਆਂ ਦੀ ਸਿਹਤ ਵੱਲ ਪੰਜਾਬ ਸਰਕਾਰ ਵੱਲੋਂ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਾਭਾ ਪਾਵਰ ਲਿਮਟਿਡ ਦੇ ਸਹਿਯੋਗ ਨਾਲ ਸਿਹਤ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ 10 ਤੋਂ 19 ਸਾਲ ਦੀਆਂ ਲੜਕੀਆਂ ਦੇ ਖ਼ੂਨ ਦੀ ਜਾਂਚ ਕਰਕੇ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਤੇ ਖੁਰਾਕ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਖ਼ੂਨ ਦੀ ਘਾਟ ਵਾਲੀਆਂ ਬੱਚੀਆਂ ਦਾ ਤਿੰਨ ਮਹੀਨੇ ਬਾਅਦ ਫਿਰ ਟੈਸਟ ਕੀਤਾ ਜਾਵੇਗਾ ਤੇ ਇਨ੍ਹਾਂ ਪਛਾਣ ਕੀਤੀਆਂ ਬੱਚੀਆਂ ਲਈ ਮਿਡ ਡੇ ਮੀਲ ‘ਚ ਜੇਕਰ ਕੋਈ ਤਬਦੀਲੀ ਕਰਨ ਸਮੇਤ ਕੋਈ ਵਾਧੂ ਦਵਾਈਆਂ ਜਾਂ ਖੁਰਾਕ ਦੇਣ ਦੀ ਲੋੜ ਹੈ, ਇਸ ‘ਤੇ ਵੀ ਕੰਮ ਕੀਤਾ ਜਾਵੇਗਾ।
ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਸਿਹਤ ਵਿਭਾਗ ਵੱਲੋਂ ਕਰਵਾਈ ਗਈ ਜਾਂਚ ਵਿੱਚ ਪਾਇਆ ਗਿਆ ਹੈ ਕਿ 50 ਫੀਸਦੀ ਤੋਂ ਵੱਧ ਵਿਦਿਆਰਥਣਾਂ ਖ਼ੂਨ ਦੀ ਕਮੀ ਦਾ ਸ਼ਿਕਾਰ ਹਨ, ਇਸ ਲਈ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਾਜੈਕਟ ਸ਼ਕਤੀ ਲਾਂਚ ਕੀਤਾ ਗਿਆ ਹੈ ਤਾਂ ਕਿ ਸਾਡੀਆਂ ਬੱਚੀਆਂ ਨੂੰ ਸਿਹਤਮੰਦ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਜਿੱਥੇ ਵਿਦਿਆਰਥਣਾਂ ਦੀ ਥੈਲਾਸੀਮੀਆ ਦੇ ਨਾਲ-ਨਾਲ ਪੂਰੀ ਸਿਹਤ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਖ਼ੂਨ ਦੀ ਕਮੀ ਹੋਣ ਵਾਲੀਆਂ ਗੰਭੀਰ ਅਲਾਮਤਾਂ ਬਾਰੇ ਸੁਚੇਤ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਡੀ.ਡੀ.ਐਫ਼. ਨਿਧੀ ਮਲਹੋਤਰਾ, ਜਿਸ ਨੇ ਇਸ ਪ੍ਰਾਜੈਕਟ ਦੀ ਰੂਪ ਰੇਖਾ ਉਲੀਕੀ ਤੇ ਇਸ ਨੂੰ ਸਫ਼ਲ ਬਣਾਉਣ ਲਈ ਸਾਰੇ ਸਬੰਧਤਾਂ ਨਾਲ ਤਾਲਮੇਲ ਕੀਤਾ, ਨੇ ਕਿਹਾ ਕਿ ਖ਼ੂਨ ਦੀ ਗੰਭੀਰ ਘਾਟ ਵਾਲੇ ਬੱਚਿਆਂ ਦਾ ਇਲਾਜ ਸਿਵਲ ਹਸਪਤਾਲ ਤੇ ਰਾਜਿੰਦਰਾ ਹਸਪਤਾਲ ਵਿਖੇ ਕਰਵਾਇਆ ਜਾਵੇਗਾ।
Read Also : 4,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਪ੍ਰਾਜੈਕਟ ਲਾਂਚ ਕਰਨ ਸਮੇਂ ਸਿਵਲ ਸਰਜਨ ਡਾ. ਸੰਜੇ ਗੋਇਲ, ਐਨ.ਪੀ.ਐਲ. ਦੇ ਸੀ.ਐਸ.ਆਰ. ਪ੍ਰਾਜੈਕਟ ਹੈਡ ਜੀ.ਐਸ. ਚੀਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਦਰਸ਼ਨਜੀਤ ਸਿੰਘ, ਡੀ.ਡੀ.ਐਫ਼. ਨਿਧੀ ਮਲਹੋਤਰਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਪ੍ਰੀਤ ਕੌਰ, ਮੈਡੀਕਲ ਕਾਲਜ ਤੋਂ ਡਾ. ਅਮਨਦੇਵ ਅਤੇ ਡਾ. ਤਾਨਿਆ ਸਮੇਤ ਸਿਹਤ ਵਿਭਾਗ ਤੇ ਸਿੱਖਿਆ ਦੇ ਨੁਮਾਇੰਦੇ ਮੌਜੂਦ ਸਨ।
Know Anemia – Ban Anemia