ਕੰਡਿਆਲੀ ਤਾਰ ਤੋਂ ਪਾਰ ਵਾਲੀਆਂ ਜਮੀਨਾਂ ਦਾ ਮੁਆਵਜ਼ਾ ਲੈਣ ਲਈ ਕਿਸਾਨਾਂ ਕੋਲ ਆਖਰੀ ਮੌਕਾ -ਡਿਪਟੀ ਕਮਿਸ਼ਨਰ

ਅੰਮ੍ਰਿਤਸਰ 8 ਜੁਲਾਈ –

ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਸਰਹੱਦ ਉੱਤੇ ਕੰਡਿਆਲੀ ਤਾਰ ਤੋਂ ਪਾਰ ਜਮੀਨਾਂ ਦਾ ਜੋ ਮੁਆਵਜਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ, ਲਈ ਯੋਗ ਕਿਸਾਨ ਆਪਣੇ ਐਸ ਡੀ ਐਮ ਦਫਤਰ ਨਾਲ ਤੁਰੰਤ ਸੰਪਰਕ ਕਰਨ ਤਾਂ ਜੋ ਉਹਨਾਂ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਹੱਦ ਉੱਤੇ ਪੈਂਦੀਆਂ ਇਨਾਂ ਜਮੀਨਾਂ ਲਈ ਸਰਕਾਰ ਵੱਲੋਂ ਮੁਆਵਜਾ ਦਿੱਤਾ ਜਾਂਦਾ ਹੈ ਕਿਉਂਕਿ ਉਥੇ ਖੇਤੀ ਕਰਨ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਰੁਕਾਵਟਾਂ ਆਉਂਦੀਆਂ ਹਨ,  ਜਿਸ ਦੀ ਭਰਪਾਈ ਸਰਕਾਰ ਮੁਆਵਜ਼ਾ ਦੇ ਕੇ ਕਰਦੀ ਹੈ। ਉਹਨਾਂ ਕਿਹਾ ਕਿ ਮੁਆਵਜੇ ਦੀ ਇਹ ਰਾਸ਼ੀ ਸਾਡੇ ਕੋਲ ਆ ਚੁੱਕੀ ਹੈ ਅਤੇ ਜਿਸ ਵੀ ਕਿਸਾਨ ਦੀ ਜਮੀਨ ਕੰਡਿਆਲੀ ਤਾਰ ਤੋਂ ਪਾਰ ਹੈ, ਉਹ ਉਸ ਜਮੀਨ ਦਾ ਰਿਕਾਰਡ , ਬੈਂਕ ਦੀ ਕਾਪੀ ਅਤੇ ਆਧਾਰ ਕਾਰਡ ਦੀ ਕਾਪੀ ਲੈ ਕੇ ਆਪਣੇ ਆਪਣੇ ਐਸਡੀਐਮ ਦਫਤਰ ਨਾਲ ਤੁਰੰਤ ਸੰਪਰਕ ਕਰਨ ਤਾਂ ਜੋ ਉਹਨਾਂ ਨੂੰ ਮੁਆਵਜਾ ਦਿੱਤਾ ਜਾ ਸਕੇ। ਉਹਨਾਂ ਦੱਸਿਆ ਕਿ ਇਹ ਮੁਆਵਜ਼ਾ ਲੈਣ ਦਾ ਇਸ ਸੈਸ਼ਨ ਦਾ ਆਖਰੀ ਮੌਕਾ ਹੈ,  ਇਸ ਲਈ ਕੋਈ ਵੀ ਕਿਸਾਨ ਲਾਪਰਵਾਹੀ ਨਾ ਕਰਦਾ ਹੋਇਆ ਤੁਰੰਤ ਆਪਣੇ ਆਪਣੇ ਐਸਡੀਐਮ ਨਾਲ ਸੰਪਰਕ ਕਰਨ। ਉਨਾਂ ਸੰਬੰਧਿਤ ਐਸਡੀਐਮ ਨੂੰ ਵੀ ਹਦਾਇਤ ਕੀਤੀ ਕਿ ਉਹ ਸਰਹੱਦ ਉੱਤੇ ਇਹਨਾਂ ਪਿੰਡਾਂ ਵਿੱਚ ਗੁਰਦੁਆਰਿਆਂ ਰਾਹੀਂ ਅਨਾਊਂਸਮੈਂਟ ਅਤੇ ਮਨਿਆਦੀ ਕਰਵਾ ਕੇ ਕਿਸਾਨਾਂ ਨੂੰ ਇਸ ਮੌਕੇ ਬਾਰੇ ਜਾਣਕਾਰੀ ਦੇਣ।

[wpadcenter_ad id='4448' align='none']