Wednesday, January 8, 2025

ਨਸ਼ਿਆਂ ਦੇ ਖਾਤਮੇ ਲਈ ਮਿਸ਼ਨ ’ਹੁਸ਼ਿਆਰ’ ਦੀ ਸ਼ੁਰੂਆਤ

Date:

ਨਸ਼ਾ ਵੇਚਣ ਵਾਲਿਆਂ ਖਿਲਾਫ਼ ਹੋਵੇਗੀ ਪੂਰੀ ਸਖਤੀ, ਮਿਸ਼ਨ ’ਹੁਸ਼ਿਆਰ’  ਤਹਿਤ ਹੋਵੇਗੀ ਮਾਸਿਕ ਸਮੀਖਿਆ : ਐਸ.ਐਸ.ਪੀ.

ਹੁਸ਼ਿਆਰਪੁਰ, 7 ਜਨਵਰੀ : ਜ਼ਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਸਾਂਝੇ ਤੌਰ ’ਤੇ ਅੱਜ ਇਥੇ ਮਿਸ਼ਨ ’ਹੁਸ਼ਿਆਰ’ ਦੀ ਸ਼ੁਰੂਆਤ ਕਰਦਿਆਂ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਰਾਹੀਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਵਸਨੀਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਨਸ਼ਿਆਂ ਖਿਲਾਫ਼ ਸਾਂਝੇ ਯਤਨਾਂ ਦੀ ਅਪੀਲ ਕੀਤੀ ਤਾਂ ਜੋ ਇਸ ਸਮਾਜਿਕ ਬੁਰਾਈ ਨੂੰ ਮੁਕੰਮਲ ਤੌਰ ’ਤੇ ਖਤਮ ਕੀਤਾ ਜਾ ਸਕੇ।

          ਸਥਾਨਕ ਸਿਟੀ ਸੈਂਟਰ ਵਿਖੇ ਹੁਸ਼ਿਆਰਪੁਰ ਬਲਾਕ-1 ਅਤੇ 2 ਦੀਆਂ 300 ਪੰਚਾਇਤਾਂ ਅਤੇ ਨੁਮਾਇੰਦਿਆਂ ਦੀ ਭਰਵੀਂ ਮੌਜੂਦਗੀ ਦੌਰਾਨ ਪ੍ਰਸ਼ਾਸਨ ਵਲੋਂ ਅਪੀਲ ਕੀਤੀ ਗਈ ਕਿ ਜਿਨ੍ਹਾਂ ਖੇਤਰਾਂ ਵਿਚ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਜ਼ਿਲ੍ਹਾ ਪੁਲਿਸ ਦੇ  ਹੈਲਪਲਾਈਨ  ਨੰਬਰ 95016-60318 ਜਾਂ ਕੰਟਰੋਲ ਰੂਮ 01882-247506, 75290-30100 ਜਾਂ ਸੇਫ ਪੰਜਾਬ ਐਂਟੀ ਡਰੱਗ ਹੈਲਪਲਾਈਨ ਨੰਬਰ 97791-00200 ’ਤੇ ਦਿੱਤੀ ਜਾਵੇ ਤਾਂ ਜੋ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ. ਸੁਰੇਂਦਰ ਲਾਂਬਾ ਨੇ ਆਈਆਂ ਪੰਚਾਇਤਾਂ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਵਲੋਂ ਨਸ਼ਾ ਸਮੱਗਲਰਾਂ ਜਾਂ ਨਸ਼ਾ ਵੇਚਣ ਵਾਲਿਆਂ ਖਿਲਾਫ਼ ਦਿੱਤੀ ਹਰ ਇਕ ਜਾਣਕਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਦਿਆਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

          ਐਸ.ਐਸ.ਪੀ. ਸੁਰੇਂਦਰ ਲਾਂਬਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਇਹ ਉਪਰਾਲਾ ਕਰਦਿਆਂ ਲੋਕਾਂ ਨਾਲ ਸਿੱਧਾ ਰਾਬਤਾ ਕਰਕੇ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿੰਮ ਨੂੰ ਹੋਰ ਤੇਜ਼ ਕਰਨਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪ੍ਰਸ਼ਾਸਨ, ਪੰਚਾਇਤਾਂ ਅਤੇ ਵਸਨੀਕਾਂ ਦੇ ਸਾਂਝੇ ਯਤਨਾਂ ਨਾਲ ਇਸ ਸਮੱਸਿਆ ਦਾ ਖਾਤਮਾ ਸੰਭਵ ਹੈ ਜਿਸ ਲਈ ਸਾਰਿਆਂ ਨੂੰ ਰਲ਼ਕੇ ਇਕ-ਦੂਜੇ ਦੇ ਸਹਿਯੋਗ ਨਾਲ ਅਸਰਦਾਰ ਕਦਮ ਚੁੱਕਣੇ ਚਾਹੀਦੇ ਹਨ।

          ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਪੰਚਾਇਤਾਂ ਦਾ ਨਸ਼ਿਆਂ ਦੀ ਬੁਰਾਈ ਖਿਲਾਫ਼ ਇਕਜੁੱਟ ਹੋਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਪੰਚਾਇਤਾਂ ਵਲੋਂ ਨਸ਼ਿਆਂ ਦੇ ਮੁਕੰਮਲ ਸਫ਼ਾਏ ਲਈ ਪੁਰਜ਼ੋਰ ਉਪਰਾਲੇ ਕਰਨੇ ਚਾਹੀਦੇ ਹਨ ਜਿਸ ਨਾਲ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕਿਆ ਜਾ ਸਕੇ।ਉਨ੍ਹਾਂ ਕਿਹਾ ਕਿ ਇਸ ਅਲਾਮਤ ਦੇ ਪੂਰਨ ਖਾਤਮੇ ਲਈ ਪੰਚਾਇਤਾਂ ਅਹਿਮ ਯੋਗਦਾਨ ਪਾ ਸਕਦੀਆਂ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਜਲਦ ਹੀ ਇਕ ਨੀਤੀ ਤਿਆਰ ਕੀਤੀ ਜਾ ਰਹੀ ਹੈ ਜੋ ਇਨ੍ਹਾਂ ਯਤਨਾਂ ਨੂੰ ਹੋਰ ਸੁਚੱਜੇ ਢੰਗ ਨਾਲ ਲਾਗੂ ਕਰਨ ਵਿਚ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਨਸ਼ਿਆਂ ਦੀ ਵਿਕਰੀ, ਸਮਗਲਿੰਗ ਅਤੇ ਸਪਲਾਈ ਵਿਚ ਲੱਗੇ ਹਨ ਉਨ੍ਹਾਂ ਪ੍ਰਤੀ ਪੂਰੇ ਸੁਚੇਤ ਰਹਿੰਦਿਆਂ ਪਿੰਡਾਂ ਵਿਚ ਪੂਰੀ ਚੌਕਸੀ ਰੱਖੀ ਜਾਵੇ ਅਤੇ ਨਸ਼ਿਆਂ ਤੋਂ ਪੀੜਤ ਨੌਜਵਾਨਾਂ ਅਤੇ ਵਿਅਕਤੀਆਂ ਦੇ ਇਲਾਜ ਲਈ ਢੁਕਵੇਂ ਕਦਮ ਚੁੱਕੇ ਜਾਣਾ ਸਮੇਂ ਦੀ ਮੁੱਖ ਮੰਗ ਹੇ। ਉਨ੍ਹਾਂ ਕਿਹਾ ਕਿ ਲੋਕ ਸਹਿਯੋਗ ਅਤੇ ਸਮਰਪਿਤ ਭਾਵਨਾ ਨਾਲ ਨਸ਼ਿਆਂ ਦਾ ਖਾਤਮਾ ਪੂਰੀ ਤਰ੍ਹਾਂ ਸੰਭਵ ਹੈ।

          ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਮਿਸ਼ਨ ’ਹੁਸ਼ਿਆਰ’ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮਾਜਿਕ ਬੁਰਾਈਆ ਖਾਸਕਰ ਨਸ਼ਿਆਂ ਦੇ ਸਫ਼ਾਏ ਲਈ ਪੰਚਾਇਤਾਂ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀਆ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਅਤੇ ਵੇਚਣ ਵਾਲਿਆਂ ਦੀ ਕਿਸੇ ਪੱਖੋਂ ਵੀ ਕੋਈ ਮਦਦ ਨਹੀਂ ਕੀਤੀ ਜਾਣੀ ਚਾਹੀਦੀ ਤਾਂ ਜੋ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਹੀ ਸਬਕ ਮਿਲ ਸਕੇ। ਉਨ੍ਹਾਂ ਭਰੋਸਾ ਦਿੱਤਾ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ ਅਤੇ ਨਸ਼ਿਆਂ ਦੇ ਖਾਤਮੇ ਲਈ ਹਰ ਕਦਮ ਚੁੱਕਣ ਲਈ ਵਚਨਬੱਧ ਹੈ।

          ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਔਰਤਾਂ ਤੋਂ ਨਸ਼ਿਆਂ ਖਿਲਾਫ਼ ਮਿਸ਼ਨ ਵਿਚ ਸਾਰਥਿਕ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਪਹਿਰੇ ਲਾਉਂਦਿਆਂ ਨਸ਼ਾ ਸਮਗਲਰਾਂ ਅਤੇ ਵੇਚਣ ਵਾਲਿਆਂ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਗ੍ਰਿਫਤ ਵਿਚ ਆ ਚੁੱਕੇ ਵਿਅਕਤੀਆਂ ਖਾਸਕਰ ਨੌਜਵਾਨਾਂ ਨਾਲ ਸਬੰਧਤ ਪਰਿਵਾਰਾਂ ਨੂੰ ਵੱਧ ਤੋਂ ਵੱਧ ਰਾਬਤਾ ਕਰਕੇ ਨਸ਼ਿਆਂ ਤੋਂ ਮੁਕਤੀ ਲਈ ਸੇਧ ਦੇਣੀ ਚਾਹੀਦੀ ਹੈ ਤਾਂ ਜੋ ਉਹ ਮੁੜ ਸਿਹਤਮੰਦ ਜੀਵਨ ਵਿਚ ਅੱਗੇ ਵੱਧ ਸਕਣ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਜਾਣਕਾਰੀ ਮਿਲਣ ’ਤੇ ਹਰ ਸੰਭਵ ਮਦਦ ਲਈ ਪੂਰੀ ਤਰ੍ਹਾਂ ਤਿਆਰ ਹੈ।

          ਐਸ.ਐਸ.ਪੀ. ਸੁਰੇਂਦਰ ਲਾਂਬਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਪੰਚਾਇਤਾਂ ਨੂੰ ਹਰ ਲੋੜੀਂਦਾ ਸਹਿਯੋਗ ਦਿੰਦਾ ਹੋਇਆ ਨਸ਼ਿਆਂ ਖਿਲਾਫ਼ ਬਣਦੀ ਕਾਰਵਾਈ ਕਰੇਗਾ ਅਤੇ ਪਿੰਡਾਂ ਵਿਚ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਵੀ ਪੂਰਾ ਸਾਥ ਦੇਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਜੰਗ ਲੋਕ ਸਹਿਯੋਗ ਤੋਂ ਬਿਨਾ ਜਿੱਤਣੀ ਅਸੰਭਵ ਹੈ ਜਿਸ ਲਈ ਲੋਕਾਂ ਨੂੰ ਇਸ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਵਲੋਂ ਜਾਰੀ ਨੰਬਰਾਂ ਰਾਹੀਂ ਦਿੱਤੀ ਜਾਣੀ ਚਾਹੀਦੀ ਹੈ। ਬੁਲਾਰਿਆ ਨੇ ਨਸ਼ਿਆਂ ਦੀ ਰੋਕਥਾਮ, ਨਸ਼ਾ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਅਤੇ ਨਸ਼ਿਆਂ ਦੇ ਪ੍ਰਭਾਵ ਹੇਠ ਆ ਚੁੱਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਦਾ ਮੁੜ ਵਸੇਬਾ ਕਰਵਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

          ਇਸ ਮੌਕੇ ਪਿੰਡ ਭਾਗੋਵਾਲ ਦੇ ਸਰਪੰਚ ਅਮਰਜੀਤ ਸਿੰਘ, ਪਿੰਡ ਡਾਡਾ ਦੇ ਸਰਪੰਚ ਸੁਰਿੰਦਰ ਕੁਮਾਰ, ਪਿੰਡ ਗੀਗਨਵਾਲ ਦੇ ਸਰਪੰਚ ਰਣਬੀਰ ਸਿੰਘ, ਪਿੰਡ ਸਾਂਧਰਾ ਦੇ ਸਰਪੰਚ ਜਸਵਿੰਦਰ ਸਿੰਘ, ਪਿੰਡ ਨੰਗਲ ਸ਼ਹੀਦਾਂ ਦੀ ਸਰਪੰਚ ਸਰਬਜੀਤ ਕੌਰ, ਪਿੰਡ ਬਸੀ ਮੁਸਤਫਾ ਤੋਂ ਪ੍ਰਿਤਪਾਲ ਸਿੰਘ ਆਦਿ ਨੇ ਵੀ ਨਸ਼ਿਆਂ ਦੀ ਰੋਕਥਾਮ ਬਾਰੇ ਅਹਿਮ ਵਿਚਾਰ ਰੱਖੇ। ਪ੍ਰੋਗਰਾਮ ਦੌਰਾਨ ਹਾਜ਼ਰ ਪੰਚਾਇਤਾਂ ਅਤੇ ਨੁਮਾਇੰਦਿਆਂ ਨੇ ਨਸ਼ਿਆਂ ਦਾ ਖਾਤਮਾ ਕਰਵਾਉਣ ਦਾ ਪ੍ਰਣ ਲਿਆ। ਪ੍ਰੋਗਰਾਮ ਦੌਰਾਨ ਰੰਗਮੰਚ ਦੇ ਅਦਾਕਾਰ ਅਸ਼ੋਕ ਪੁਰੀ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ’ਤੇ ਆਧਾਰਤ ’ਮੈਂ ਪੰਜਾਬ ਬੋਲਦਾਂ ਹਾਂ’ ਦੀ ਪੇਸ਼ਕਾਰੀ ਕੀਤੀ ਗਈ।  

ਐਸ.ਪੀ. ਸਰਬਜੀਤ ਸਿੰਘ ਬਾਹੀਆ, ਐਸ.ਡੀ.ਐਮ. ਸੰਜੀਵ ਸ਼ਰਮਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related