Friday, December 27, 2024

ਖੇਤੀਬਾੜੀ, ਰਿਹਾਇਸ਼ੀ ਅਤੇ ਵਪਾਰਕ ਖਪਤਕਾਰਾਂ ਲਈ ਲੋਡ ਵਧਾਉਣ ਦੀਆਂ ਦਰਾਂ ਘਟਾ ਕੇ ਅੱਧੀਆਂ ਕੀਤੀਆਂ—ਗੁਰਮੀਤ ਸਿੰਘ ਖੁੱਡੀਆਂ

Date:

ਸ੍ਰੀ ਮੁਕਤਸਰ ਸਾਹਿਬ, 12 ਮਾਰਚ
ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਗੁਰਮੀਤ ਸਿੰਘ ਖੂੱਡੀਆਂ ਨੇ ਆਖਿਆ ਹੈ ਕਿ ਸਮਾਜ ਦੇ ਹਰ ਵਰਗ ਨੂੰ ਸਹੂਲਤਾਂ ਦੇਣ ਲਈ ਆਪਣੀਆਂ ਕੋਸਿ਼ਸ਼ਾਂ ਜਾਰੀ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਨੇ ਟਿਊਬਵੈੱਲ, ਵਪਾਰਕ ਅਤੇ ਰਿਹਾਇਸ਼ੀ ਬਿਜਲੀ ਕੁਨੈਕਸ਼ਨਾਂ ਲਈ ਸਵੈ—ਇੱਛਤ ਖੁਲਾਸਾ ਯੋਜਨਾ (ਵੀ.ਡੀ.ਐਸ.) ਸ਼ੁਰੂ ਕਰਕੇ ਰਾਜ ਦੇ ਲੋਕਾਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਸਕੀਮ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।
ਖੇਤੀਬਾੜੀ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਇਹ ਸਕੀਮਾਂ ਖੇਤੀਬਾੜੀ, ਰਿਹਾਇਸ਼ੀ ਅਤੇ ਵਪਾਰਕ ਬਿਜਲੀ ਕੁਨੈਕਸ਼ਨ ਰੱਖਣ ਵਾਲੇ ਖਪਤਕਾਰਾਂ ਲਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਇਸ ਸਬੰਧੀ ਵਿਸੇਸ਼ ਮੰਗ ਸੀ ਅਤੇ ਸਰਕਾਰ ਨੇ ਕਿਸਾਨਾਂ ਹਿੱਤਾਂ ਵਿਚ ਇਹ ਫੈਸਲਾ ਕੀਤਾ ਹੈ।ਉਨ੍ਹਾਂ  ਕਿਹਾ ਕਿ ਖੇਤੀ ਕੁਨੈਕਸ਼ਨ ਵਾਲੇ ਖਪਤਕਾਰ ਜੋ ਆਪਣੇ ਟਿਊਬਵੈੱਲ ਕੁਨੈਕਸ਼ਨਾਂ ਦਾ ਲੋਡ ਵਧਾਉਣ ਦੇ ਇੱਛੁਕ ਹਨ, ਉਨ੍ਹਾਂ ਨੂੰ ਹੁਣ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਨਿਰਧਾਰਿਤ 4750 ਰੁਪਏ ਪ੍ਰਤੀ ਹਾਰਸ ਪਾਵਰ ਦੇ ਮੁਕਾਬਲੇ 2500 ਰੁਪਏ ਪ੍ਰਤੀ ਹਾਰਸ ਪਾਵਰ ਦੇ ਤੌਰ ਤੇ ਸਰਵਿਸ ਚਾਰਜਿਜ਼ ਅਦਾ ਕਰਨੇ ਪੈਣਗੇ। ਉਨ੍ਹਾਂ ਨੇ ਕਿਹਾ ਕਿ ਇਸ ਦੀ ਸਕਿਉਰਿਟੀ ਵੀ ਪਹਿਲਾਂ ਦੇ 400 ਰੁਪਏ ਪ੍ਰਤੀ ਹਾਰਸ ਪਾਵਰ ਦੇ ਮੁਕਾਬਲੇ 200 ਰੁਪਏ ਪ੍ਰਤੀ ਹਾਰਸ ਪਾਵਰ ਘਟਾ ਦਿੱਤੀ ਗਈ ਹੈ।
ਖੇਤੀ ਮੰਤਰੀ ਨੇ ਕਿਹਾ ਕਿ ਘਰੇਲੂ ਕੁਨੈਕਸ਼ਨਾਂ ਲਈ ਵੀ ਲੋਡ ਵਧਾਉਣ ਲਈ ਵੀ.ਡੀ.ਐੱਸ. ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਦਰਾਂ ਨੂੰ ਅੱਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ 2 ਕਿਲੋਵਾਟ ਤੱਕ ਲੋਡ ਵਧਾਉਣ ਲਈ ਮੌਜੂਦਾ 450 ਰੁਪਏ ਦੀ ਬਜਾਏ 225 ਰੁਪਏ ਪ੍ਰਤੀ ਕਿਲੋਵਾਟ ਫੀਸ ਲੱਗੇਗੀ। ਉਨ੍ਹਾਂ ਨੇ ਦੱਸਿਆ ਕਿ 2 ਤੋਂ 7 ਕਿਲੋਵਾਟ ਤੱਕ ਲੋਡ ਵਧਾਉਣ ਲਈ ਰੇਟ 1000 ਰੁਪਏ ਤੋਂ ਘਟਾ ਕੇ 500 ਰੁਪਏ ਪ੍ਰਤੀ ਕਿਲੋਵਾਟ ਕਰ ਦਿੱਤਾ ਗਿਆ ਹੈ।  ਇਸੇ ਤਰ੍ਹਾਂ 7 ਤੋਂ 50 ਕਿਲੋਵਾਟ ਲੋਡ ਦੇ ਰੇਟ 1500 ਤੋਂ ਘਟਾ ਕੇ 750 ਰੁਪਏ ਪ੍ਰਤੀ ਕਿਲੋਵਾਟ ਕਰ ਦਿੱਤੇ ਗਏ ਹਨ ਅਤੇ  50 ਤੋਂ 100 ਕੇ.ਵੀ.ਏ. ਲਈ ਮੌਜੂਦਾ 1750 ਰੁਪਏ ਦੀ ਥਾਂ ਹੁਣ 875 ਰੁਪਏ ਕਰ ਦਿੱਤੇ ਗਏ ਹਨ।
ਖੇਤੀ ਮੰਤਰੀ ਨੇ ਹੋਰ ਦੱਸਿਆ ਕਿ ਵਪਾਰਕ ਖਪਤਕਾਰਾਂ ਲਈ ਵੀ.ਡੀ.ਐਸ. ਅਨੁਸਾਰ 7 ਕਿਲੋਵਾਟ ਤੱਕ ਲੋਡ ਵਧਾਉਣ ਦੀ ਦਰ 1000 ਰੁਪਏ ਪ੍ਰਤੀ ਕਿਲੋਵਾਟ ਤੋਂ ਘਟਾ ਕੇ 500 ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 7 ਤੋਂ 20 ਕਿਲੋਵਾਟ ਤੱਕ ਲੋਡ ਵਧਾਉਣ ਲਈ ਫੀਸ 1600 ਰੁਪਏ ਤੋਂ ਘਟਾ ਕੇ 800 ਰੁਪਏ ਅਤੇ 20 ਕਿਲੋਵਾਟ ਤੋਂ 50 ਕਿਲੋਵਾਟ ਲਈ ਮੌਜੂਦਾ 1600 ਰੁਪਏ ਪ੍ਰਤੀ ਕਿਲੋਵਾਟ ਤੋਂ ਘਟਾ ਕੇ 800 ਰੁਪਏ ਪ੍ਰਤੀ ਕਿਲੋਵਾਟ ਕਰ ਦਿੱਤੇ ਗਏ ਹਨ। ਗੁਰਮੀਤ ਸਿੰਘ ਖੁੱਡੀਆਂ  ਨੇ ਖੇਤੀਬਾੜੀ, ਰਿਹਾਇਸ਼ੀ ਅਤੇ ਵਪਾਰਕ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਲੋਡ ਵਧਾਉਣ ਲਈ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਕੋਲ ਅਪਲਾਈ ਕਰਨ।

Share post:

Subscribe

spot_imgspot_img

Popular

More like this
Related