ਚੰਡੀਗੜ੍ਹ, 14 ਜੂਨ
ਜੰਗਲਾਤ ਕਰਮਚਾਰੀ ਵਿਭਾਗ ਦਾ ਬਹੁਤ ਹੀ ਅਹਿਮ ਹਿੱਸਾ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਉਨ੍ਹਾਂ ਦੀ ਭਲਾਈ ਨੂੰ ਹਮੇਸ਼ਾ ਤਰਜੀਹ ਦਿੰਦੀ ਹੈ। ਇਹ ਵਿਚਾਰ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਸੈਕਟਰ 68 ਸਥਿਤ ਜੰਗਲਾਤ ਕੰਪਲੈਕਸ ਵਿਖੇ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਪ੍ਰਗਟ ਕੀਤੇ।
ਮੰਤਰੀ ਨੇ ਯੂਨੀਅਨ ਵੱਲੋਂ ਰੱਖੀਆਂ ਵੱਖ-ਵੱਖ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ। ਯੂਨੀਅਨ ਵੱਲੋਂ ਰੱਖੀਆਂ ਮੰਗਾਂ ਵਿੱਚ ਸੀਨੀਆਰਤਾ ਸੂਚੀਆਂ ਨੂੰ ਅੱਪਡੇਟ ਕਰਨ, ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਦਿਹਾੜੀ ਦੇ ਆਧਾਰ ‘ਤੇ ਰੋਜ਼ਗਾਰ ਦੇਣ, ਗਰਮੀਆਂ ਤੇ ਸਰਦੀਆਂ ਦੇ ਮੌਸਮ ਲਈ ਵਰਦੀਆਂ, ਮੁੱਢਲੀ ਸਹਾਇਤਾ ਦੀ ਸਹੂਲਤ, ਢੁਕਵੇਂ ਸਾਜ਼ੋ-ਸਾਮਾਨ ਅਤੇ ਐਡਹਾਕ ਮੁਲਾਜ਼ਮਾਂ ਨੂੰ ਹਰ ਮਹੀਨੇ ਦੀ 5 ਤਰੀਕ ਤੱਕ ਤਨਖ਼ਾਹ ਦੇਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰਨ ਸਬੰਧੀ ਮੰਗਾਂ ਸ਼ਾਮਲ ਸਨ।
ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਸੂਬੇ ਭਰ ਵਿੱਚ ਜੰਗਲਾਤ ਵਿਭਾਗ ਦੀਆਂ ਨਰਸਰੀਆਂ ਵਿੱਚ ਪਖਾਨੇ ਬਣਾਏ ਜਾ ਰਹੇ ਹਨ ਤਾਂ ਜੋ ਉੱਥੇ ਕੰਮ ਕਰਦੇ ਕਾਮਿਆਂ ਖਾਸ ਕਰਕੇ ਮਹਿਲਾਵਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਸ੍ਰੀ ਕਟਾਰੂਚਕ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੇ ਇੱਕ ਸਾਲ ਦੌਰਾਨ ਸੂਬੇ ਦੇ ਨੌਜਵਾਨਾਂ ਨੂੰ 29000 ਨੌਕਰੀਆਂ ਪ੍ਰਦਾਨ ਕੀਤੀਆਂ ਹਨ ਜੋ ਕਿ ਸਰਕਾਰ ਵੱਲੋਂ ਅਪਣਾਈ ਜਾ ਰਹੀ ਲੋਕ ਪੱਖੀ ਪਹੁੰਚ ਦਾ ਪ੍ਰਤੱਖ ਪ੍ਰਮਾਣ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਕਮਿਸ਼ਨਰ (ਜੰਗਲਾਤ) ਵਿਕਾਸ ਗਰਗ ਅਤੇ ਪੀ.ਸੀ.ਸੀ.ਐਫ. ਆਰ.ਕੇ. ਮਿਸ਼ਰਾ ਸ਼ਾਮਲ ਸਨ।
ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਨੇ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਮੁਲਾਕਾਤ
Date: