ਫਾਜ਼ਿਲਕਾ 24 ਜਨਵਰੀ
ਵਿਦਿਆਰਥੀ ਵਰਗ ਨੂੰ ਸਿਹਤ ਪੱਖੋਂ ਤੰਦਰੁਸਤ ਬਣਾਉਣ ਲਈ ਜਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਜੋਤੀ ਫਾਊਂਡੇਸ਼ਨ ਦੇ ਨਾਲ ਮਿਲਕੇ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜੋਤੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੈਂਪ ਲਗਾ ਕੇ ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਸਿੰਘ ਗੋਲਡੀ ਕੰਬੋਜ ਅਤੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਸਰਕਾਰੀ ਸਕੂਲ ਬੱਘੇ ਕੇ ਉਤਾੜ ਵਿਖੇ ਵਿਦਿਆਰਥੀਆਂ/ਵਿਦਿਆਰਥਣਾਂ ਨੂੰ ਐਨਕਾਂ ਵੰਡੀਆਂ ਗਈਆਂ।ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਸੂਬੇ ਦੇ ਲੋਕਾਂ ਅਤੇ ਲੋੜਵੰਦਾਂ ਦੀ ਭਲਾਈ ਲਈ ਸਿਰਤੋੜ ਯਤਨ ਕਰ ਰਹੀ ਹੈ ਤੇ ਲਗਾਤਾਰ ਸਿਹਤ ਸੁਵਿਧਾਵਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਜੋਤੀ ਫਾਊਂਡੇਸ਼ਨ ਵੱਲੋਂ ਨੇਤਰਹੀਣਾਂ ਦਾ ਇਲਾਜ ਕਰਵਾਉਣਾ ਜਾਂ ਅੱਖਾਂ ਦੀਆਂ ਐਨਕਾਂ ਮੁਹੱਈਆਂ ਕਰਵਾਉਣ ਦੇ ਕੀਤੇ ਜਾ ਰਹੇ ਕਾਰਜ ਦੀ ਸ਼ਲਾਘਾ ਕੀਤੀ ਤੇ ਸਰਕਾਰ ਵੱਲੋਂ ਇਸ ਕਾਰਜ ਲਈ ਦਿੱਤੇ ਜਾ ਰਹੇ ਫੰਡਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ।ਵਿਧਾਇਕ ਜਲਾਲਾਬਾਦ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਕਿਹਾ ਕਿ ਜੋਤੀ ਫਾਊਂਡੇਸ਼ਨ ਵੱਲੋਂ ਨੇਤਰਹੀਣਾਂ ਦੀ ਭਾਲ ਕਰਕੇ ਅੱਖਾਂ ਦੀ ਰੌਸ਼ਨੀ ਚੈੱਕ ਕਰਕੇ ਮੁਫ਼ਤ ਐਨਕਾਂ ਲਗਾਈਆਂ ਜਾਂਦੀਆਂ ਹਨ ਤੇ ਉਨ੍ਹਾਂ ਦਾ ਇਲਾਜ ਵੀ ਕਰਵਾਇਆ ਜਾਂਦਾ ਹੈ ਜੋ ਕਿ ਬਹੁਤ ਹੀ ਨੇਕ ਤੇ ਭਲੇ ਵਾਲਾ ਕਾਰਜ ਹੈ। ਉਨ੍ਹਾਂ ਕਿਹਾ ਕਿ ਜੋਤੀ ਫਾਊਂਡੇਸ਼ਨ ਦੇ ਇਸ ਉਪਰਾਲੇ ਸਦਕਾ ਅਨੇਕਾਂ ਹੀ ਨੇਤਰਹੀਣ ਦਾ ਜੀਵਨ ਰੌਸ਼ਨਾਇਆ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਲੋੜਵੰਦਾਂ ਨੂੰ ਮੁੱਢਲੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵਰਗ ਜੋ ਕਿ ਸਾਡਾ ਭਵਿੱਖ ਹੈ ਤੇ ਸਾਡਾ ਭਵਿੱਖ ਹਰੇਕ ਪੱਖੋਂ ਤੰਦਰੁਸਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਕਾਰਨ ਬੱਚਿਆਂ ਨੂੰ ਆਪਣੀ ਪੜ੍ਹਾਈ ਤੇ ਰੋਜ਼ਮਰਾ ਦੀਆਂ ਗਤੀਵਿਧੀਆਂ ਨੂੰ ਕਰਨ ਵਿਚ ਮੁਸ਼ਕਲ ਪੇਸ਼ ਨਾ ਆਵੇ, ਇਸ ਲਈ ਸੰਸਥਾਵਾਂ ਦੇ ਨਾਲ ਮਿਲਕੇ ਲਗਾਤਾਰ ਕੈਂਪਾਂ ਰਾਹੀਂ ਲੋੜਵੰਦਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਇਸ ਮੌਕੇ ਸਰਕਾਰੀ ਸਕੂਲ ਬੱਘੇ ਕੇ ਉਤਾੜ ਦੇ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਸਿਖਿਆ ਅਫਸਰ ਸ੍ਰੀ ਦੌਲਤ ਰਾਮ, ਉਪ ਜ਼ਿਲ੍ਹਾ ਸਿਖਿਆ ਅਫਸਰ ਸ੍ਰੀ ਪੰਕਜ ਅੰਗੀ ਤੋਂ ਇਲਾਵਾ ਜਯੋਤੀ ਫਾਉਂਡੇਸ਼ਨ ਦੇ ਮੈਂਬਰ ਅਤੇ ਹੋਰ ਸਟਾਫ ਮੌਜੂਦ ਸੀ।