ਅੰਮ੍ਰਿਤਸਰ 26 ਦਸੰਬਰ 2023–
ਪੰਜਾਬ ਸਰਕਾਰ ਦੁਆਰਾ ਲੋਕਾਂ ਨੂੰ ਪੀ.ਡੀ.ਐਸ. ਵਿੱਚ ਵੰਡੀ ਜਾ ਰਹੀ ਕਣਕ ਦੀ ਜਗ੍ਹਾ ਘਰ-ਘਰ ਪੈਕਡ ਆਟਾ ਦੇਣ ਦੀ ਸ਼ੁਰੂਆਤ ਕਰਨ ਹਿੱਤ ਮਾਰਕਫੈੱਡ ਵੱਲੋਂ ਜਿਲ੍ਹੇ ਵਿੱਚ 61 ਸਥਾਨਾਂ ਦੀ ਚੋਣ ਕਰਕੇ ਮਾਡਲ ਮਾਡਲ ਫੇਅਰ ਪ੍ਰਾਇਮ ਸ਼ਾਪ (ਐਮ.ਐਫ.ਪੀ.ਐਸ. ) ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਮਾਰਕਫੈੱਡ ਦੁਆਰਾ ਚੱਕੀਆਂ ਨਾਲ ਟੈਂਡਰ ਕੀਤੇ ਗਏ ਹਨ ਜੋ ਕਣਕ ਅਤੇ ਆਟੇ ਦੀ ਪੈਕਿੰਗ 5 ਕਿਲੋ ਗ੍ਰਾਮ ਅਤੇ 10 ਕਿਲੋਗ੍ਰਾਮ ਥੈਲੇ ਵਿੱਚ ਕਰਕੇ, ਐਮ.ਐਫ.ਪੀ.ਐਸ. ਉੱਪਰ ਪਹੁੰਚਾਉਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਇਸ ਕੰਮ ਦੀ ਸ਼ੁਰੂਆਤ ਲਈ ਮਾਰਕਫੈੱਡ ਨੂੰ ਨੋਡਲ ਏਜੰਸੀ ਚੁਣਿਆ ਗਿਆ ਹੈ ਅਤੇ ਇਸ ਮੁਹਿੰਮ ਤਹਿਤ ਕੁਝ ਸਹਿਕਾਰੀ ਸਭਾਵਾਂ ਵਿੱਚ ਚੱਲ ਰਹੇ ਪਹਿਲਾਂ ਤੋਂ ਡਿਪੂ ਅਤੇ ਕੁਝ ਨਵੀਆਂ ਜਗ੍ਹਾ ਉੱਪਰ ਡਿਪੂ ਤਿਆਰ ਕਰਨ ਲਈ ਪੇਂਡੂ ਵਿਕਾਸ ਵਿਭਾਗ ਰਾਹੀਂ 61 ਜਗ੍ਹਾ ਚੁਣੀਆਂ ਗਈਆਂ। ਇਹ ਜਗ੍ਹਾ ਪੰਚਾਇਤਾਂ ਦੁਆਰਾ ਦਿੱਤੀਆਂ ਗਈਆਂ ਜਿਸ ਵਿੱਚ ਕੁਝ ਪੁਰਾਣੀਆਂ ਅਤੇ ਅਣਵਰਤੋਂਯੋਗ ਬਿਲਡਿੰਗਾਂ ਦੀ ਰੈਨੋਵੇਸ਼ਨ ਮਾਰਕਫੈੱਡ ਦੁਆਰਾ ਕਰਵਾਈ ਗਈ ਅਤੇ ਇਨਾਂ ਅੰਦਰ ਟਾਈਲ ਵਰਕ, ਬੂਹੇ-ਖਿੜਕੀਆਂ, ਰੰਗ ਰੋਗਨ ਅਤੇ ਇਲੈਕਟ੍ਰੀਕਲ ਦਾ ਕੰਮ ਕਰਵਾ ਕੇ ਇਨਾਂ ਨੂੰ ਮਾਡਲ ਫੇਅਰ ਪ੍ਰਾਈਮ ਸਾਪ ਐਮ.ਐਫ.ਪੀ.ਐਸ. ਦੇ ਰੂਪ ਵਿੱਚ ਤਿਆਰ ਕੀਤਾ ਗਿਆ। ਇਸ ਲਈ ਪੰਜਾਬ ਨੂੰ ਵੱਖ-ਵੱਖ ਜੋਨਾਂ ਵਿੱਚ ਵੰਡਿਆ ਗਿਆ। ਉਨਾਂ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਜੋਨ-2 ਦਾ ਹਿੱਸਾ ਹੈ। ਇਹਨਾਂ ਐਮ.ਐਫ.ਪੀ.ਐਸ. ਤੋਂ ਵੱਖ-ਵੱਖ ਲਾਭਪਾਤਰੀਆਂ ਨੂੰ ਹਰੇਕ ਮਹੀਨੇ ਮਿਥਿਆ ਕੋਟਾ ਵੰਡਿਆ ਜਾਵੇਗਾ ਅਤੇ ਇਸ ਪੂਰੀ ਵੰਡ ਨੂੰ ਇਲੈਕਟ੍ਰੋਨਿਕ ਸਿਸਟਮ ਰਾਹੀਂ ਨਿੱਰੀਖਣ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਪਰੋਕਤ ਸਾਰਾ ਸਿਸਟਮ ਬਾਇਓਮੀਟ੍ਰਿਕ ਪੀ.ਓ.ਐਸ. ਰਾਹੀਂ ਚਲਾਇਆ ਜਾਵੇਗਾ। ਐਮ.ਐਫ.ਪੀ.ਐਸ. ਦੁਆਰਾ ਵੰਡੇ ਜਾਣ ਵਾਲੇ ਆਟੇ ਅਤੇ ਕਣਕ ਦੀ ਗੁਣਵੱਤਾ ਉੱਪਰ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਹਰੇਕ ਲਾਭਪਾਤਰੀ ਨੂੰ ਪੂਰੀ ਮਾਤਰਾ ਅਤੇ ਉਹ ਕੁਆਲਿਟੀ ਦਾ ਸਟਾਕ ਪ੍ਰਾਪਤ ਹੋਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਮ.ਐਫ.ਪੀ.ਐਸ. ਦੀ ਤਿਆਰੀ ਮਾਰਕਫੈੱਡ ਵਲੋਂ ਸਮੇਂ ਸਿਰ ਪੂਰੀ ਕੀਤੀ ਗਈ ਅਤੇ ਆਪਣੇ ਜਿਲ੍ਹੇ ਦਾ 100 ਫੀਸਦੀ ਟੀਚਾ ਪੂਰਾ ਕੀਤਾ ਗਿਆ। ਪੰਜਾਬ ਸਰਕਾਰ ਦੁਆਰਾ ਬਹੁਤ ਜਲਦੀ ਹੀ ਇਨਾਂ ਐਮ.ਐਫ.ਪੀ.ਐਸ. ਦਾ ਉਦਘਾਟਨ ਕੀਤਾ ਜਾਵੇਗਾ ਅਤੇ ਇਹ ਆਪਣਾ ਕੰਮ ਸ਼ੁਰੂ ਕਰ ਦੇਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਮ.ਐਫ.ਪੀ.ਐਸ. ਅਧੀਨ ਅਟਾਰੀ ਬਲਾਕ ਦੇ ਪਿੰਡ ਭਕਨਾ ਕਲਾਂ, ਮੌਦੇ, ਰਣੀਕੇ, ਅਟਾਰੀ, ਘਰਿੰਡਾ, ਖਾਸਾ, ਬਲਾਕ ਚੋਗਾਵਾਂ ਦੇ ਪਿੰਡ ਕਲੇਰ, ਬਰਾੜ, ਬਲਾਕ ਹਰਸ਼ਾਛੀਨਾ ਦੇ ਕੰਦੋਵਾਲੀ, ਮਹਿਲਾਂਵਾਲਾ, ਬਲਾਕ ਰਈਆ ਦੇ ਚੱਪਣ ਵਾਲੀ, ਭੋਰਸੀ ਬ੍ਰਾਹਮਣਾ, ਬੁੱਢਾ ਥੇਹ, ਬਲਾਕ ਵੇਰਕਾ ਦੇ ਪਿੰਡ ਕੋਟਲਾ ਦੱਲ ਸਿੰਘ, ਢੀਂਗਰਾ ਕਲੋਨੀ, ਬਲਾਕ ਮਜੀਠਾ ਦੇ ਪਿੰਡ ਪਾਖਰਪੁਰਾ, ਕੋਟਲੀ ਢੋਲੇਸ਼ਾਹ, ਮੱਦੀਪੁੱਰ, ਸੋਹੀਆਂ ਕਲਾਂ, ਪੰਧੇਰ ਕਲਾਂ, ਬਲਾਕ ਜੰਡਿਆਲਾ ਦੇ ਬੱਲੀਆਂ ਮੰਝਪੁਰ ਅਤੇ ਮੱਖਣਵਿੰਡ, ਬਲਾਕ ਅਜਨਾਲਾ ਦੇ ਪਿੰਡ ਖੰਨੋਵਾਰ, ਵਛੋਆ, ਨਵਾਂ ਪਿੰਡ, ਬਲਾਕ ਤਰਸਿੱਕਾ ਦੇ ਮੱਤੇਵਾਲ, ਧੂਲਕਾ, ਚੋਗਾਵਾਂ ਅਤੇ ਮੇਸ਼ਮੁਪਰ ਕਲਾਂ ਵਿਖੇ ਮਾਰਕਫੈਡ ਪ੍ਰਾਈਮ ਸ਼ਾਪ ਦਾ ਕੰਮ 100 ਫੀਸਦੀ ਮੁਕੰਮਲ ਹੋ ਚੁੱਕਾ ਹੈ।